AIR ਕੈਨੇਡਾ ਦੀਆਂ ਇਨ੍ਹਾਂ ਉਡਾਣਾਂ 'ਚ ਕੀਤਾ ਹੈ ਸਫਰ, ਤਾਂ ਕੋਰੋਨਾ ਦਾ ਖਤਰਾ
Wednesday, Jul 01, 2020 - 04:56 PM (IST)
ਵਿਨੀਪੈਗ— ਮੈਨੀਟੋਬਾ ਸਰਕਾਰ ਨੇ ਕਿਹਾ ਹੈ ਕਿ ਸੋਮਵਾਰ ਨੂੰ ਐਲਾਨਿਆ ਗਿਆ ਇਕ ਮਾਮਲਾ ਜੂਨ 'ਚ ਤਿੰਨ ਏਅਰ ਕੈਨੇਡਾ ਦੀਆਂ ਉਡਾਣਾਂ 'ਚ ਯਾਤਰੀ ਸੀ, ਜਿਸ ਨਾਲ ਸੰਭਾਵਿਤ ਤੌਰ 'ਤੇ ਹੋਰ ਲੋਕਾਂ ਨੂੰ ਕੋਵਿਡ-19 ਸੰਕਰਮਣ ਹੋਣ ਦਾ ਖਤਰਾ ਹੋ ਸਕਦਾ ਹੈ।
ਸੂਬਾ ਸਰਕਾਰ ਮੁਤਾਬਕ, ਇਹ ਵਿਅਕਤੀ 18 ਜੂਨ ਨੂੰ ਵਿਨੀਪੈਗ ਤੋਂ ਵੈਨਕੂਵਰ ਜਾ ਰਹੀ ਏਅਰ ਕੈਨੇਡਾ ਦੀ ਫਲਾਈਟ ਨੰਬਰ ਏਸੀ-295 ਦਾ ਯਾਤਰੀ ਸੀ ਤੇ 21 ਜੂਨ ਨੂੰ ਵੈਨਕੂਵਰ ਤੋਂ ਟੋਰਾਂਟੋ ਜਾ ਰਹੀ ਫਲਾਈਟ ਨੰਬਰ ਏਸੀ-122 ਅਤੇ 23 ਜੂਨ ਨੂੰ ਟੋਰਾਂਟੋ ਤੋਂ ਵਿਨੀਪੈਗ ਲਈ ਜਾ ਰਹੀ ਫਲਾਈਟ ਨੰਬਰ ਏਸੀ-259 'ਚ ਵੀ ਯਾਤਰੀ ਸੀ।
ਮੈਨੀਟੋਬਾ ਸੂਬੇ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੁਸੀਂ ਫਲਾਈਟ ਨੰਬਰ ਏਸੀ-295 'ਚ 15-19 ਅਤੇ ਏਸੀ-259 'ਚ 35-40 ਦੀ ਕਤਾਰ 'ਚ ਬੈਠ ਕੇ ਸਫਰ ਕੀਤਾ ਹੈ ਤਾਂ ਤੁਹਾਨੂੰ ਕੋਰੋਨਾ ਵਾਇਰਸ ਲੱਛਣਾਂ ਦੀ ਸਵੈ-ਨਿਗਰਾਨੀ ਕਰਨੀ ਚਾਹੀਦੀ ਹੈ ਅਤੇ ਜੇਕਰ ਲੱਛਣ ਵਿਕਸਿਤ ਹੁੰਦੇ ਹਨ ਤਾਂ ਟੈਸਟ ਕਰਵਾਓ।
ਉੱਥੇ ਹੀ, ਸੂਬੇ ਦਾ ਕਹਿਣਾ ਹੈ ਕਿ ਫਲਾਈਟ ਨੰਬਰ ਏਸੀ-122 'ਚ ਸੰਕ੍ਰਮਿਤ ਵਿਅਕਤੀ ਦੀ ਸੀਟ ਦੀ ਜਾਣਕਾਰੀ ਦੀ ਅਜੇ ਪੁਸ਼ਟੀ ਕੀਤੀ ਜਾ ਰਹੀ ਹੈ ਅਤੇ ਪ੍ਰਮਾਣਿਤ ਹੋਣ 'ਤੇ ਸੂਬੇ ਦੀ ਵੈੱਬਸਾਈਟ 'ਤੇ ਅਪਡੇਟ ਕੀਤੀ ਜਾਏਗੀ। ਜਨਤਕ ਸਿਹਤ ਅਧਿਕਾਰੀਆਂ ਨੇ ਹਾਲਾਂਕਿ ਕਿਹਾ ਕਿ ਦੂਜਿਆਂ ਲਈ ਜੋਖਮ ਘੱਟ ਹੈ ਪਰ ਫਿਰ ਵੀ ਇਹ ਸੁਨਿਸ਼ਚਿਤ ਕਰਨ ਲਈ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਲੋਕ ਜਾਗਰੂਕ ਹੋਣ ਅਤੇ ਜੇਕਰ ਲੱਛਣ ਵਿਕਸਿਤ ਹੁੰਦੇ ਹਨ ਤਾਂ ਟੈਸਟ ਕਰਵਾਉਣ ਦੀ ਕੋਸ਼ਿਸ਼ ਕਰਨ।