ਪ੍ਰਧਾਨ ਮੰਤਰੀ ਮੋਦੀ ਦੀ ਇਟਲੀ ਫੇਰੀ ਨਾਲ ਹੋਰ ਡੂੰਘਾ ਹੋਵੇਗਾ ਦੋਵਾਂ ਦੇਸ਼ਾਂ ਦਾ ਰਿਸ਼ਤਾ

Saturday, May 23, 2026 - 06:04 PM (IST)

ਪ੍ਰਧਾਨ ਮੰਤਰੀ ਮੋਦੀ ਦੀ ਇਟਲੀ ਫੇਰੀ ਨਾਲ ਹੋਰ ਡੂੰਘਾ ਹੋਵੇਗਾ ਦੋਵਾਂ ਦੇਸ਼ਾਂ ਦਾ ਰਿਸ਼ਤਾ

ਰੋਮ (ਦਲਵੀਰ ਸਿੰਘ ਕੈਂਥ) : ਇਟਲੀ ਭਾਰਤੀਆਂ ਦਾ ਮੁੱਢ ਤੋਂ ਮਹਿਬੂਬ ਦੇਸ਼ ਰਿਹਾ ਹੈ ਜਿਸ ਨਾਲ ਯਾਰਾਨਾ ਨਿਭਾਉਣ ਲਈ ਦੂਜੀ ਵਿਸ਼ਵ ਜੰਗ ਦੌਰਾਨ ਹਜ਼ਾਰਾਂ ਭਾਰਤੀਆਂ ਨੇ ਇਟਲੀ ਦੀ ਆਜ਼ਾਦੀ ਲਈ ਹੱਸਦਿਆਂ ਸ਼ਹੀਦੀ ਜਾਮ ਪੀਤੇ। ਜਦੋਂ ਵੀ ਇਟਲੀ ਨੂੰ ਕੋਈ ਕੁਦਰਤੀ ਆਫ਼ਤ ਘੇਰਦੀ ਹੈ ਤਾਂ ਇਟਲੀ ਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਦੇ ਲੋਕ ਇਟਲੀ ਦੇ ਮੋਢੇ ਨਾਲ ਮੋਢਾ ਲਾ ਖੜ੍ਹ ਜਾਂਦੇ ਹਨ। ਆਫ਼ਤ ਚਾਹੇ ਕੋਰੋਨਾ ਦੀ ਹੋਵੇ ਜਾਂ ਹੜ੍ਹਾਂ ਦੀ, ਭਾਰਤੀ ਸਦਾ ਸਹਾਇਤਾ ਲਈ ਇਟਲੀ ਨੂੰ ਮੋਹਰਲੀ ਕਤਾਰ ਵਿੱਚ ਮਿਲੇ। ਇੱਕ ਸਮਾਂ ਸੀ ਜਦੋਂ ਯੂਰਪੀ ਦੇਸ਼ਾਂ ਦੀਆਂ ਆਰਥਿਕ ਉਮੀਦਾਂ ਮੁੱਖ ਤੌਰ ‘ਤੇ ਚੀਨ ਨਾਲ ਜੁੜੀਆਂ ਹੋਈਆਂ ਸਨ, ਪਰ ਹੁਣ ਹਾਲਾਤ ਬਦਲ ਰਹੇ ਹਨ। ਕੋਰੋਨਾ ਮਹਾਂਮਾਰੀ, ਰੂਸ-ਯੂਕਰੇਨ ਯੁੱਧ, ਸਪਲਾਈ ਚੇਨ ਸੰਕਟ ਅਤੇ ਚੀਨ ਨਾਲ ਵਧ ਰਹੇ ਰਾਜਨੀਤਿਕ ਤਣਾਅ ਨੇ ਯੂਰਪ ਨੂੰ ਨਵੇਂ ਭਰੋਸੇਯੋਗ ਸਾਥੀਆਂ ਦੀ ਭਾਲ ਕਰਨ ਲਈ ਮਜਬੂਰ ਕੀਤਾ ਹੈ। ਇਸ ਸੰਦਰਭ ਵਿੱਚ ਭਾਰਤ ਇੱਕ ਵੱਡੀ ਉਭਰਦੀ ਤਾਕਤ ਵਜੋਂ ਸਾਹਮਣੇ ਆਇਆ ਹੈ। ਇਟਲੀ ਖਾਸ ਤੌਰ ‘ਤੇ ਹੁਣ ਭਾਰਤ ਨੂੰ ਸਿਰਫ਼ ਇੱਕ ਬਜ਼ਾਰ ਨਹੀਂ, ਸਗੋਂ ਇੱਕ ਰਣਨੀਤਿਕ ਸਾਥੀ ਵਜੋਂ ਵੇਖ ਰਿਹਾ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਟਲੀ ਦੌਰੇ ਨੇ ਇਸ ਨਵੇਂ ਰਿਸ਼ਤੇ ਨੂੰ ਹੋਰ ਮਜ਼ਬੂਤੀ ਦਿੱਤੀ ਹੈ। ਇਟਾਲੀਅਨ ਮੀਡੀਆ ਅਤੇ ਯੂਰਪੀ ਵਿਸ਼ਲੇਸ਼ਕ ਇਸ ਦੌਰੇ ਨੂੰ “ਨਵੇਂ ਯੂਰਪ-ਭਾਰਤ ਯੁੱਗ” ਦੀ ਸ਼ੁਰੂਆਤ ਵਜੋਂ ਵੇਖ ਰਹੇ ਹਨ। ਇਟਲੀ ਦੀ ਪ੍ਰਧਾਨ ਮੰਤਰੀ Giorgia Meloni (ਜੌਰਜੀਆ ਮੇਲੋਨੀ) ਅਤੇ ਨਰਿੰਦਰ ਮੋਦੀ ਵਿਚਕਾਰ ਬਣ ਰਹੀ ਨਜ਼ਦੀਕੀ ਵੀ ਇਸ ਬਦਲਦੇ ਭੂ-ਰਾਜਨੀਤਿਕ ਦ੍ਰਿਸ਼ ਦਾ ਹਿੱਸਾ ਹੈ।

