ਪਾਕਿਸਤਾਨ ''ਚ ਪੋਲੀਓ ਟੀਮ ਦੀ ਸੁਰੱਖਿਆ ਕਰ ਰਹੇ ਪੁਲਸ ਮੁਲਾਜ਼ਮ ਦੀ ਹਮਲੇ ''ਚ ਮੌਤ
Wednesday, Jan 26, 2022 - 06:18 PM (IST)
ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਦੇ ਉੱਤਰ-ਪੱਛਮੀ ਖੈਬਰ ਪਖਤੂਨਖਵਾ ਸੂਬੇ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਪੋਲੀਓ ਕਾਰਕੁਨਾਂ ਦੇ ਇਕ ਸਮੂਹ ਦੀ ਸੁਰੱਖਿਆ ਕਰ ਰਹੇ ਇਕ ਪੁਲਸ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਅਣਪਛਾਤੇ ਬੰਦੂਕਧਾਰੀਆਂ ਨੇ ਕੋਹਾਟ ਜ਼ਿਲ੍ਹੇ ਦੇ ਜਰਮਾ ਇਲਾਕੇ 'ਚ ਪੋਲੀਓ ਟੀਮ ਦੀ ਸੁਰੱਖਿਆ ਕਰ ਰਹੇ ਇਕ ਪੁਲਸ ਕਰਮਚਾਰੀ ਨੂੰ ਨਿਸ਼ਾਨਾ ਬਣਾਇਆ।
ਗੋਲੀ ਲੱਗਣ ਕਾਰਨ ਕਾਂਸਟੇਬਲ ਦੀ ਮੌਤ ਹੋ ਗਈ, ਜਦਕਿ ਹਮਲਾਵਰ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ। ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਾਕਿਸਤਾਨ ਵਿਚ ਪੋਲੀਓ ਸਿਹਤ ਕਰਮਚਾਰੀਆਂ 'ਤੇ ਹਮਲਿਆਂ ਦਾ ਇਹ ਤਾਜ਼ਾ ਮਾਮਲਾ ਹੈ। ਪਿਛਲੇ ਸਾਲ ਸਤੰਬਰ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਖੈਬਰ ਪਖਤੂਨਖਵਾ ਵਿਚ ਪੋਲੀਓ ਕਾਰਕੁਨਾਂ ਦੀ ਇਕ ਟੀਮ ਦੀ ਸੁਰੱਖਿਆ ਕਰ ਰਹੇ ਇਕ ਪੁਲਸ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੁਨੀਆ ਦੇ ਸਿਰਫ਼ 2 ਅਜਿਹੇ ਦੇਸ਼ ਹਨ, ਜਿੱਥੇ ਪੋਲੀਓ ਅਜੇ ਵੀ ਮੌਜੂਦ ਹੈ।