UK : ਹਾਰਲਿੰਗਟਨ ਲਾਇਬ੍ਰੇਰੀ ਹੇਜ਼ ਵੱਲੋਂ ਗੁਰਮੇਲ ਕੌਰ ਸੰਘਾ ਦੀ ਕਵਿਤਾ ਬਾਰੇ ਜਾਣਨ ਲਈ ਸਮਾਗਮ ਆਯੋਜਿਤ

Thursday, Dec 01, 2022 - 03:03 AM (IST)

UK : ਹਾਰਲਿੰਗਟਨ ਲਾਇਬ੍ਰੇਰੀ ਹੇਜ਼ ਵੱਲੋਂ ਗੁਰਮੇਲ ਕੌਰ ਸੰਘਾ ਦੀ ਕਵਿਤਾ ਬਾਰੇ ਜਾਣਨ ਲਈ ਸਮਾਗਮ ਆਯੋਜਿਤ

ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) : ਮੰਗਲਵਾਰ ਨੂੰ ਯੂਕੇ ਦੇ ਹਾਲਿੰਗਡਨ ਕੌਂਸਲ ਅਧੀਨ ਪੈਂਦੀ ਹਾਰਲਿੰਗਟਨ ਹੇਜ਼ ਲਾਇਬ੍ਰੇਰੀ ਵੱਲੋਂ ਗੁਰਮੇਲ ਕੌਰ ਸੰਘਾ ਦੀਆਂ ਕਵਿਤਾਵਾਂ ਤੇ ਉਸ ਦੇ ਕਾਵਿ ਸਫ਼ਰ ਸਬੰਧੀ ਜਾਣਨ ਲਈ ਸਮਾਗਮ ਦਾ ਆਯੋਜਨ ਉਥੋਂ ਦੀ ਲਾਇਬ੍ਰੇਰੀ ਦੀ ਮੈਨੇਜਰ ਮਿਸ ਬਰਨਾਡੇਟ ਮੈਕਏਟੀਅਰ ਵੱਲੋਂ ਕੀਤਾ ਗਿਆ, ਜਿਸ ਵਿੱਚ ਸਥਾਨਕ ਔਰਤਾਂ ਅਤੇ ਸਕੂਲੀ ਬੱਚਿਆਂ ਨੇ ਭਾਗ ਲਿਆ। ਸਮਾਗਮ 'ਚ ਈਲਿੰਗ ਕੌਂਸਲ ਦੀ ਮੇਅਰ ਮਹਿੰਦਰ ਕੌਰ ਮਿੱਢਾ, ਪੰਜਾਬੀ ਸੰਗੀਤ ਅਖ਼ਾੜਿਆਂ ਦੀ ਮੱਲਿਕਾ ਮਿਸ ਪਰਮਜੀਤ ਪੰਮੀ, ਵਾਇਸ ਆਫ਼ ਵੁਮੈਨ, ਲੰਡਨ ਦੀ ਚੇਅਰਪਰਸਨ ਬੀਬੀ ਸੁਰਿੰਦਰ ਕੌਰ ਤੇ ਮੇਲ ਗੇਲ ਮਲਟੀਕਲਚਰਲ ਸੁਸਾਇਟੀ, ਨੌਰਵੁੱਢ ਗਰੀਨ ਦੇ ਪ੍ਰਧਾਨ ਤਲਵਿੰਦਰ ਸਿੰਘ ਢਿੱਲੋਂ ਤੇ ਰਵੀ ਬੋਲੀਨਾ ਨੇ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ। ਇਨ੍ਹਾਂ ਤੋਂ ਇਲਾਵਾ ਅਵਤਾਰ ਕੌਰ ਚੰਨਾ, ਸੰਤੋਸ਼ ਸ਼ੂਰ, ਸਤਵਿੰਦਰ ਮਾਨ, ਸੰਤੋਸ਼ ਸਿਨਹਾ, ਸ਼ਿੰਦੀ, ਮਨੀ, ਪ੍ਰਭ ਤੇ ਜੱਸੀ ਦੇ ਨਾਂ ਜ਼ਿਕਰਯੋਗ ਹਨ।

ਇਹ ਵੀ ਪੜ੍ਹੋ : ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਟਾਲੀਅਨ ਵਿਦਿਆਰਥੀ ਗੁਰਦੁਆਰਾ ਸਾਹਿਬ ਹੋਏ ਨਤਮਸਤਕ