ਇਟਲੀ ਦੀਆਂ ਅਖਬਾਰਾਂ 'ਚ ਆ ਰਹੀਆਂ ਸੁਰਖੀਆ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਰੋਮ ਹੁਣ ਭਾਰਤ ਨੂੰ ਇੱਕ ਮਜਬੂਤ ਭਾਈਵਾਲ ਸੰਧੀ (Strategic Partner) ਵਜੋਂ ਵੇਖਦਾ ਹੈ। ਇਟਲੀ ਦੀ ਮਸ਼ਹੂਰ ਅਖਬਾਰ " ਲਾ- ਰਿਪਬਲਿਕਾ" La Repubblica ਨੇ ਲਿਖਿਆ ਕਿ “ਚੀਨ ‘ਤੇ ਨਿਰਭਰਤਾ ਘਟਾਉਣ ਲਈ ਇਟਲੀ ਦੀ ਨਜ਼ਰ ਭਾਰਤ ਵੱਲ ਹੈ।” ਇਸ ਸੁਰਖੀ ਦੇ ਪਿੱਛੇ ਸਿਰਫ਼ ਵਪਾਰਕ ਕਾਰਨ ਨਹੀਂ ਹਨ, ਸਗੋਂ ਵੱਡੇ ਰਾਜਨੀਤਿਕ ਅਤੇ ਸੁਰੱਖਿਆ ਸਬੰਧੀ ਕਾਰਨ ਵੀ ਹਨ।

ਚੀਨ ਨੇ ਪਿਛਲੇ ਦੋ ਦਹਾਕਿਆਂ ਵਿੱਚ ਯੂਰਪ ਵਿੱਚ ਭਾਰੀ ਨਿਵੇਸ਼ ਕੀਤਾ। ਇਟਲੀ 2019 ਵਿੱਚ ਨਵੀਂ ਬਣ ਰਹੀ ਸੰਸਾਰ ਬਣਤਰ ਵਿੱਚ Belt and Road Initiative ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਵੱਡਾ G7 ਦੇਸ਼ ਬਣਿਆ ਸੀ। ਪਰ ਸਮੇਂ ਦੇ ਨਾਲ ਇਸ ਤਰ੍ਹਾਂ ਇਹ ਮਹਿਸੂਸ ਹੋਇਆ ਕਿ ਚੀਨ ਨਾਲ ਵਧਦੀ ਆਰਥਿਕ ਨਿਰਭਰਤਾ ਉਸਦੀ ਰਣਨੀਤਿਕ ਖੁਦਮੁਖਤਿਆਰੀ ਲਈ ਖ਼ਤਰਾ ਬਣ ਸਕਦੀ ਹੈ। ਅਮਰੀਕਾ ਅਤੇ ਯੂਰਪੀ ਯੂਨੀਅਨ ਵੱਲੋਂ ਵੀ ਚੀਨ ਪ੍ਰਤੀ ਸਖ਼ਤ ਰਵੱਈਆ ਅਪਣਾਇਆ ਗਿਆ ਹੈ। ਇਸਦੇ ਨਾਲ ਹੀ ਭਾਰਤ ਨੇ ਆਪਣੇ ਆਪ ਨੂੰ ਇੱਕ ਲੋਕਤੰਤਰਿਕ, ਵੱਡੇ ਬਜ਼ਾਰ ਅਤੇ ਭਰੋਸੇਯੋਗ ਸਾਥੀ ਵਜੋਂ ਪੇਸ਼ ਕੀਤਾ।

ਇਟਲੀ ਹੁਣ ਇਹ ਸਮਝਦਾ ਹੈ ਕਿ ਭਵਿੱਖ ਦੀ ਆਰਥਿਕ ਤਾਕਤ ਏਸ਼ੀਆ 'ਚ ਹੋਵੇਗੀ ਅਤੇ ਉਸ ਏਸ਼ੀਆ 'ਚ ਭਾਰਤ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੋਵੇਗੀ। ਦੁਨੀਆ ਦੀ ਸਭ ਤੋਂ ਵੱਡੀ ਆਬਾਦੀ, ਤੇਜ਼ੀ ਨਾਲ ਵਧਦੀ ਆਰਥਿਕਤਾ ਅਤੇ ਤਕਨਾਲੋਜੀ ਖੇਤਰ ਵਿੱਚ ਉਭਰਦੀ ਸਥਿਤੀ ਨੇ ਭਾਰਤ ਨੂੰ ਯੂਰਪ ਲਈ ਆਕਰਸ਼ਕ ਬਣਾਇਆ ਹੋਇਆ ਸਾਫ ਦਿਖਾਈ ਦੇ ਰਿਹਾ ਹੈ।

ਇਸ ਨਵੇਂ ਸਬੰਧ ਦਾ ਇੱਕ ਮਹੱਤਵਪੂਰਨ ਹਿੱਸਾ IMEC (India-Middle East-Europe Economic Corridor) ਹੈ। ਇਹ ਪ੍ਰਾਜੈਕਟ ਭਾਰਤ ਨੂੰ ਮੱਧ-ਪੂਰਬ ਰਾਹੀਂ ਯੂਰਪ ਨਾਲ ਜੋੜੇਗਾ। ਇਟਲੀ ਇਸ ਰਸਤੇ ਵਿੱਚ ਇੱਕ ਮਹੱਤਵਪੂਰਨ ਯੂਰਪੀ ਦਰਵਾਜ਼ਾ ਬਣਨਾ ਚਾਹੁੰਦਾ ਹੈ। ਜੇ ਇਹ ਯੋਜਨਾ ਸਫਲ ਹੁੰਦੀ ਹੈ ਤਾਂ ਇਹ ਚੀਨ ਦੇ Belt and Road Initiative ਦਾ ਵੱਡਾ ਵਿਕਲਪ ਬਣ ਸਕਦੀ ਹੈ। ਇਸ ਕਰਕੇ ਇਟਲੀ ਭਾਰਤ ਨਾਲ ਹੋਰ ਨੇੜਤਾ ਬਣਾਉਣ ਵਿੱਚ ਦਿਲਚਸਪੀ ਲੈ ਰਿਹਾ ਹੈ।

