ਕੋਰੋਨਾ ਵਾਇਰਸ ਕਾਰਨ ਆਸਟ੍ਰੇਲੀਆ ਨੇ ਕੀਤੀ ਸਖਤੀ,PM ਨੇ ਜਾਰੀ ਕੀਤੇ ਨਿਰਦੇਸ਼

Wednesday, Mar 18, 2020 - 12:21 PM (IST)

ਕੋਰੋਨਾ ਵਾਇਰਸ ਕਾਰਨ ਆਸਟ੍ਰੇਲੀਆ ਨੇ ਕੀਤੀ ਸਖਤੀ,PM ਨੇ ਜਾਰੀ ਕੀਤੇ ਨਿਰਦੇਸ਼

ਮੈਲਬੌਰਨ,(ਮਨਦੀਪ ਸੈਣੀ)— ਆਸਟ੍ਰੇਲੀਆ ਸਣੇ ਦੁਨੀਆ ਭਰ 'ਚ ਕੋਰੋਨਾ ਵਾਇਰਸ ਕਾਰਨ ਲੋਕ ਦਹਿਸ਼ਤ 'ਚ ਰਹਿ ਰਹੇ ਹਨ। ਹਰ ਕੋਈ ਇਸ ਨਾਮੁਰਾਦ ਬੀਮਾਰੀ ਤੋਂ ਬਚਣਾ ਚਾਹੁੰਦਾ ਹੈ। ਆਸਟ੍ਰੇਲੀਆ 'ਚ ਲਗਾਤਾਰ ਪੀੜਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸੇ ਲਈ ਇੱਥੋਂ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਲੋਕਾਂ ਲਈ ਕੁਝ ਹਿਦਾਇਤਾਂ ਜਾਰੀ ਕੀਤੀਆਂ ਹਨ ਤਾਂ ਕਿ ਲੋਕ ਝੂਠੀਆਂ ਅਫਵਾਹਾਂ ਤੋਂ ਬਚਦੇ ਹੋਏ ਕੋਰੋਨਾ ਨੂੰ ਹਰਾਉਣ 'ਚ ਮਦਦ ਕਰਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਵੀ ਸਥਾਨ 'ਤੇ 100 ਤੋਂ ਵਧੇਰੇ ਲੋਕ ਇਕੱਠੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਭਾਰੀ ਜੁਰਮਾਨਾ ਲਗਾਇਆ ਜਾਵੇਗਾ। ਇਸ ਦਾਇਰੇ 'ਚ ਸਕੂਲਾਂਨੂੰ ਨਹੀਂ ਰੱਖਿਆ ਗਿਆ। ਕਿਸੇ ਵੀ ਖੇਡ ਤੇ ਸੱਭਿਆਚਾਰਕ ਸਮਾਗਮ ਨੂੰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ 500 ਤੋਂ ਵਧੇਰੇ ਲੋਕ ਬਾਹਰੀ ਇਕੱਠ 'ਚ ਸ਼ਾਮਲ ਨਹੀਂ ਹੋ ਸਕਣਗੇ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਸਜ਼ਾ ਮਿਲੇਗੀ।

ਪੀ. ਐੱਮ. ਨੇ ਕਿਹਾ ਕਿ ਆਸਟ੍ਰੇਲੀਆ ਵਾਸੀ ਜਲਦੀ ਤੋਂ ਜਲਦੀ ਘਰ ਵਾਪਸੀ ਕਰਨ। ਇਹ ਇਕ ਇਤਿਹਾਸਕ ਫੈਸਲਾ ਮੰਨਿਆ ਜਾ ਰਿਹਾ ਹੈ।ਬੀਤੇ ਦਿਨੀਂ ਆਸਟ੍ਰੇਲੀਆ 'ਚ ਟਾਇਲਟ ਪੇਪਰਾਂ ਦੀ ਵੱਡੇ ਪੱਧਰ 'ਤੇ ਖਰੀਦਦਾਰੀ ਕੀਤੀ ਗਈ, ਜਿਸ ਮਗਰੋਂ ਕਈ ਸਟੋਰਾਂ ਤੇ ਮਾਲਜ਼ 'ਚ ਲੋਕਾਂ 'ਚ ਝਗੜਾ ਵੀ ਹੋਇਆ। ਇਸੇ ਲਈ ਪੀ. ਐੱਮ. ਨੇ ਕਿਹਾ ਕਿ ਆਸਟ੍ਰੇਲੀਆ ਕੋਲ ਰਾਸ਼ਨ ਦੀ ਕਮੀ ਨਹੀਂ ਹੈ। ਇਸ ਲਈ ਲੋਕ ਹਫੜਾ-ਦਫੜੀ ਨਾ ਮਚਾਉਣ। ਉਨ੍ਹਾਂ ਕਿਹਾ ਕਿ ਦੇਸ਼ 'ਚ ਸਕੂਲ ਬੰਦ ਨਹੀਂ ਹੋਣਗੇ ਕਿਉਂਕਿ ਇਸ ਤਰ੍ਹਾਂ ਉਨ੍ਹਾਂ ਦੀ ਪੜ੍ਹਾਈ ਵਧੇਰੇ ਖਰਾਬ ਹੁੰਦੀ ਹੈ।  ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਵੀ ਸਕੂਲ ਰੋਜ਼ਾਨਾ ਜਾਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਜੇਕਰ ਬੱਚਾ ਠੀਕ ਨਹੀਂ ਹੈ ਤਾਂ ਉਸ ਨੂੰ ਸਕੂਲ ਨਾ ਭੇਜੋ ਅਤੇ ਸਕੂਲ 'ਚ ਬੱਚਿਆਂ ਨੂੰ ਸਫਾਈ ਰੱਖਣ ਲਈ ਸਭ ਗੱਲਾਂ ਜ਼ਰੂਰ ਸਮਝਾਈਆਂ ਜਾਣ। ਵਿਦੇਸ਼ੀ ਮਾਮਲਿਆਂ ਦੇ ਮੰਤਰਾਲੇ ਨੇ ਗਲੋਬਲ ਟਰੈਵਲ 'ਤੇ ਲੈਵਲ ਚਾਰ ਦੀ ਹਿਦਾਇਤ ਲਗਾ ਦਿੱਤੀ ਹੈ।


Related News