ਪ੍ਰਧਾਨ ਮੰਤਰੀ ਮੋਦੀ ਨੇ ਡੈਨਮਾਰਕ ''ਚ ਸਵੀਡਨ ਦੀ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
Wednesday, May 04, 2022 - 03:18 PM (IST)
ਕੋਪੇਨਹੇਗਨ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਇੱਥੇ ਸਵੀਡਨ ਦੀ ਪ੍ਰਧਾਨ ਮੰਤਰੀ ਮੈਗਡਾਲੇਨਾ ਐਂਡਰਸਨ ਨਾਲ ਮੁਲਾਕਾਤ ਕੀਤੀ ਅਤੇ ਦੋਹਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਡੂੰਘਾ ਕਰਨ ਅਤੇ ਸਾਂਝੀ ਕਾਰਜ ਯੋਜਨਾ 'ਚ ਪ੍ਰਗਤੀ ਦੇ ਤਰੀਕਿਆਂ 'ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕੀਤਾ, "ਸਵੀਡਨ ਨਾਲ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਵੀਡਨ ਦੀ ਪ੍ਰਧਾਨ ਮੰਤਰੀ ਮੈਗਡਾਲੇਨਾ ਐਂਡਰਸਨ ਨੇ ਭਾਰਤ-ਸਵੀਡਨ ਦੋਸਤੀ ਵਿਚ ਹੋਰ ਵਿਭਿੰਨਤਾ ਲਿਆਉਣ 'ਤੇ ਵਿਆਪਕ ਗੱਲਬਾਤ ਕੀਤੀ।"
ਆਪਣੇ ਤਿੰਨ ਯੂਰਪੀ ਦੇਸ਼ਾਂ ਦੇ ਦੌਰੇ ਦੇ ਦੂਜੇ ਪੜਾਅ 'ਤੇ ਬਰਲਿਨ ਤੋਂ ਮੰਗਲਵਾਰ ਨੂੰ ਇੱਥੇ ਪਹੁੰਚੇ ਮੋਦੀ ਨੇ ਡੈਨਮਾਰਕ ਦੀ ਰਾਜਧਾਨੀ 'ਚ ਦੂਜੇ ਭਾਰਤ-ਨੋਰਡਿਕ ਸੰਮੇਲਨ ਤੋਂ ਇਲਾਵਾ ਐਂਡਰਸਨ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ, ''ਨਵੀਨਤਾ, ਤਕਨਾਲੋਜੀ ਅਤੇ ਨਿਵੇਸ਼ 'ਤੇ ਸਥਾਪਤ ਇਕ ਸਾਂਝੇਦਾਰੀ। ਪ੍ਰਧਾਨ ਮੰਤਰੀ ਮੋਦੀ ਨੇ ਸਵੀਡਨ ਦੀ ਪ੍ਰਧਾਨ ਮੰਤਰੀ ਮੈਗਡਾਲੇਨਾ ਐਂਡਰਸਨ ਨਾਲ ਦੁਵੱਲੀ ਗੱਲਬਾਤ ਕੀਤੀ। ਸਾਂਝੀ ਕਾਰਜ ਯੋਜਨਾ ਦੀ ਪ੍ਰਗਤੀ ਦੀ ਸਮੀਖਿਆ ਕੀਤੀ।''