ਇਟਲੀ ਵਿੱਚ ਅਨੇਕਾਂ ਰਾਜਨੀਤਿਕ ਘਟਨਾਵਾਂ ਵਾਪਰੀਆਂ। ਪਰ ਅਜਿਹੀ ਅਸਚਰਜ ਕਰ ਦੇਣ ਵਾਲੀ ਸਥਿਤੀ ਪਹਿਲੀ ਵਾਰੀ ਨਜ਼ਰੀ ਆਈ ਹੈ ਕਿ ਇਟਲੀ ਦੀ ਪ੍ਰਧਾਨ ਮੰਤਰੀ ਜਿਹੜੀ ਕਿ ਟਰੰਪ ਨੂੰ ਤਾਂ ਠੋਕ ਕੇ ਜਵਾਬ ਦਿੰਦੀ ਹੈ ਪਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਲਈ ਪੱਬਾਂ ਭਾਰ ਹੋਈ ਦਿਖਾਈ ਦਿੱਤੀ ਤੇ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੋਮ ਦੀਆਂ ਸੜਕਾਂ ਉੱਤੇ ਘੁੰਮਦੀ ਨਜ਼ਰ ਆਈ। ਉਸ ਨਾਲ ਖਾਣਾ ਖਾਂਦੀ ਨਜ਼ਰ ਆਈ। ਅਜਿਹੀ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਫਰਾਕਦਿਲੀ ਇਟਾਲੀਅਨ ਗੌਰਮੈਂਟ ਵੱਲੋਂ ਸ਼ਾਇਦ ਇਹ ਇਤਿਹਾਸ ਵਿੱਚ ਪਹਿਲੀ ਵਾਰੀ ਦਿਖਾਈ ਗਈ ਹੈ।

ਵਪਾਰ ਦੇ ਖੇਤਰ ਵਿੱਚ ਵੀ ਭਾਰਤ ਤੇ ਇਟਲੀ ਦੋਵੇਂ ਦੇਸ਼ਾਂ ਵਿਚਕਾਰ ਨਵੇਂ ਮੌਕੇ ਖੁੱਲ੍ਹ ਰਹੇ ਹਨ। ਇਟਲੀ ਦੀਆਂ ਕੰਪਨੀਆਂ ਭਾਰਤ ਦਾ ਬੁਨਿਆਦੀ ਢਾਂਚਾ, ਹਰੀ ਊਰਜਾ, ਰੱਖਿਆ ਨਿਰਮਾਣ, ਆਰਟੀਫਿਸ਼ੀਲ ਇਨਟੈਲੀਜੈਂਸੀ ਅਤੇ ਆਟੋਮੋਬਾਈਲ ਖੇਤਰ ਵਿੱਚ ਨਿਵੇਸ਼ ਦੇ ਮੌਕੇ ਵੇਖ ਰਹੀਆਂ ਹਨ। ਦੂਜੇ ਪਾਸੇ ਭਾਰਤੀ ਕੰਪਨੀਆਂ ਯੂਰਪੀ ਬਜ਼ਾਰ ਤੱਕ ਪਹੁੰਚਣ ਲਈ ਇਟਲੀ ਨੂੰ ਇੱਕ ਮਹੱਤਵਪੂਰਨ ਕੇਂਦਰ ਵਜੋਂ ਵੇਖਦੀਆਂ ਹਨ। ਇਟਲੀ ਦੀਆਂ ਇਲ ਸੋਲੇ ਬੇਨਤੀ-ਕਾਤਰੋ ਔਰੇ (Il Sole 24 Ore )ਵਰਗੀਆਂ ਵਿੱਤੀ ਅਖਬਾਰਾਂ ਨੇ ਲਿਖਿਆ ਕਿ ਜ਼ੋਰਜਾ ਮੀਲੋਨੀ ਅਤੇ ਨਰਿੰਦਰ ਮੋਦੀ ਇਟਲੀ-ਭਾਰਤ ਆਰਥਿਕ ਧੁਰੇ ਨੂੰ ਮਜ਼ਬੂਤ ਕਰ ਰਹੇ ਹਨ।” ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਸਿਰਫ਼ ਰਾਜਨੀਤਿਕ ਦੋਸਤੀ ਨਹੀਂ, ਸਗੋਂ ਆਰਥਿਕ ਰਣਨੀਤੀ ਦਾ ਵੀ ਹਿੱਸਾ ਹੈ।

ਇਟਲੀ ਵਿੱਚ ਰਹਿੰਦੀ ਭਾਰਤੀ ਅਤੇ ਸਿੱਖ ਭਾਈਚਾਰਾ ਵੀ ਇਸ ਰਿਸ਼ਤੇ ਦੀ ਇੱਕ ਮਹੱਤਵਪੂਰਨ ਕੜੀ ਹੈ। ਅਮੀਲੀਆ ਰੋਮਾਨਾ, ਲੰਬੌਰਦੀਆ, ਕਰਮੋਨਾ, ਬਰੇਸ਼ੀਆ, ਬੈਰਗਾਮੋ, ਲਾਤੀਨਾ, ਸਲੇਰਨੋ, ਪਲੇਰਮੋ, ਮਿਲਾਨੋ, ਬਾਲੋਨੀਆ, ਰੋਮਾ ਅਤੇ ਵੈਨਤੋਂ ਵਰਗੇ ਖੇਤਰਾਂ ਵਿੱਚ ਹਜ਼ਾਰਾਂ ਪੰਜਾਬੀ ਸਿੱਖ ਪਰਿਵਾਰ ਖੇਤੀਬਾੜੀ, ਡੇਰੀਅ ਫਾਰਮ, ਵੱਡੇ ਵੱਡੇ ਸਮਾਰਟ ਸਟੋਰਾਂ ਵਿੱਚ ਅਤੇ ਟਰਾਂਸਪੋਰਟ ਸੈਕਟਰ ਵਿੱਚ ਕੰਮ ਕਰ ਰਹੇ ਹਨ। ਖਾਸ ਕਰਕੇ ਖੇਤੀਬਾੜੀ ਸੈਕਟਰ ਵਿੱਚ ਅਤੇ ਉਸ ਤੋਂ ਬਣਦੇ ਉਤਪਾਦਨਾ ਵਿੱਚ ਅਤੇ ਡੇਰੀ ਫਾਰਮ ਤੋਂ ਬਣਦੇ ਵੱਖ ਵੱਖ ਪ੍ਰੋਡਕਟਾਂ ਵਾਲੀਆਂ ਫੈਕਟਰੀਆਂ 'ਚ ਭਾਰਤੀ ਭਾਈਚਾਰਾ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ। ਇਟਲੀ ਵਿੱਚ ਇਕ ਲੱਖ 80 ਹਜ਼ਾਰ ਦੇ ਕਰੀਬ ਪੰਜਾਬੀ ਵਰਕਰ ਬਹੁਤ ਵੱਡੀ ਭੂਮਿਕਾ ਨਿਭਾਆ ਰਹੇ ਹਨ। ਖਾਸ ਕਰਕੇ ਇਟਲੀ ਦੇ ਇਟਾਲੀਅਨ ਲੋਕ ਭਾਰਤੀ ਪੰਜਾਬੀਆਂ ਦੀ ਸਖਤ ਮਿਹਨਤ ਦੇ ਬਹੁਤ ਹੀ ਕਦਰਦਾਨ ਹਨ।

