Canada 'ਚ ਹਿੰਦੂਆਂ ਨਾਲ ਵਿਤਕਰਾ, ਪੁਲਸ ਮੰਗ ਰਹੀ 70 ਹਜ਼ਾਰ ਡਾਲਰ 'ਹਫ਼ਤਾ'
Thursday, Nov 14, 2024 - 10:27 AM (IST)
ਟੋਰਾਂਟੋ- ਕੈਨੇਡਾ ਵਿਚ ਮੌਜੂਦਾ ਹਾਲਾਤ ਵਿਚ ਹਿੰਦੂ ਭਾਈਚਾਰਾ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਹੁਣ ਕੈਨੇਡਾ 'ਚ ਪੁਲਸ ਵੀ ਹਿੰਦੂ ਭਾਈਚਾਰੇ 'ਤੇ ਦਬਾਅ ਪਾਉਂਦੀ ਨਜ਼ਰ ਆ ਰਹੀ ਹੈ। ਖ਼ਬਰ ਹੈ ਕਿ ਕੈਨੇਡਾ ਵਿਚ ਹਿੰਦੂ ਸਮੂਹਾਂ ਤੋਂ ਸੁਰੱਖਿਆ ਦੇਣ ਦੇ ਬਦਲੇ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਬਾਰੇ ਅਧਿਕਾਰਤ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਹੈ। ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ। ਇਸ ਦੇ ਨਾਲ ਹੀ ਖਾਲਿਸਤਾਨ ਸਮਰਥਕ ਕਥਿਤ ਤੌਰ 'ਤੇ ਧਮਕੀਆਂ ਦੇ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਪੀਲ ਪੁਲਸ ਨੇ ਹਿੰਦੂ ਭਾਈਚਾਰੇ ਨੂੰ ਸੁਰੱਖਿਆ ਦੇਣ ਲਈ 35 ਤੋਂ 70 ਹਜ਼ਾਰ ਡਾਲਰ (50 ਤੋਂ ਇਕ ਲੱਖ ਕੈਨੇਡੀਅਨ ਡਾਲਰ) ਮੰਗੇ ਹਨ, ਜਿਸ ਕਾਰਨ ਹਿੰਦੂ ਸੰਗਠਨ ਕਾਫੀ ਨਾਰਾਜ਼ ਹਨ। ਕੈਨੇਡਾ ਦੇ ਹਿੰਦੂ ਸੰਗਠਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ 'ਤੇ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਹੈ। ਰਿਪੋਰਟ ਮੁਤਾਬਕ ਕੈਨੇਡਾ ਦੇ ਹਿੰਦੂ ਸਮੂਹਾਂ ਦਾ ਕਹਿਣਾ ਹੈ, 'ਅਸੀਂ ਟੈਕਸ ਵੀ ਭਰਦੇ ਹਾਂ, ਫਿਰ ਇਹ ਵਿਤਕਰਾ ਕਿਉਂ। ਪੀਲ ਪੁਲਸ ਸਾਡੇ ਮਸਲੇ ਹੱਲ ਕਰਨ ਦੀ ਬਜਾਏ ਬੇਲੋੜਾ ਦਬਾਅ ਪਾ ਰਹੀ ਹੈ। ਹਿੰਦੂ ਸਮੂਹਾਂ ਦੇ ਸੰਗਠਨ 'ਕੋਏਲਿਏਸ਼ਨ ਆਫ ਹਿੰਦੂ ਆਫ ਨੌਰਥ ਅਮਰੀਕਾ' ਨੇ ਸੋਸ਼ਲ ਮੀਡੀਆ 'ਤੇ ਇਸ ਸਬੰਧ ਵਿਚ ਇਕ ਪੱਤਰ ਜਾਰੀ ਕਰਦਿਆਂ ਸਵਾਲ ਚੁੱਕੇ ਹਨ।
ਪੜ੍ਹੋ ਇਹ ਅਹਿਮ ਖ਼ਬਰ- Canada 'ਚ ਅਰਸ਼ ਡੱਲਾ 'ਤੇ ਸਖ਼ਤ ਕਾਰਵਾਈ, ਸਬੂਤਾਂ ਨਾਲ ਛੇੜਛਾੜ ਸਮੇਤ 11 ਕੇਸ ਦਰਜ
ਰਿਪੋਰਟ ਮੁਤਾਬਕ ਸੂਤਰਾਂ ਦਾ ਕਹਿਣਾ ਹੈ ਕਿ ਅਜਿਹਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਕਿਉਂਕਿ ਪ੍ਰਸ਼ਾਸਨ 'ਤੇ ਖਾਲਿਸਤਾਨੀ ਧੜਿਆਂ ਵੱਲੋਂ ਹਿੰਦੂਆਂ ਦੇ ਪ੍ਰੋਗਰਾਮਾਂ ਨੂੰ ਰੱਦ ਕਰਨ ਦਾ ਦਬਾਅ ਹੈ। ਚੈਨਲ ਨਾਲ ਗੱਲਬਾਤ ਕਰਦਿਆਂ ਸੂਤਰਾਂ ਨੇ ਕਿਹਾ, 'ਟਰੂਡੋ ਸਰਕਾਰ 'ਤੇ ਖਾਲਿਸਤਾਨੀ ਗਰੁੱਪਾਂ ਅਤੇ ਸਾਬਕਾ ਸਹਿਯੋਗੀ ਜਗਮੀਤ ਸਿੰਘ ਨੂੰ ਮਜਬੂਰ ਕਰਨ ਲਈ ਵਿੱਤ ਬਿੱਲ ਨੂੰ ਲੈ ਕੇ ਕਾਫੀ ਦਬਾਅ ਹੈ।' ਉਨ੍ਹਾਂ ਕਿਹਾ, 'ਦੁਨੀਆਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਸਥਾਨਕ ਪੁਲਸ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਫੰਡਾਂ ਦੀ ਮੰਗ ਕਰ ਰਹੀ ਹੈ।'
ਅਯੁੱਧਿਆ ਮੰਦਰ 'ਤੇ ਹਮਲੇ ਦੀ ਧਮਕੀ
ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਅਯੁੱਧਿਆ 'ਚ ਰਾਮ ਮੰਦਰ 'ਤੇ ਹਮਲੇ ਦੀ ਧਮਕੀ ਦੇ ਮੱਦੇਨਜ਼ਰ ਰਾਮ ਜਨਮ ਭੂਮੀ ਕੰਪਲੈਕਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਖਾਲਿਸਤਾਨੀ ਅੱਤਵਾਦੀ ਪੰਨੂ ਦੇ 16 ਅਤੇ 17 ਨਵੰਬਰ ਨੂੰ ਹਮਲਿਆਂ ਦੀ ਧਮਕੀ ਵਾਲੇ ਤਾਜ਼ਾ ਆਡੀਓ ਸੰਦੇਸ਼ ਤੋਂ ਬਾਅਦ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।