ਫਿਲੀਪੀਨਸ ਤੋਂ 40 ਹਜ਼ਾਰ ਚੀਨੀਆਂ ਨੂੰ ਕੱਢਣ ਦੀ ਬਣਾਈ ਯੋਜਨਾ

Sunday, Oct 02, 2022 - 03:21 PM (IST)

ਫਿਲੀਪੀਨਸ ਤੋਂ 40 ਹਜ਼ਾਰ ਚੀਨੀਆਂ ਨੂੰ ਕੱਢਣ ਦੀ ਬਣਾਈ ਯੋਜਨਾ

ਫਿਲੀਪੀਨਸ ਦੇ ਨਵੇਂ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਆਪਣੇ ਦੇਸ਼ ਦੀ ਭੂ-ਸਿਆਸੀ, ਆਰਥਿਕ ਅਤੇ ਸਿਆਸੀ ਨੀਤੀ ਨੂੰ ਬਦਲਣ ਜਾ ਰਹੇ ਹਨ। ਇਸ ਦੇ ਲੰਬੇ ਸਮੇਂ ਦੇ ਨਤੀਜੇ ਨਿਕਲ ਕੇ ਸਾਹਮਣੇ ਆਉਣਗੇ। ਸਾਬਕਾ ਰਾਸ਼ਟਰਪਤੀ ਰਾਡ੍ਰਿਗੋ ਦੁਤੇਰਤੇ ਦੇ ਰਾਜਕਾਲ ’ਚ ਚੀਨ ਦੇ ਲੋਕਾਂ ਨੂੰ ਫਿਲੀਪੀਨਸ ’ਚ ਜੂਆ ਘਰ ਖੋਲ੍ਹਣ ਦੇ ਬੜੇ ਸੌਖੇ ਮੌਕੇ ਦਿੱਤੇ ਗਏ ਸਨ, ਇਸ ਕਾਰਨ ਫਿਲੀਪੀਨਸ ’ਚ ਚੀਨੀਆਂ ਵੱਲੋਂ ਚਲਾਈਆਂ ਜਾ ਰਹੀਆਂ ਗੈਰ-ਕਾਨੂੰਨੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਨ੍ਹਾਂ ਨੂੰ ਖਤਮ ਕਰਨ ਲਈ ਨਵੇਂ ਰਾਸ਼ਟਰਪਤੀ ਮਾਰਕੋਸ ਜੂਨੀਅਰ ਨੇ ਦੇਸ਼ ਦੀਅਾਂ ਨੀਤੀ ਤਬਦੀਲੀਆਂ ਦਾ ਐਲਾਨ ਕੀਤਾ ਹੈ ਅਤੇ ਉਨ੍ਹਾਂ ’ਤੇ ਕੰਮ ਵੀ ਸ਼ੁੂਰ ਕਰ ਿਦੱਤਾ ਹੈ।

ਇਸ ਹਫਤੇ ਫਿਲੀਪੀਨਸ ਦੇ ਨਿਆਂ ਵਿਭਾਗ ਨੇ ਐਲਾਨ ਕੀਤਾ ਹੈ ਕਿ ਉਹ 175 ਜੂਆਘਰਾਂ ’ਤੇ ਤਾਲੇ ਲਾਏਗਾ ਅਤੇ 40 ਹਜ਼ਾਰ ਤੋਂ ਵੱਧ ਚੀਨੀਆਂ ਨੂੰ ਫਿਲੀਪੀਨਸ ’ਚੋਂ ਬਾਹਰ ਕਰ ