ਸਰੀ ‘ਚ ਖ਼ਾਲਿਸਤਾਨ ਸਮਰਥਕ ਆਗੂ ਨੂੰ ਜਾਨ ਨੂੰ ਖ਼ਤਰੇ ਦੀ ਪੁਲਸ ਵੱਲੋਂ ਚੇਤਾਵਨੀ
Friday, Apr 17, 2026 - 10:42 AM (IST)
ਸਰੀ (ਕੈਨੇਡਾ) - ਸਰਬਜੀਤ ਸਿੰਘ ਬਨੂੜ- ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਖ਼ਾਲਿਸਤਾਨ ਸਮਰਥਕ ਗਤੀਵਿਧੀਆਂ ਨਾਲ ਜੁੜੇ ਆਗੂ ਨਰਿੰਦਰ ਸਿੰਘ ਰੰਧਾਵਾ ਨੂੰ ਪੁਲਸ ਵੱਲੋਂ ਜਾਨ ਨੂੰ “ਤੁਰੰਤ ਖ਼ਤਰੇ” ਬਾਰੇ ਚੇਤਾਵਨੀ ਦਿੱਤੀ ਗਈ ਹੈ, ਜਿਸ ਨਾਲ ਸਿੱਖ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ ਹੈ। ਸੂਤਰਾਂ ਮੁਤਾਬਕ, ਇਹ “ਡਿਊਟੀ ਟੂ ਵਾਰਨ” ਨੋਟਿਸ ਸਥਾਨਕ ਪੁਲਸ ਵੱਲੋਂ ਦਿੱਤਾ ਗਿਆ, ਜੋ ਕਿ ਕਨੇਡਾ ਦੀਆਂ ਸੁਰੱਖਿਆ ਏਜੰਸੀਆਂ ਦੀ ਜਾਣਕਾਰੀ ‘ਤੇ ਆਧਾਰਿਤ ਹੈ। ਪੁਲਸ ਵੱਲੋਂ ਇਹ ਚੇਤਾਵਨੀ ਉਸ ਵੇਲੇ ਦਿੱਤੀ ਗਈ ਜਦੋਂ ਸੰਭਾਵਿਤ ਖ਼ਤਰੇ ਨੂੰ ਗੰਭੀਰ ਮੰਨਿਆ ਗਿਆ।
ਜਾਣਕਾਰੀ ਅਨੁਸਾਰ, ਨਰਿੰਦਰ ਸਿੰਘ ਰੰਧਾਵਾ ਸਰੀ ਅਤੇ ਵੈਨਕੂਵਰ ਖੇਤਰ ਵਿੱਚ ਖ਼ਾਲਿਸਤਾਨ ਸਮਰਥਕ ਰੈਲੀਆਂ, ਰੈਫਰੈਂਡਮ ਮੁਹਿੰਮਾਂ ਅਤੇ ਰੋਸ ਪ੍ਰਦਰਸ਼ਨਾਂ ਦੇ ਆਯੋਜਨ ਨਾਲ ਜੁੜੇ ਰਹੇ ਹਨ। ਇਹ ਮਾਮਲਾ 2023 ਵਿੱਚ ਸਰੀ ਵਿੱਚ ਹੋਈ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਤੋਂ ਬਾਅਦ ਉੱਭਰੀਆਂ ਸੁਰੱਖਿਆ ਚਿੰਤਾਵਾਂ ਦੇ ਸੰਦਰਭ ਵਿੱਚ ਦੇਖਿਆ ਜਾ ਰਿਹਾ ਹੈ। ਉਸ ਘਟਨਾ ਤੋਂ ਬਾਅਦ ਕਈ ਸਿੱਖ ਆਗੂਆਂ ਨੂੰ ਧਮਕੀਆਂ ਮਿਲਣ ਦੀਆਂ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ।ਇਸ ਦੇ ਨਾਲ ਹੀ, ਨਿੱਜਰ ਨੂੰ ਇਨਸਾਫ਼ ਦਿਵਾਉਣ ਲਈ ਸਿੱਖ ਭਾਈਚਾਰੇ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਹਰ ਮਹੀਨੇ ਦੀ 18 ਤਾਰੀਖ ਨੂੰ ਭਾਰਤੀ ਕੂਟਨੀਤਿਕ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕੀਤੇ ਜਾਂਦੇ ਹਨ, ਜਿੱਥੇ ਕਨੇਡਾ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ।
ਰੋਸ ਪ੍ਰਦਰਸ਼ਨਕਾਰੀਆਂ ਵੱਲੋਂ ਭਾਰਤੀ ਏਜੰਸੀਆਂ ‘ਤੇ ਗੰਭੀਰ ਦੋਸ਼ ਲਗਾਏ ਜਾਂਦੇ ਰਹੇ ਹਨ ਅਤੇ ਨਿੱਜਰ ਕਤਲ ਮਾਮਲੇ ਵਿੱਚ ਪੂਰਾ ਇਨਸਾਫ਼ ਮੰਗਿਆ ਜਾ ਰਿਹਾ ਹੈ।ਪੁਲਸ ਵੱਲੋਂ ਕਿਹਾ ਗਿਆ ਹੈ ਕਿ “ਡਿਊਟੀ ਟੂ ਵਾਰਨ” ਜਿਹੀਆਂ ਚੇਤਾਵਨੀਆਂ ਸੰਵੇਦਨਸ਼ੀਲ ਹੁੰਦੀਆਂ ਹਨ ਅਤੇ ਚੱਲ ਰਹੀਆਂ ਜਾਂਚਾਂ ਨਾਲ ਸੰਬੰਧਿਤ ਹੋਣ ਕਰਕੇ ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ।ਇਸ ਘਟਨਾ ਨੇ ਇੱਕ ਵਾਰ ਫਿਰ ਕਨੇਡਾ ਵਿੱਚ ਸਿੱਖ ਐਕਟਿਵਿਸਟਾਂ ਦੀ ਸੁਰੱਖਿਆ ਦੇ ਮਸਲੇ ਨੂੰ ਉਜਾਗਰ ਕੀਤਾ ਹੈ, ਜਦਕਿ ਦੂਜੇ ਪਾਸੇ ਨਿੱਜਰ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਇਸੇ ਤਰਾਂ ਇੰਗਲੈਂਡ ਵਿੱਚ ਵੀ ਖਾਲਿਸਤਾਨ ਕਾਰਕੁਨਾਂ ਤੇ ਪੱਤਰਕਾਰਾਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਜਿਸ ਤੇ ਪੁਲਸ ਨੇ ਸਭ ਨੂੰ ਸੰਭਾਵੀ ਖ਼ਤਰਿਆਂ ਤੋਂ ਬਚਣ ਲਈ ਸੁਚੇਤ ਕੀਤਾ ਗਿਆ ਹੈ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
