PM ਮੋਦੀ ਨੇ ਗਲਾਸਗੋ ''ਚ ਨੇਪਾਲ ਦੇ PM ਨਾਲ ਮੁਲਾਕਾਤ ਕਰ ਦੁਵੱਲੇ ਸਬੰਧਾਂ ''ਤੇ ਕੀਤੀ ਚਰਚਾ
Tuesday, Nov 02, 2021 - 05:19 PM (IST)
ਗਲਾਸਗੋ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਆਪਣੇ ਨੇਪਾਲੀ ਹਮਰੁਤਬਾ ਸ਼ੇਰ ਬਹਾਦੁਰ ਦੇਉਬਾ ਨਾਲ ਮੁਲਾਕਾਤ ਕਰਕੇ ਨੇੜਲੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ, ਜਲਵਾਯੂ ਤਬਦੀਲੀ, ਕੋਵਿਡ-19 ਦਾ ਮੁਕਾਬਲਾ ਕਰਨ ਅਤੇ ਮਹਾਮਾਰੀ ਤੋਂ ਉਭਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਦੇਉਬਾ ਦੇ ਜੁਲਾਈ 'ਚ ਨੇਪਾਲ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਨਾਲ ਇਹ ਉਨ੍ਹਾਂ ਦੀ ਪਹਿਲੀ ਮੁਲਾਕਾਤ ਹੈ।
ਗਲਾਸਗੋ ਵਿਚ ਜਲਵਾਯੂ ਤਬਦੀਲੀ 'ਤੇ ਸੰਯੁਕਤ ਰਾਸ਼ਟਰ ਸੰਮੇਲਨ ਦੇ ਮੌਕੇ 'ਤੇ ਮੋਦੀ ਅਤੇ ਦੇਉਬਾ ਵਿਚਕਾਰ ਹੋਈ ਇਹ ਬੈਠਕ ਭਾਰਤ ਵੱਲੋਂ 'ਛੋਟੇ ਟਾਪੂ ਦੇਸ਼ਾਂ ਲਈ ਲਚਕੀਲਾ ਬੁਨਿਆਦੀ ਢਾਂਚਾ' (IRIS) ਪਹਿਲ ਦੀ ਸ਼ੁਰੂਆਤ ਕੀਤੇ ਜਾਣ ਤੋਂ ਬਾਅਦ ਹੋਈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ, 'ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਦੇਉਬਾ ਦੇ ਅਹੁਦਾ ਸੰਭਾਲਣ ਤੋਂ ਬਾਅਦ ਇਸ ਪਹਿਲੀ ਮੁਲਾਕਾਤ ਵਿਚ ਦੋਵਾਂ ਨੇਤਾਵਾਂ ਨੇ ਸਾਡੇ ਨਜ਼ਦੀਕੀ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਜਲਵਾਯੂ, ਕੋਵਿਡ-19 ਬਾਰੇ ਵੀ ਚਰਚਾ ਕੀਤੀ ਅਤੇ ਮਹਾਮਾਰੀ ਤੋਂ ਉਭਰਨ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ।'