PML-N ਸਰਕਾਰ ਮੁਸ਼ੱਰਫ ਨੂੰ ਪਾਕਿਸਤਾਨ ਪਰਤਣ ਦੀ ਸਹੂਲਤ ਦੇਵੇ: ਨਵਾਜ਼ ਸ਼ਰੀਫ਼
Wednesday, Jun 15, 2022 - 01:39 PM (IST)
ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਮੁਸਲਿਮ ਲੀਗ-ਐੱਨ ਦੇ ਸੁਪਰੀਮੋ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸੰਘੀ ਸਰਕਾਰ ਨੂੰ ਸੰਯੁਕਤ ਅਰਬ ਅਮੀਰਾਤ ਵਿੱਚ ਇਲਾਜ ਕਰਵਾ ਰਹੇ ਸਾਬਕਾ ਫ਼ੌਜੀ ਸ਼ਾਸਕ ਪਰਵੇਜ਼ ਮੁਸ਼ੱਰਫ਼ ਨੂੰ ਪਾਕਿਸਤਾਨ ਵਾਪਸੀ ਦੀ ਸਹੂਲਤ ਦੇਣ ਦੀ ਅਪੀਲ ਕੀਤੀ ਹੈ। ਡਾਨ ਅਖ਼ਬਾਰ ਨੇ ਬੁੱਧਵਾਰ ਨੂੰ ਇਹ ਰਿਪੋਰਟ ਦਿੱਤੀ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, 'ਮੇਰੀ ਪਰਵੇਜ਼ ਮੁਸ਼ੱਰਫ਼ ਨਾਲ ਕੋਈ ਨਿੱਜੀ ਦੁਸ਼ਮਣੀ ਜਾਂ ਵਿਰੋਧ ਨਹੀਂ ਹੈ। ਮੈਂ ਨਹੀਂ ਚਾਹੁੰਦਾ ਕਿ ਕਿਸੇ ਹੋਰ ਨੂੰ ਆਪਣੇ ਅਜ਼ੀਜ਼ਾਂ ਲਈ ਸਦਮਾ ਸਹਿਣਾ ਪਵੇ, ਜਿਸ ਤਰ੍ਹਾਂ ਦਾ ਸਦਮਾ ਉਨ੍ਹਾਂ ਨੇ ਝੱਲਿਆ ਹੈ।'
ਜ਼ਿਕਰਯੋਗ ਹੈ ਕਿ ਜਨਰਲ ਮੁਸ਼ੱਰਫ ਵੱਲੋਂ 1999 'ਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਤਖ਼ਤਾਪਲਟ ਕਰਨ ਤੋਂ ਬਾਅਦ ਦੋਵਾਂ ਵਿਚਾਲੇ ਸਬੰਧ ਵਿਗੜ ਗਏ ਸਨ। ਮੁਸ਼ੱਰਫ ਦੀ ਤਰ੍ਹਾਂ ਨਵਾਜ਼ ਨੇ ਵੀ ਪਿਛਲੇ ਕੁਝ ਸਾਲ ਸਵੈ-ਜਲਾਵਤ ਵਿਚ ਬਿਤਾਏ ਹਨ। ਮੁਸ਼ੱਰਫ਼ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਹਨ, ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਵੈਂਟੀਲੇਟਰ 'ਤੇ ਨਹੀਂ ਹਨ ਅਤੇ ਤਿੰਨ ਹਫ਼ਤਿਆਂ ਤੋਂ ਯੂਏਈ ਦੇ ਹਸਪਤਾਲ ਵਿੱਚ ਦਾਖ਼ਲ ਹਨ।