ਵੱਡਾ ਕਾਂਡ ਕਰ ਗਿਆ ਫਾਇਨਾਂਸ ਕੰਪਨੀ ਦਾ ਮੁਲਾਜ਼ਮ, ਕੰਪਨੀ ਵਾਲੇ ਕਰਦੇ ਰਹਿ ਗਏ ਫੋਨ
Monday, May 13, 2024 - 12:48 PM (IST)
ਮੋਗਾ (ਆਜ਼ਾਦ) : ਫਿਊਜ਼ਨ ਮਾਈਕਰੋ ਫਾਇਨਾਂਸ ਲਿਮਟਿਡ ਕੰਪਨੀ ਵਿਚ ਕੰਮ ਕਰਦੇ ਮੁਲਾਜ਼ਮ ਵੱਲੋਂ ਵੱਖ-ਵੱਖ ਪਿੰਡਾਂ ਵਿਚ ਕਿਸ਼ਤਾਂ ਨਾਲ ਇਕੱਠੇ ਕੀਤੇ ਗਏ 5 ਲੱਖ 43 ਹਜ਼ਾਰ 309 ਰੁਪਏ ਲੈ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਪੁਲਸ ਨੇ ਜਾਂਚ ਤੋਂ ਬਾਅਦ ਕੰਪਨੀ ਅਧਿਕਾਰੀ ਨਛੱਤਰ ਸਿੰਘ ਨਿਵਾਸੀ ਕਾਸੂਬੇਗੂ ਕੁਲਗੜੀ ਫਿਰੋਜ਼ਪੁਰ ਦੀ ਸ਼ਿਕਾਇਤ ’ਤੇ ਕਥਿਤ ਮੁਲਜ਼ਮ ਨਿਰਮਲ ਸਿੰਘ ਨਿਵਾਸੀ ਤਲਵੰਡੀ ਮੋਹਰ ਸਿੰਘ ਵਾਲਾ ਤਰਨਤਾਰਨ ਖ਼ਿਲਾਫ਼ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸ਼ਿਕਾਇਤਕਰਤਾ ਨੇ ਕਿਹਾ ਕਿ ਕੰਪਨੀ ਵੱਖ-ਵੱਖ ਪਿੰਡਾਂ ਵਿਚ ਔਰਤਾਂ ਨੂੰ ਕੰਮ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ, ਜੋ ਅਸੀਂ ਕਿਸ਼ਤਾਂ ਵਿਚ ਇਕੱਠੇ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਨਿਰਮਲ ਸਿੰਘ ਬੀਤੀ 2 ਅਗਸਤ 2021 ਨੂੰ ਸਾਡੀ ਕੰਪਨੀ ਵਿਚ ਰਿਲੇਸ਼ਨਸ਼ਿਵ ਅਧਿਕਾਰੀ ਦੇ ਤੌਰ ’ਤੇ ਕੰਮ ਕਰ ਰਿਹਾ ਸੀ।
ਉਨ੍ਹਾਂ ਕਿਹਾ ਕਿ ਨਿਰਮਲ ਸਿੰਘ ਬੀਤੀ 20 ਅਕਤੂਬਰ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ, ਜਨੇਰ, ਰੰਡਿਆਲਾ, ਮੱਲੇ, ਫਤਿਹ ਉਲਾ ਸ਼ਾਹ, ਤਲਵੰਡੀ ਜੱਲੇ ਖਾਂ, ਖੋਸਲਾ ਅਤੇ ਲੋਂਗੀਵਿੰਡ ਵਿਚ ਵਸੂਲੀ ਕਰਨ ਦਾ ਕੰਮ ਕਰਦਾ ਸੀ। ਜਦ ਉਹ ਵੱਖ-ਵੱਖ ਪਿੰਡਾਂ ਵਿਚ ਕਿਸ਼ਤਾਂ ਇਕੱਠੀਆਂ ਕਰਕੇ ਵਾਪਸ ਨਹੀਂ ਆਇਆ ਅਤੇ ਅਸੀਂ ਉਨ੍ਹਾਂ ਨੂੰ ਕਈ ਵਾਰ ਫੋਨ ਵੀ ਕੀਤਾ ਅਤੇ ਉਹ ਬੰਦ ਆ ਰਿਹਾ ਸੀ। ਇਸ ਦੌਰਾਨ ਜਦੋਂ ਅਸੀਂ ਪਿੰਡਾਂ ਵਿਚ ਜਾ ਕੇ ਜਾਂਚ ਕੀਤੀ ਅਤੇ ਜਿਨ੍ਹਾਂ ਲੋਕਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਰਸੀਦਾਂ ਦਿੱਤੀਆਂ ਗਈਆਂ ਸੀ ਤਾਂ ਸਾਨੂੰ ਪਤਾ ਲੱਗਾ ਕਿ ਕਥਿਤ ਦੋਸ਼ੀ ਨੇ 5 ਲੱਖ 43 ਹਜ਼ਾਰ 309 ਰੁਪਏ ਇਕੱਤਰ ਕਰ ਕੇ ਉਹ ਰਕਮ ਫਿਊਜ਼ਨ ਮਾਈਕਰੋ ਫਾਇਨਾਂਸ ਕੰਪਨੀ ਦੀ ਬ੍ਰਾਂਚ ਮੋਗਾ ਵਿਚ ਨਹੀਂ ਕਰਵਾਈ। ਇਸ ਤਰ੍ਹਾਂ ਉਸ ਨੇ ਕੰਪਨੀ ਦੇ ਨਾਲ ਧੋਖਾਦੇਹੀ ਕੀਤੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਉਕਤ ਮਾਮਲੇ ਦੀ ਜਾਂਚ ਦਾ ਆਦੇਸ਼ ਦਿੱਤਾ।
ਜਾਂਚ ਸਮੇਂ ਪਤਾ ਲੱਗਾ ਕਿ ਨਿਰਮਲ ਸਿੰਘ ਵੱਲੋਂ 20 ਅਕਤੂਬਰ 2022 ਨੂੰ ਫਿਊਜ਼ਨ ਮਾਈਕਰੋ ਫਾਇਨੈਂਸ ਕੰਪਨੀ ਵੱਲੋਂ ਮਹਿਲਾਵਾਂ ਨੂੰ ਦਿੱਤੇ ਗਏ ਕਰਜ਼ੇ ਦੀਆਂ ਕਿਸ਼ਤਾਂ ਜੋ ਕਰੀਬ 5 ਲੱਖ 43 ਹਜ਼ਾਰ 309 ਰੁਪਏ ਹੈ, ਇਕੱਤਰ ਕਰ ਕੇ ਆਪਣੇ ਨਾਲ ਲੈ ਕੇ ਭੱਜ ਗਿਆ। ਜਾਂਚ ਅਧਿਕਾਰੀ ਵੱਲੋਂ ਜਾਂਚ ਸਮੇਂ ਦੋਨੋਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਦੇ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਉਕਤ ਮਾਮਲੇ ਵਿਚ ਕਾਨੂੰਨੀ ਰਾਇ ਹਾਸਲ ਕਰ ਕੇ ਕਥਿਤ ਮੁਲਜ਼ਮ ਨਿਰਮਲ ਸਿੰਘ ਖਿਲਾਫ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਅਜੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ।