ਪੀ.ਐੱਮ ਟਰੂਡੋ ਨੇ ਦਵਾਇਆ ਭਰੋਸਾ, ਚੀਨੀ ਕੰਪਨੀ ਨਾਲ ਨਹੀਂ ਕੋਈ ਖਤਰਾ

06/29/2017 4:41:00 PM

ਟੋਰਾਂਟੋ— ਕੈਨੇਡੀਅਨ ਸੈਟੇਲਾਈਟ ਤਕਨਾਲੋਜੀ ਕੰਪਨੀ ਦੇ ਟੇਕਓਵਰ ਕੀਤੇ ਜਾਣ ਦਾ ਕੈਨੇਡਾ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ ਵਿੱਚ ਜਾਂ ਵਿਦੇਸ਼ ਵਿੱਚ ਕੌਮੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੋਵੇਗਾ।
'ਹਾਇਤਰਾ ਕਮਿਊਨਿਕੇਸ਼ਨਜ਼ ਕੰਪਨੀ ਲਿਮਟਡ' ਜਲਦ ਹੀ ਨੌਰਸੈਟ ਇੰਟਰਨੈਸ਼ਨਲ ਇਨਕਾਰਪੋਰੇਸ਼ਨ ਨੂੰ ਟੇਕਓਵਰ ਕਰਨ ਜਾ ਰਹੀ ਹੈ। ਨੌਰਸੈਟ ਇੰਟਰਨੈਸ਼ਨਲ ਇਨਕਾਰਪੋਰੇਸ਼ਨ ਰੇਡੀਓ ਟਰਾਂਸੀਵਰਜ਼ ਤੇ ਰੇਡੀਓ ਸਿਸਟਮ ਤਿਆਰ ਕਰਦੀ ਹੈ, ਜਿਨ੍ਹਾਂ ਦੀ ਵਰਤੋਂ ਅਮਰੀਕੀ ਫੌਜ ਤੇ ਕੈਨੇਡਾ ਦੇ ਨਾਟੋ ਭਾਈਵਾਲਾਂ ਵੱਲੋਂ ਕੀਤੀ ਜਾਂਦੀ ਹੈ।
ਚੀਨ ਦੀ ਇਸ ਨਿੱਜੀ ਫਰਮ ਨੇ ਸਭ ਤੋਂ ਪਹਿਲਾਂ 2016 ਵਿੱਚ ਵੈਨਕੂਵਰ ਸਥਿਤ ਇਸ ਤਕਨਾਲੋਜੀ ਕੰਪਨੀ ਲਈ ਬੋਲੀ ਲਾਈ ਸੀ ਤੇ ਇਸ ਮਗਰੋਂ ਇਹ ਮੁਲਾਂਕਣ ਕਰਨ ਲਈ ਦਬਾਅ ਵਧ ਗਿਆ ਕਿ ਵਿਦੇਸ਼ੀ ਕੰਪਨੀ ਦੇ ਇਸ ਤਰ੍ਹਾਂ ਟੇਕਓਵਰ ਕਰਨ ਨਾਲ ਕਿਤੇ ਕੈਨੇਡੀਅਨ ਹਿੱਤਾਂ ਨੂੰ ਨੁਕਸਾਨ ਤਾਂ ਨਹੀਂ ਪਹੁੰਚੇਗਾ। ਇਸ ਮਹੀਨੇ ਦੇ ਸ਼ੁਰੂ ਵਿੱਚ ਹੀ ਇਸ ਮੁਲਾਂਕਣ ਦੇ ਨਤੀਜੇ ਜਨਤਕ ਕੀਤੇ ਗਏ ਤੇ ਕੰਪਨੀ ਨੇ ਇਹ ਜਾਣਕਾਰੀ ਦਿੱਤੀ ਕਿ ਰਸਮੀ ਸਕਿਓਰਿਟੀ ਮੁਲਾਂਕਣ ਦੀ ਲੋੜ ਨਹੀਂ ਹੋਵੇਗੀ।
ਟਰੂਡੋ ਨੇ ਕਿਹਾ ਕਿ ਜੇਕਰ ਦੇਸ਼ ਨੂੰ ਕਿਸੇ ਵਿਦੇਸ਼ੀ ਕੰਪਨੀ ਕਾਰਨ ਖਤਰਾ ਹੋਵੇਗਾ ਤਾਂ ਉਹ ਅਜਿਹੀ ਕੰਪਨੀ ਨੂੰ ਦੇਸ਼ 'ਚ ਨਹੀਂ ਰਹਿਣ ਦੇਣਗੇ। ਜ਼ਿਕਰਯੋਗ ਹੈ ਕਿ ਲਿਬਰਲਾਂ ਤੇ ਚੀਨ ਵਿਚਾਲੇ ਮੁਫਤ ਵਪਾਰ ਸੰਬੰਧੀ ਗੱਲਬਾਤ ਚੱਲ ਰਹੀ ਹੈ ਤੇ ਕੈਨੇਡਾ ਸਰਕਾਰ ਟਰੰਪ ਵੱਲੋਂ 'ਅਮਰੀਕਾ ਫਰਸਟ' ਦੀ ਨੀਤੀ ਨੂੰ ਜ਼ੋਰ ਦਿੱਤੇ ਜਾਣ ਕਾਰਨ ਚੀਨ ਦੀ ਮੰਡੀ ਵੱਲ ਰੁਖ ਕਰ ਰਿਹਾ ਹੈ। ਨੌਰਸੈਟ ਡੀਲ ਦੇ ਖਿਲਾਫ ਵਿਰੋਧੀ ਧਿਰਾਂ ਦੇ ਐਮਪੀਜ਼ ਵੱਲੋਂ ਵਾਰੀ ਵਾਰੀ ਚਿੰਤਾ ਪ੍ਰਗਟਾਈ ਗਈ ਹੈ।


Related News