ਪੋਪ ਦਾ ਇਤਿਹਾਸਿਕ ਇਰਾਕ ਦੌਰਾ ਹੋਇਆ ਖ਼ਤਮ

Monday, Mar 08, 2021 - 05:40 PM (IST)

ਪੋਪ ਦਾ ਇਤਿਹਾਸਿਕ ਇਰਾਕ ਦੌਰਾ ਹੋਇਆ ਖ਼ਤਮ

ਬਗਦਾਦ (ਭਾਸ਼ਾ): ਪੋਪ ਫ੍ਰਾਂਸਿਸ ਦੇ ਇਰਾਕ ਦੇ ਇਤਿਹਾਸਿਕ ਦੌਰੇ ਦੀ ਸੋਮਵਾਰ ਨੂੰ ਸਮਾਪਤੀ ਹੋਈ। ਬਗਦਾਦ ਹਵਾਈ ਅੱਡੇ 'ਤੇ ਪੋਪ ਅਤੇ ਉਹਨਾਂ ਨਾਲ ਆਏ ਵਫਦ ਨੂੰ ਵਿਦਾਈ ਦਿੱਤੀ ਜਾਵੇਗੀ ਅਤੇ ਉੱਥੋਂ ਤੋਂ ਉਹ ਰੋਮ ਰਵਾਨਾ ਹੋਣਗੇ। ਜ਼ਿਕਰਯੋਗ ਹੈ ਕਿ 4 ਦਿਨੀ ਦੌਰੇ 'ਤੇ ਇਰਾਕ ਆਏ ਪੋਪ ਨੇ ਇਸ ਦੌਰਾਨ ਪੰਜ ਸੂਬਿਆਂ ਦਾ ਦੌਰਾ ਕੀਤਾ। ਉਹਨਾਂ ਨੇ ਇਰਾਕ ਦੇ ਲੋਕਾਂ ਨੂੰ ਵਿਭਿੰਨਤਾ ਨੂੰ ਅਪਨਾਉਣ ਦੀ ਅਪੀਲ ਕੀਤੀ। 

PunjabKesari

ਦੱਖਣ ਦੇ ਨਜਫ ਵਿਚ ਉਹਨਾਂ ਨੇ ਸ਼ੀਆ ਭਾਈਚਾਰੇ ਦੇ ਪ੍ਰਭਾਵਸ਼ਾਲੀ ਧਾਰਮਿਕ ਨੇਤਾ ਅਯਾਤੁੱਲਾ ਅਲੀ ਅਲ ਸਿਸਤਾਨੀ ਨਾਲ ਮੁਲਾਕਾਤ ਕੀਤੀ ਅਤੇ ਉੱਤਰ ਦੇ ਨਿਨੇਵੇਹ ਵਿਚ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਨਾਲ ਪੀੜਤ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਮਿਲੇ ਅਤੇ ਉਹਨਾਂ ਦੇ ਦੁਖ ਬਾਰੇ ਜਾਣਿਆ। ਪੋਪ ਜਿੱਥੇ-ਜਿੱਥੇ ਗਏ, ਉੱਥੇ ਉਹਨਾਂ ਦੀ ਝਲਕ ਪਾਉਣ ਲਈ ਭੀੜ ਇਕੱਠੀ ਹੋ ਗਈ। ਇਕ ਸਟੇਡੀਅਮ ਵਿਚ ਕਰੀਬ 10 ਹਜ਼ਾਰ ਲੋਕ ਇਕੱਠੇ ਹੋਏ ਜਿਸ ਨਾਲ ਕੋਰੋਨਾ ਵਾਇਰਸ ਸੰਬੰਧੀ ਚਿੰਤਾਵਾਂ ਵੱਧ ਗਈਆਂ। 

PunjabKesari

ਇਰਾਕ ਦੀ ਯਾਤਰਾ ਦੌਰਾਨ ਪੋਪ ਨੇ 3 ਸਾਲ ਦੇ ਸੀਰੀਆਈ ਐਲਨ ਕੁਰਦੀ ਦੇ ਪਿਤਾ ਅਬਦੁੱਲਾ ਕੁਰਦੀ ਨਾਲ ਵੀ ਮੁਲਾਕਾਤ ਕੀਤੀ। ਉਹਨਾਂ ਦੀ ਮੁਲਾਕਾਤ ਇਰਾਕ ਦੇ ਇਰਬਿਲ ਵਿਚ ਇਕ ਪ੍ਰਾਰਥਨਾ ਸਭਾ ਦੌਰਾਨ ਹੋਈ। ਇੱਥੇ ਦੱਸ ਦਈਏ ਕਿ ਸੀਰੀਆ ਦੇ ਕੋਬਾਨੇ ਦਾ ਰਹਿਣ ਵਾਲਾ ਕੁਰਦੀ ਪਰਿਵਾਰ ਹੋਰ ਲੋਕਾਂ ਨਾਲ ਤੁਰਕੀ ਤੋਂ ਇਕ ਛੋਟੀ ਜਿਹੀ ਕਿਸ਼ਤੀ 'ਤੇ ਸਵਾਰ ਹੋ ਕੇ ਗ੍ਰੀਸ ਜਾ ਰਿਹਾ ਸੀ।

PunjabKesari

ਪੜ੍ਹੋ ਇਹ ਅਹਿਮ ਖਬਰ - ਪ੍ਰਿੰਸ ਹੈਰੀ ਅਤੇ ਮੇਗਨ ਨੇ ਖੋਲ੍ਹੇ ਕਈ ਰਾਜ਼, ਕਿਹਾ- ਸ਼ਾਹੀ ਵਿਆਹ ਤੋਂ 3 ਦਿਨ ਪਹਿਲਾਂ ਹੀ ਕਰਾ ਚੁੱਕੇ ਸੀ ਵਿਆਹ

ਰਸਤੇ ਵਿਚ ਕਿਸ਼ਤੀ ਪਲਟ ਗਈ ਅਤੇ ਇਸ ਹਾਦਸੇ ਵਿਚ 3 ਸਾਲਾ ਐਲਨ ਕੁਰਦੀ ਦੀ ਸਮੁੰਦਰ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ ਸੀ। ਉਸ ਦੀ ਲਾਸ਼ ਸਮੁੰਦਰ ਕਿਨਾਰੇ ਮਿਲੀ ਸੀ, ਜਿਸ ਨਾਲ ਪੂਰੀ ਦੁਨੀਆ ਵਿਚ ਸੋਗ ਦੀ ਲਹਿਰ ਦੌੜ ਗਈ ਸੀ। ਐਲਨ ਦੀ ਮਾਂ ਅਤੇ ਇਕ ਭਰਾ ਦੀ ਵੀ ਇਸ ਹਾਦਸੇ ਵਿਚ ਮੌਤ ਹੋ ਗਈ ਸੀ।

ਨੋਟ- ਪੋਪ ਦਾ ਇਤਿਹਾਸਿਕ ਇਰਾਕ ਦੌਰਾ ਹੋਇਆ ਖ਼ਤਮ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News