ਬ੍ਰਿਟਿਸ਼ PM ਜਾਨਸਨ ਨੂੰ ਝਟਕਾ, ਕੰਜ਼ਰਵੇਟਿਵ ਪਾਰਟੀ ਯੂਕੇ ਦੀਆਂ ਸੰਸਦੀ ਉਪ ਚੋਣਾਂ ਹਾਰੀ
Friday, Dec 17, 2021 - 06:25 PM (IST)
ਲੰਡਨ (ਏਪੀ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਕੰਜ਼ਰਵੇਟਿਵ ਪਾਰਟੀ ਨੂੰ ਸੰਸਦੀ ਉਪ-ਚੋਣਾਂ 'ਚ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜੋ ਕਿ ਕਥਿਤ ਘੁਟਾਲਿਆਂ ਅਤੇ ਵੱਧ ਰਹੇ ਕੋਵਿਡ-19 ਇਨਫੈਕਸ਼ਨਾਂ ਵਿਚਾਲੇ ਉਹਨਾਂ ਦੀ ਸਰਕਾਰ ਦੇ ਸਬੰਧ ਵਿਚ ਇਕ ਜਨਮਤ ਸੰਗ੍ਰਹਿ ਵਾਂਗ ਸੀ। ਉੱਤਰੀ ਸ਼੍ਰੋਪਸ਼ਾਇਰ ਦੀ ਸੀਟ ਲਈ ਲਿਬਰਲ ਡੈਮੋਕਰੇਟ ਉਮੀਦਵਾਰ ਹੈਲਨ ਮੋਰਗਨ ਨੇ ਕੰਜ਼ਰਵੇਟਿਵ ਉਮੀਦਵਾਰ ਨੂੰ ਹਰਾਇਆ। ਉੱਤਰ-ਪੱਛਮੀ ਇੰਗਲੈਂਡ ਦਾ ਇੱਕ ਪੇਂਡੂ ਖੇਤਰ ਨੌਰਥ ਸ਼੍ਰੋਪਸ਼ਾਇਰ ਲਗਾਤਾਰ 1832 ਤੋਂ ਕੰਜ਼ਰਵੇਟਿਵ ਪਾਰਟੀ ਦੀ ਹੀ ਨੁਮਾਇੰਦਗੀ ਕਰ ਰਿਹਾ ਸੀ।
ਸੰਸਦ ਵਿੱਚ ਅਜੇਤੂ 80 ਸੀਟਾਂ ਦੇ ਬਹੁਮਤ ਨਾਲ ਦੁਬਾਰਾ ਚੁਣੇ ਜਾਣ ਦੇ ਦੋ ਸਾਲ ਬਾਅਦ ਹੀ ਜਾਨਸਨ 'ਤੇ ਇਹ ਨਤੀਜਾ ਦਬਾਅ ਵਧਾਏਗਾ। ਉਨ੍ਹਾਂ ਦੀ ਸਰਕਾਰ ਨੂੰ ਹਾਲ ਹੀ ਵਿੱਚ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ 'ਤੇ ਪਿਛਲੇ ਸਾਲ ਕ੍ਰਿਸਮਿਸ ਦੀਆਂ ਪਾਰਟੀਆਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ ਜਦੋਂ ਦੇਸ਼ ਵਿਚ ਤਾਲਾਬੰਦੀ ਸੀ। ਜਿੱਤ ਤੋਂ ਬਾਅਦ ਆਪਣੇ ਭਾਸ਼ਣ ਵਿੱਚ ਮੋਰਗਨ ਨੇ ਕਿਹਾ ਕਿ ਅੱਜ ਰਾਤ ਨੌਰਥ ਸ਼੍ਰੋਪਸ਼ਾਇਰ ਦੇ ਲੋਕਾਂ ਨੇ ਬ੍ਰਿਟਿਸ਼ ਲੋਕਾਂ ਦੀ ਤਰਫੋਂ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਨਤਾ ਨੇ ਸਪਸ਼ੱਟ ਕੀਤਾ ਹੈ ਕਿ ਬੋਰਿਸ ਦੀ ਪਾਰਟੀ ਖ਼ਤਮ ਹੋ ਗਈ ਹੈ। ਝੂਠ ਅਤੇ ਘੁਟਾਲਿਆਂ 'ਤੇ ਚੱਲਣ ਵਾਲੀ ਤੁਹਾਡੀ ਸਰਕਾਰ ਜਵਾਬਦੇਹ ਹੋਵੇਗੀ। ਇਸ ਦੀ ਜਾਂਚ ਕੀਤੀ ਜਾਵੇਗੀ, ਇਸ ਨੂੰ ਚੁਣੌਤੀ ਦਿੱਤੀ ਜਾਵੇਗੀ ਅਤੇ ਇਸ ਨੂੰ ਹਰਾਇਆ ਜਾ ਸਕਦਾ ਹੈ ਅਤੇ ਅਜਿਹਾ ਹੋਵੇਗਾ।
ਪੜ੍ਹੋ ਇਹ ਅਹਿਮ ਖਬਰ- ਸਕਾਟਲੈਂਡ: ਕ੍ਰਿਸਮਸ ਮੌਕੇ ਕਾਰੋਬਾਰਾਂ 'ਤੇ ਓਮੀਕਰੋਨ ਦੀ ਗੜੇਮਾਰੀ, ਯੂਕੇ ਸਰਕਾਰ ਤੋਂ ਮੰਗਿਆ ਵਿੱਤੀ ਪੈਕੇਜ
ਵੀਰਵਾਰ ਦਾ ਨਤੀਜਾ ਕੰਜ਼ਰਵੇਟਿਵ ਪਾਰਟੀ ਦੀ ਇਸ ਸਾਲ ਉਪ ਚੋਣ ਵਿਚ ਦੂਜੀ ਹਾਰ ਹੈ। ਜੂਨ ਵਿੱਚ ਲਿਬਰਲ ਡੈਮੋਕਰੇਟ ਸਾਰਾਹ ਗ੍ਰੀਨ ਨੇ ਲੰਡਨ ਦੇ ਉੱਤਰ-ਪੱਛਮ ਵਾਲੇ ਹਲਕੇ ਚੇਸ਼ਮ ਅਤੇ ਐਮਰਸ਼ਾਮ ਵਿੱਚ ਉਪ-ਚੋਣ ਜਿੱਤੀ ਸੀ ਜੋ ਕੰਜ਼ਰਵੇਟਿਵ ਦਾ ਗੜ੍ਹ ਰਿਹਾ ਹੈ। ਸਾਲ 1983 ਤੋਂ ਕੰਜ਼ਰਵੇਟਿਵ ਐਮਪੀ, ਰੋਜਰ ਗੇਲ ਨੇ ਕਿਹਾ ਕਿ ਉੱਤਰੀ ਸ਼੍ਰੋਪਸ਼ਾਇਰ ਦਾ ਨਤੀਜਾ ਸਪੱਸ਼ਟ ਸੰਕੇਤ ਹੈ ਕਿ ਜਨਤਾ ਜਾਨਸਨ ਦੇ ਸਰਕਾਰ ਚਲਾਉਣ ਦੇ ਤਰੀਕੇ ਤੋਂ ਅਸੰਤੁਸ਼ਟ ਹੈ। ਉਹਨਾਂ ਨੇ ਬੀਬੀਸੀ ਨੂੰ ਕਿਹਾ ਕਿ ਮੇਰੇ ਖਿਆਲ ਵਿੱਚ ਇਸ ਨੂੰ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ 'ਤੇ ਜਨਮਤ ਸੰਗ੍ਰਹਿ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਸੰਸਦ ਦੇ ਇਕ ਹੋਰ ਕੰਜ਼ਰਵੇਟਿਵ ਮੈਂਬਰ ਚਾਰਲਸ ਵਾਕਰ ਨੇ ਕਿਹਾ ਕਿ ਨਤੀਜੇ ਉਸ ਗੁੱਸੇ ਅਤੇ ਨਾਰਾਜ਼ਗੀ ਨੂੰ ਦਿਖਾਉਂਦੇ ਹਨ ਜੋ ਲੋਕ ਮਹਾਮਾਰੀ ਦੇ ਦੋ ਸਾਲਾਂ ਬਾਅਦ ਮਹਿਸੂਸ ਕਰ ਰਹੇ ਹਨ।