ਇਟਲੀ ਦੇ ਪ੍ਰਵਾਸੀ ਭਾਰਤੀ ਹੁਣ ਸਿਰਫ਼ ਮਜ਼ਦੂਰੀ ਤੱਕ ਸੀਮਿਤ ਨਹੀਂ ਰਹੇ। ਨਵੀਂ ਪੀੜ੍ਹੀ ਵਿਜ਼ਨ,ਐਜੂਕੇਸ਼ਨ, ਹੈਲਥ ਕੇਅਰ ਤੇ ਟੈਕਨੋਲੋਜੀ ਖੇਤਰ ਵਿੱਚ ਵੀ ਅੱਗੇ ਵੱਧ ਰਹੀ ਹੈ। ਇਸ ਕਰਕੇ ਇਟਲੀ ਦੀ ਸਰਕਾਰ ਅਤੇ ਸਮਾਜ ਭਾਰਤੀ ਪੰਜਾਬੀਆਂ ਭਾਈਚਾਰੇ ਨੂੰ ਇੱਕ ਸਕਾਰਾਤਮਕ ਅਤੇ ਮਿਹਨਤੀ ਭਾਈਚਾਰੇ ਵਜੋਂ ਵੇਖਦਾ ਹੈ। ਹਾਲਾਂਕਿ ਕੁਝ ਯੂਰਪੀ ਮੀਡੀਆ ਅਤੇ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਭਾਰਤ ਦੇ ਅੰਦਰਲੇ ਕੁਝ ਮੁੱਦਿਆਂ—ਜਿਵੇਂ ਭਾਰਤ ਦੀਆਂ ਘੱਟ ਗਿਣਤੀ ਦੀ ਆਜ਼ਾਦੀ ਅਤੇ ਮਨੁੱਖੀ ਆਜ਼ਾਦੀ, ਪ੍ਰੈਸ ਦੀ ਆਜ਼ਾਦੀ ਅਤੇ ਹੋਰ ਲੋਕਤੰਤਰਿਕ ਮਸਲਿਆਂ ‘ਤੇ ਚਿੰਤਾ ਵੀ ਜ਼ਾਹਰ ਕੀਤੀ ਜਾਂਦੀ ਹੈ। ਪਰ ਇਸਦੇ ਬਾਵਜੂਦ ਯੂਰਪ ਦੀ ਰਾਜਨੀਤਿਕ ਅਤੇ ਆਰਥਿਕ ਹਕੀਕਤ ਇਹ ਹੈ ਕਿ ਉਹ ਭਾਰਤ ਨਾਲ ਸਬੰਧ ਮਜ਼ਬੂਤ ਕਰਨਾ ਚਾਹੁੰਦਾ ਹੈ।

ਜੌਰਜੀਆ ਮਿਲੋਨੀ (ਇਟਲੀ ਦੀ ਪ੍ਰਧਾਨ ਮੰਤਰੀ) ਅਤੇ ਨਰਿੰਦਰ ਮੋਦੀ ਦੀ ਨਿੱਜੀ ਕੈਮਿਸਟਰੀ ਵੀ ਇਸ ਨਵੇਂ ਰਿਸ਼ਤੇ ਵਿੱਚ ਇੱਕ ਵੱਡਾ ਤੱਤ ਹੈ। ਦੋਵੇਂ ਨੇਤਾ ਆਪਣੇ-ਆਪਣੇ ਦੇਸ਼ਾਂ ਵਿੱਚ ਰਾਸ਼ਟਰਵਾਦੀ ਅਤੇ ਮਜ਼ਬੂਤ ਨੇਤ੍ਰਿਤਵ ਦੀ ਛਵੀ ਰੱਖਦੇ ਹਨ। ਇਟਾਲੀਅਨ ਸਿਆਸੀ ਹਲਕਿਆਂ ਵਿੱਚ ਨਰਿੰਦਰ ਮੋਦੀ ਨੂੰ ਇੱਕ ਸਖਤ ਤੇ ਮਜਬੂਤ ਫੈਸਲੇ ਲੈਣ ਵਾਲਾ ਲੀਡਰ ਵਜੋਂ ਵੇਖਿਆ ਜਾਂਦਾ ਹੈ। ਜੋ ਭਾਰਤ ਨੂੰ ਵਿਸ਼ਵ ਮੰਚ ‘ਤੇ ਨਵੀਂ ਪਛਾਣ ਦੇ ਰਿਹਾ ਹੈ। ਅੱਜ ਦਾ ਯੂਰਪ ਇੱਕ ਅਜਿਹੇ ਸਾਥੀ ਦੀ ਭਾਲ ਵਿੱਚ ਹੈ ਜੋ ਵੱਡਾ ਬਾਜ਼ਾਰ ਹੋਵੇ, ਲੋਕਤੰਤਰਿਕ ਪ੍ਰਣਾਲੀ ਰੱਖਦਾ ਹੋਵੇ, ਚੀਨ ਦਾ ਵਿਕਲਪ ਬਣ ਸਕੇ ਅਤੇ ਇੰਡੋ ਪੈਸਫਿਕ ਖੇਤਰ ਵਿੱਚ ਸੰਤੁਲਨ ਕਾਇਮ ਰੱਖ ਸਕੇ। ਇਹ ਸਾਰੇ ਗੁਣ ਭਾਰਤ 'ਚ ਵੇਖੇ  ਜਾ ਰਹੇ ਹਨ। ਇਸ ਲਈ ਇਟਲੀ ਸਮੇਤ ਕਈ ਯੂਰਪੀ ਦੇਸ਼ ਭਾਰਤ ਨਾਲ ਲੰਬੇ ਸਮੇਂ ਦੀ ਸਾਂਝ ਬਣਾਉਣ ਵੱਲ ਵਧ ਰਹੇ ਹਨ। 

ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਇਟਲੀ ਅਤੇ ਭਾਰਤ ਦੇ ਵਧਦੇ ਰਿਸ਼ਤੇ ਸਿਰਫ਼ ਦੋ ਦੇਸ਼ਾਂ ਦੀ ਦੋਸਤੀ ਨਹੀਂ ਹਨ। ਇਹ ਇੱਕ ਵੱਡੇ ਵਿਸ਼ਵ ਪੱਧਰੀ ਬਦਲਾਅ ਦਾ ਹਿੱਸਾ ਹਨ, ਜਿੱਥੇ ਯੂਰਪ ਚੀਨ ‘ਤੇ ਨਿਰਭਰਤਾ ਘਟਾ ਕੇ ਭਾਰਤ ਵੱਲ ਇੱਕ ਨਵੇਂ ਭਰੋਸੇਮੰਦ ਸਾਥੀ ਵਜੋਂ ਦੇਖ ਰਿਹਾ ਹੈ। ਆਉਣ ਵਾਲੇ ਸਾਲਾਂ ਵਿੱਚ ਵਪਾਰ ਵਿੱਚ ਟੈਕਨਾਲੋਜੀ, ਡਿਫੈਂਸ, ਐਜੂਕੇਸ਼ਨ ਅਤੇ ਇਮੀਗਰੇਸ਼ਨ ਦੇ ਖੇਤਰਾਂ ਵਿੱਚ ਇਹ ਸਾਂਝ ਹੋਰ ਡੂੰਘੀ ਹੋ ਸਕਦੀ ਹੈ। ਇਸ ਨਾਲ ਨਾ ਸਿਰਫ਼ ਦੋਵੇਂ ਦੇਸ਼ਾਂ ਨੂੰ ਫਾਇਦਾ ਹੋਵੇਗਾ, ਸਗੋਂ ਇਟਲੀ ਵਿੱਚ ਰਹਿੰਦੀ ਭਾਰਤੀ ਅਤੇ ਖਾਸ ਕਰਕੇ ਪ੍ਰਵਾਸੀ ਪੰਜਾਬੀਆਂ ਦੀ ਸਥਿਤੀ ਵੀ ਹੋਰ ਮਜ਼ਬੂਤ ਹੋਵੇਗੀ।ਇਟਲੀ ਭਾਰਤ ਦੇ ਗੂੜ੍ਹੇ ਰਿਸ਼ਤੇ ਨਾਲ ਇਟਲੀ ਦੇ ਭਾਰਤੀਆਂ ਦੀ ਦਿੱਖ ਖ਼ਾਸਕਰ ਪੰਜਾਬੀਆਂ ਦੀ ਪ੍ਰਭਾਵਸ਼ਾਲੀ ਤੇ ਦਮਦਾਰ ਹੋਵੇਗੀ ਕਿਉਂਕਿ ਇਟਲੀ ਵਿੱਚ ਭਾਰਤੀ ਪੰਜਾਬੀਆਂ ਦੀ ਗਿਣਤੀ ਹੋਰ ਭਾਰਤੀਆਂ ਨਾਲੋਂ ਵੱਧ ਹੈ ਦੂਜਾ ਇਹ ਲੋਕ ਵੱਖ-ਵੱਖ ਖੇਤਰਾਂ ਵਿੱਚ ਕਾਮਯਾਬੀ ਦਾ ਇਤਿਹਾਸ ਸਿਰਜ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News