ਮੋਦੀ ਦੀਆਂ ਟਰੰਪ ਨੂੰ ਖਰੀਆਂ-ਖਰੀਆਂ: 'ਕਸ਼ਮੀਰ ਮੁੱਦੇ 'ਤੇ ਤੀਜੇ ਪੱਖ ਦੇ ਦਖਲ ਦੀ ਲੋੜ ਨਹੀਂ'

Monday, Aug 26, 2019 - 06:17 PM (IST)

ਮੋਦੀ ਦੀਆਂ ਟਰੰਪ ਨੂੰ ਖਰੀਆਂ-ਖਰੀਆਂ: 'ਕਸ਼ਮੀਰ ਮੁੱਦੇ 'ਤੇ ਤੀਜੇ ਪੱਖ ਦੇ ਦਖਲ ਦੀ ਲੋੜ ਨਹੀਂ'

ਪੈਰਿਸ— ਫਰਾਂਸ ਦੇ ਸ਼ਹਿਰ ਬਿਆਰਿਟਜ 'ਚ ਜਾਰੀ ਜੀ-7 ਸੰਮੇਲਨ ਤੋਂ ਅਲੱਗ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਟ੍ਰੇਡ ਸਣੇ ਦੂਜੇ ਅਹਿਮ ਮਸਲਿਆਂ 'ਤੇ ਵੀ ਚਰਚਾ ਹੋਈ। ਇਸ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨੂੰ ਇਹ ਵੀ ਸਾਫ ਕਰ ਦਿੱਤਾ ਕਿ ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ ਹੈ।

ਆਪਣੀ ਮੁਲਾਕਾਤ 'ਚ ਮੋਦੀ ਨੇ ਟਰੰਪ ਨੂੰ ਕਿਹਾ ਕਿ ਇਹ ਇਕ ਦੋ-ਪੱਖੀ ਮਾਮਲਾ ਹੈ, ਜਿਸ 'ਚ ਤੀਜੇ ਪੱਖ ਵਲੋਂ ਵਿਚੋਲਗੀ ਸਵਿਕਾਰ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਮੋਦੀ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਦੋ ਰਾਸ਼ਟਰਾਂ ਦੇ ਲੋਕਾਂ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਮੋਦੀ ਨੇ ਟਰੰਪ ਨੂੰ ਕਿਹਾ ਕਿ ਜਦੋਂ ਪਾਕਿਸਤਾਨ 'ਚ ਨਵੀਂ ਸਰਕਾਰ ਆਈ ਤਾਂ ਮੈਂ ਉਥੋਂ ਦੇ ਪ੍ਰਧਾਨ ਮੰਤਰੀ ਨੂੰ ਫੋਨ ਕਰਕੇ ਵਧਾਈ ਦਿੱਤੀ ਤੇ ਕਿਹਾ ਸੀ ਕਿ ਦੋਵਾਂ ਦੇਸ਼ਾਂ ਦੀਆਂ ਸਮੱਸਿਆਵਾਂ ਇਕੋ ਜਿਹੀਆਂ ਹਨ। ਦੋਵਾਂ ਦੇਸ਼ਾਂ ਵਿਚਾਲੇ ਸਾਰੇ ਮੁੱਦੇ ਦੋ-ਪੱਖੀ ਹਨ। ਸਾਨੂੰ ਮਿਲ ਕੇ ਇਨ੍ਹਾਂ ਦਾ ਹੱਲ ਕਰਨਾ ਚਾਹੀਦਾ ਹੈ।

ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਕਸ਼ਮੀਰ ਮੁੱਦੇ 'ਤੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਭ ਕੰਟਰੋਲ 'ਚ ਹੈ। ਉਨ੍ਹਾਂ ਨੇ ਪਾਕਿਸਤਾਨ ਨਾਲ ਗੱਲ ਕੀਤੀ ਹੈ ਕਿ ਇਹ ਪੂਰੀ ਤਰ੍ਹਾਂ ਯੋਗ ਹੈ ਤੇ ਸਭ ਸਹੀ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਮਿਲ ਕੇ ਕਸ਼ਮੀਰ ਮੁੱਦਾ ਸੁਲਝਾ ਲੈਣਗੇ।

ਭਾਰਤ ਸਾਫ ਕਰ ਚੁੱਕਿਆ ਹੈ ਆਪਣਾ ਰੁਖ
ਇਸ ਤੋਂ ਪਹਿਲਾਂ ਭਾਰਤ ਕਈ ਵਾਰ ਜੰਮੂ-ਕਸ਼ਮੀਰ 'ਤੇ ਲਏ ਫੈਸਲੇ ਨੂੰ ਭਾਰਤ ਦਾ ਅੰਦਰੂਨੀ ਮਾਮਲਾ ਦੱਸ ਚੁੱਕਿਆ ਹੈ ਪਰ ਅਮਰੀਕਾ ਦੇ ਮੁਤਾਬਕ ਇਹ ਇਕ ਖੇਤਰੀ ਮਸਲਾ ਵੀ ਹੈ। ਇਕ ਅਮਰੀਕੀ ਅਧਿਕਾਰੀ ਮੁਤਾਬਕ ਰਾਸ਼ਟਰਪਤੀ ਟਰੰਪ ਤੇ ਪ੍ਰਧਾਨ ਮੰਤਰੀ ਮੋਦੀ ਤਣਾਅ ਨੂੰ ਘੱਟ ਕਰਨ ਤੇ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਲਈ ਸਨਮਾਨ ਵਧਾਉਣ ਦੀ ਯੋਜਨਾ ਬਣਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਤਿੰਨ ਦਿਨਾਂ ਦੇ ਜੀ-7 ਸੰਮੇਲਨ 'ਚ ਅਮਰੀਕਾ ਤੇ ਚੀਨ ਵਿਚਾਲੇ ਚੱਲ ਰਹੀ ਵਪਾਰ ਜੰਗ, ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਦੇ ਮੁੱਦੇ, ਤਹਿਰਾਨ ਦੇ ਪ੍ਰਮਾਣੂ ਪ੍ਰੋਗਰਾਮ ਦੇ ਚੱਲਦੇ ਅਮਰੀਕਾ ਤੇ ਈਰਾਨ ਦੇ ਵਿਚਾਲੇ ਵਧ ਰਹੇ ਤਣਾਅ ਤੇ ਬ੍ਰਾਜ਼ੀਲ 'ਚ ਅਮੇਜ਼ਨ ਜੰਗਲ ਨੂੰ ਨਸ਼ਟ ਕਰਨ ਵਾਲੀ ਅੱਗ 'ਤੇ ਗੱਲਬਾਤ ਹੋ ਸਕਦੀ ਹੈ।


author

Baljit Singh

Content Editor

Related News