ਪੀ. ਐੱਮ. ਮੋਦੀ ਪੁੱਜੇ ਲੰਡਨ, ਰਾਸ਼ਟਰਮੰਡਲ ਦੇਸ਼ਾਂ ਦੀ ਬੈਠਕ ''ਚ ਲੈਣਗੇ ਹਿੱਸਾ

04/18/2018 9:03:54 AM

ਲੰਡਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ 3 ਦੇਸ਼ਾਂ ਦੀ ਯਾਤਰਾ ਦੇ ਦੂਜੇ ਪੜਾਅ 'ਚ ਮੰਗਲਵਾਰ ਦੇਰ ਰਾਤ ਨੂੰ ਲੰਡਨ ਪੁੱਜੇ। ਇੱਥੇ ਹਿਥਰੋ ਹਵਾਈ ਅੱਡੇ 'ਤੇ ਯੁਨਾਈਟਡ ਕਿੰਗਡਮ ਦੇ ਵਿਦੇਸ਼ ਮਾਮਲਿਆਂ ਦੇ ਸਕੱਤਰ ਬੋਰਿਸ ਜਾਨਸਨ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਇੱਥੇ ਹੋਣ ਵਾਲੀ ਰਾਸ਼ਟਰਮੰਡਲ ਦੇਸ਼ਾਂ ਦੀ ਬੈਠਕ 'ਚ ਹਿੱਸਾ ਲੈਣਗੇ। 
ਲੰਡਨ 'ਚ ਪੀ. ਐੱਮ. ਮੋਦੀ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਨਾਲ ਮੁਲਾਕਾਤ ਸਵੇਰੇ 9 ਵਜੇ ਬ੍ਰੇਕਫਾਸਟ ਬੈਠਕ 'ਚ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਇਸ 'ਚ ਅੱਤਵਾਦ, ਵੀਜ਼ਾ ਅਤੇ ਇਮੀਗ੍ਰੇਸ਼ਨ ਸੰਬੰਧੀ ਮੁੱਦਿਆਂ 'ਤੇ ਗੱਲ ਹੋਵੇਗੀ। ਗੈਰ-ਕਾਨੂੰਨੀ ਤਰੀਕੇ ਨਾਲ ਬ੍ਰਿਟੇਨ 'ਚ ਰਹਿ ਰਹੇ ਲੋਕਾਂ 'ਤੇ ਇਕ ਐੱਮ. ਓ. ਯੂ. ਹੋਣ ਦੀ ਸੰਭਾਵਨਾ ਹੈ। ਇਹ 2014 'ਚ ਖਤਮ ਹੋ ਗਿਆ ਸੀ। ਬੈਠਕ ਮਗਰੋਂ ਮੋਦੀ ਲੰਡਨ ਦੇ ਸਾਇੰਸ ਮਿਊਜ਼ੀਅਮ ਦਾ ਦੌਰਾ ਕਰਨਗੇ। 
ਆਯੁਰਵੈਦਿਕ ਸੈਂਟਰ ਆਫ ਐਕਸਲੈਂਸ 'ਚ ਉਹ ਦੁਪਹਿਰ ਦਾ ਭੋਜਨ ਵੀ ਕਰਨਗੇ। ਉਹ ਇੱਥੇ ਭਾਰਤੀ ਵਿਗਿਆਨੀਆਂ ਨਾਲ ਵੀ ਮਿਲਣਗੇ। ਸ਼ਾਮ ਨੂੰ ਮਹਾਰਾਣੀ ਅਲਿਜ਼ਾਬੇਥ ਨਾਲ ਬੈਠਕ ਕਰਨਗੇ। ਬੁੱਧਵਾਰ ਸ਼ਾਮ ਨੂੰ ਉਹ 'ਭਾਰਤ ਕੀ ਬਾਤ' 'ਚ ਹਿੱਸਾ ਲੈਣਗੇ। ਲੰਡਨ ਦੇ ਵੈੱਸਟਮਿਨਸਟਰ ਸੈਂਟਰਲ ਹਾਲ 'ਚ ਇਸ ਦਾ ਆਯੋਜਨ ਹੋਵੇਗਾ। ਇਸ ਦਾ ਪ੍ਰਸਾਰਣ ਕੀਤਾ ਜਾਵੇਗਾ। ਹਾਲਾਂਕਿ ਵਿਅਕਤੀਗਤ ਤੌਰ 'ਤੇ ਇਸ 'ਚ ਕੁੱਲ ਦੋ ਹਜ਼ਾਰ ਲੋਕ ਸ਼ਾਮਲ ਹੋ ਸਕਣਗੇ। ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਤੋਂ ਪ੍ਰਸ਼ਨ ਉੱਤਰ ਕੀਤੇ ਜਾਣਗੇ। 1946 'ਚ ਸੈਂਟਰਲ ਹਾਲ 'ਚ ਹੀ ਸੰਯੁਕਤ ਰਾਸ਼ਟਰ ਦੀ ਆਮ ਸਭਾ ਦੀ ਪਹਿਲੀ ਬੈਠਕ ਹੋਈ ਸੀ। ਮਹਾਤਮਾ ਗਾਂਧੀ ਦੇ ਨਾਲ ਮਾਰਟਿਨ ਲੂਥਰ ਕਿੰਗ (ਜੂਨੀਅਰ) ਇੱਥੇ ਆ ਚੁੱਕੇ ਹਨ।


Related News