ਸਮਾਗਮ ਦਾ ਆਰੰਭ ਮਿਸ ਬਰਨਾਡੇਟ ਮੈਕਏਟੀਅਰ ਨੇ ਆਏ ਮਹਿਮਾਨਾਂ ਦੇ ਸਵਾਗਤ ਨਾਲ ਕੀਤਾ। ਇਸ ਉਪਰੰਤ ਤਲਵਿੰਦਰ ਢਿੱਲੋਂ ਨੇ ਗੁਰਮੇਲ ਕੌਰ ਸੰਘਾ ਦੁਆਰਾ ਲਿਖੇ 2 ਕਾਵਿ ਸੰਗ੍ਰਹਿ 'ਦਰਦ ਅਵੱਲੜੇ', 'ਸੱਚ ਦੇ ਬੋਲ' ਅਤੇ ਹੋਰ ਲੇਖਕਾਂ ਨਾਲ ਸਾਂਝੇ ਕਾਵਿ ਸੰਗ੍ਰਿਹ ਜਿਵੇਂ 'ਸਾਂਝੀਆਂ ਸੁਰਾਂ', 'ਸਿਰਜਣਹਾਰੇ' ਆਦਿ ਅਤੇ ਕਹਾਣੀ ਸੰਗ੍ਰਹਿ 'ਫ਼ਲਕ' ਜਿਸ ਵਿੱਚ 2 ਮਿੰਨੀ ਕਹਾਣੀਆਂ ਸ਼ਾਮਲ ਹਨ, ਬਾਰੇ  ਚਾਨਣਾ ਪਾਇਆ। ਨਾਲ ਹੀ ਉਨ੍ਹਾਂ ਗੁਰਮੇਲ ਕੌਰ ਸੰਘਾ ਦੁਆਰਾ ਰਿਕਾਰਡ ਕਰਵਾਏ 4 ਗੀਤਾਂ ਬਾਰੇ ਦੱਸਿਆ ਅਤੇ ਬਹੁਤ ਛੇਤੀ ਆਉਣ ਵਾਲੇ 2 ਗੀਤਾਂ ਲਈ ਵਧਾਈ ਦਿੱਤੀ। ਫਿਰ ਦੌਰ ਸ਼ੁਰੂ ਹੋਇਆ ਗੁਰਮੇਲ ਕੌਰ ਸੰਘਾ ਦੀਆਂ ਆਪਣੀਆਂ ਲਿਖੀਆਂ ਕਵਿਤਾਵਾਂ ਤੇ ਗੀਤਾਂ ਦਾ, ਜਿਨ੍ਹਾਂ ਸਦਕਾ ਉਸ ਨੇ ਸਰੋਤਿਆਂ ਦਾ ਮਨ ਮੋਹ ਲਿਆ ਤੇ ਵਕਤ ਦਾ ਪਤਾ ਵੀ ਨਾ ਲੱਗਾ। ਇਸ ਉਪਰੰਤ ਮੇਅਰ ਮਹਿੰਦਰ ਕੌਰ ਮਿੱਢਾ ਨੇ ਗੁਰਮੇਲ ਕੌਰ ਸੰਘਾ ਦੁਆਰਾ ਜੀਓ ਅਤੇ ਜਿਊਣ ਦਿਓ ਦੀ ਪ੍ਰੇਰਨਾ ਦੇਣ ਵਾਲੀਆਂ ਕਵਿਤਾਵਾਂ ਤੇ ਗੀਤਾਂ ਦੀ ਸਿਫ਼ਤ ਕਰਦਿਆਂ ਉਸ ਦੀ ਰੱਜ ਕੇ ਹੌਸਲਾ ਅਫ਼ਜ਼ਾਈ ਵੀ ਕੀਤੀ।

ਇਹ ਵੀ ਪੜ੍ਹੋ : ਅਮਰੀਕਾ 'ਚ ਭਿਆਨਕ ਤੂਫਾਨ ਨੇ ਮਚਾਈ ਤਬਾਹੀ, 2 ਲੋਕਾਂ ਦੀ ਮੌਤ, ਕਈ ਘਰ ਨੁਕਸਾਨੇ

ਉਨ੍ਹਾਂ ਹੋਰ ਔਰਤਾਂ ਨੂੰ ਵੀ ਅੱਗੇ ਆ ਕੇ ਕੁਝ ਵਧੀਆ ਲਿਖਣ ਜਾਂ ਕਿਸੇ ਹੋਰ ਖੇਤਰ ਵਿੱਚ ਜੋ ਵੀ ਕਰ ਸਕਣ ਦੇ ਯੋਗ ਹੋਣ ਉਹ ਕਰਕੇ ਦਿਖਾਉਣ ਲਈ ਹੱਲਾਸ਼ੇਰੀ ਦਿੱਤੀ। ਸੁਰਿੰਦਰ ਕੌਰ ਨੇ ਵੀ ਗੁਰਮੇਲ ਕੌਰ ਸੰਘਾ ਨੂੰ ਉਨ੍ਹਾਂ ਦੇ ਕੰਮ ਲਈ ਵਧਾਈ ਦੇ ਨਾਲ ਉਨ੍ਹਾਂ ਦੇ ਕੰਮ ਦੀ ਸਰਾਹਨਾ ਵੀ ਕੀਤੀ। ਪੰਜਾਬੀ ਗਾਇਕਾ ਪਰਮਜੀਤ ਪੰਮੀ ਨੇ ਵੀ ਸੰਘਾ ਨੂੰ ਨਿਧੜਕ ਹੋ ਕੇ ਸੰਗੀਤ ਦੇ ਖ਼ੇਤਰ ਵਿੱਚ ਕੰਮ ਕਰਨ ਤੇ ਹੋਰ ਲਿਖਣ ਦੀ ਪ੍ਰੇਰਨਾ ਦਿੱਤੀ। ਤਲਵਿੰਦਰ ਢਿੱਲੋਂ ਨੇ ਸਟੇਜ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ। ਇਹ ਨਿਵੇਕਲਾ ਛੋਟਾ ਜਿਹਾ ਸਮਾਗਮ ਇਕ ਵੱਡੀ ਛਾਪ ਛੱਡ ਗਿਆ, ਜਿਸ ਨਾਲ ਗ਼ੈਰ-ਪੰਜਾਬੀ ਭਾਈਚਾਰਿਆਂ ਵਿਚਾਲੇ ਅੱਗੋਂ ਤੋਂ ਵੀ ਪੰਜਾਬੀ ਮਾਂ-ਬੋਲੀ ਦੀ ਬਾਤ ਪਾਉਂਦੇ ਨਵੀਂ ਤਰ੍ਹਾਂ ਦੇ ਟੀਚੇ ਮਿੱਥਣ ਦੀ ਸੰਭਾਵਨਾ ਬੱਝੀ ਹੈ, ਜੋ ਸਾਡੀ ਪੰਜਾਬੀ ਮਾਂ-ਬੋਲੀ ਦੇ ਵਿਕਾਸ ਲਈ ਲਾਹੇਵੰਦ ਸਿੱਧ ਹੋਵੇਗੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News