ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵਿਚਾਲੇ ਦੀ ਸਿਆਸੀ ਲੜਾਈ ਪਈ ਸ਼੍ਰੀਲੰਕਾ ਨੂੰ ਮਹਿੰਗੀ: ਸ਼੍ਰੀਲੰਕਾਈ ਮੀਡੀਆ

04/23/2019 9:10:09 PM

ਕੋਲੰਬੋ— ਸ਼੍ਰੀਲੰਕਾ ਦੇ ਰਾਸ਼ਟਰਪਤੀ ਮੈਤ੍ਰੀਪਾਲਾ ਸਿਰੀਸੇਨਾ ਤੇ ਪ੍ਰਧਾਨ ਮੰਤਰੀ ਵਿਕਰਮਸਿੰਘੇ ਦੇ ਵਿਚਾਲੇ ਸਿਆਸੀ ਲੜਾਈ ਦੇ ਚੱਲਦੇ ਸੁਰੱਖਿਆ 'ਚ ਵੱਡੀ ਗਲਤੀ ਹੋਈ, ਜਿਸ ਕਾਰਨ ਇਕ ਕੱਟੜਪੰਥੀ ਇਸਲਾਮੀ ਸੰਗਠਨ ਨੇ ਬੀਤੇ ਐਤਵਾਰ ਨੂੰ ਦੇਸ਼ ਦੇ ਸਭ ਤੋਂ ਭਿਆਨਕ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ। ਸ਼੍ਰੀਲੰਕਾਈ ਮੀਡੀਆ ਤੇ ਮੰਤਰੀਆਂ ਨੇ ਇਹ ਕਿਹਾ ਹੈ। ਸ਼੍ਰੀਲੰਕਾਈ ਮੀਡੀਆ ਤੇ ਕੁਝ ਮੰਤਰੀਆਂ ਸਿਰੀਸੇਨਾ ਤੇ ਵਿਕਰਮਸਿੰਘੇ ਦੇ ਵਿਚਾਲੇ ਦਰਾਰ ਦੀ ਨਿੰਦਾ ਕੀਤੀ ਹੈ।

ਅਸਲ 'ਚ ਇਹ ਗੱਲ ਉਭਰ ਕੇ ਆਈ ਹੈ ਕਿ ਅਧਿਕਾਰੀਆਂ ਨੂੰ ਜਿਹਾਦੀ ਸੰਗਠਨ ਨੈਸ਼ਨਲ ਤੌਹੀਦ ਜਮਾਤ ਵਲੋਂ ਸੰਭਾਵਿਤ ਹਮਲੇ ਬਾਰੇ ਭਾਰਤ ਤੇ ਅਮਰੀਕਾ ਵਲੋਂ ਖੂਫੀਆ ਸੂਚਨਾ ਮਿਲੀ ਸੀ। ਜ਼ਿਕਰਯੋਗ ਹੈ ਕਿ ਸ਼ੱਕੀ ਐੱਨ.ਟੀ.ਜੇ. ਹਮਲਾਵਰਾਂ ਨੇ ਈਸਟਰ ਦੇ ਦਿਨ ਕੈਥੋਲਿਕ ਚਰਚ ਤੇ ਲਗਜ਼ਰੀ ਹੋਟਲਾਂ 'ਚ ਲੜੀਵਾਰ ਬੰਬ ਧਮਾਕੇ ਕੀਤੇ ਸਨ, ਜਿਨ੍ਹਾਂ 'ਚ ਘੱਟ ਤੋਂ ਘੱਟ 321 ਲੋਕ ਮਾਰੇ ਗਏ ਤੇ ਕਰੀਬ 500 ਹੋਲ ਜ਼ਖਮੀ ਹੋ ਗਏ। ਇਨ੍ਹਾਂ ਹਮਲਿਆਂ 'ਚ ਸ਼੍ਰੀਲੰਕਾ ਦੇ ਦਹਿਲਣ ਤੋਂ ਬਾਅਦ ਦੇਸ਼ ਦੇ ਕੈਬਨਿਟ ਬੁਲਾਰੇ ਰਜੀਤਾ ਸੇਨਾਰਤਨੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਿਕਰਮਸਿੰਘੇ ਤੇ ਕੈਬਨਿਟ ਨੂੰ ਖੂਫੀਆ ਸੂਚਨਾ ਤੇ ਅੱਤਵਾਦੀ ਖਤਰੇ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਪਿਛਲੇ ਸਾਲ ਦੇ ਸੰਵਿਧਾਨਿਕ ਸੰਕਟ ਤੋਂ ਬਾਅਦ ਤੋਂ ਸ਼੍ਰੀਲੰਕਾ 'ਚ ਸਿਆਸੀ ਲੜਾਈ ਜਾਰੀ ਹੈ। ਉਸ ਵੇਲੇ ਰਾਸ਼ਟਰਪਤੀ ਸਿਰੀਸੇਨਾ ਨੇ ਪ੍ਰਧਾਨ ਮੰਤਰੀ ਵਿਕਰਮਸਿੰਘੇ ਨੂੰ ਬਰਖਾਸਤ ਕਰ ਦਿੱਤਾ ਸੀ। ਵਿਕਰਮਸਿੰਘੇ ਨੂੰ ਸੁਪਰੀਮ ਕੋਰਟ ਦੀ ਦਖਲ ਤੋਂ ਬਾਅਦ ਬਹਾਲ ਕਰ ਦਿੱਤਾ ਗਿਆ ਸੀ। 

'ਦ ਆਈਲੈਂਡ' ਅਖਬਾਰ ਨੇ ਮੰਗਲਵਾਰ ਨੂੰ ਆਪਣੇ ਸੰਪਾਦਕੀ 'ਚ ਕਿਹਾ ਕਿ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਯੂਨਾਈਟਡ ਨੈਸ਼ਨਲ ਪਾਰਟੀ ਰਾਸ਼ਟਰੀ ਮਹੱਤਵ ਦੇ ਮੁੱਦੇ 'ਤੇ ਇਕ ਦੂਜੇ ਦਾ ਵਿਰੋਧ ਕਰ ਰਹੇ ਹਨ। ਇਸ 'ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਸਿਰੀਸੇਨਾ ਅੱਤਵਾਦੀ ਹਮਲੇ ਵੇਲੇ ਇਕ ਨਿੱਜੀ ਵਿਦੇਸ਼ ਯਾਤਰਾ 'ਤੇ ਸਨ। ਉਹ ਰੱਖਿਆ ਮੰਤਰੀ ਵੀ ਹਨ। ਸਰਕਾਰ ਦੇ ਬੁਲਾਰੇ ਸੇਨਾਰਤਨੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਿਕਰਮਸਿੰਘੇ ਨੂੰ ਦਸੰਬਰ 'ਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਤੋਂ ਹਟਾ ਦਿੱਤਾ ਗਿਆ ਸੀ।


Baljit Singh

Content Editor

Related News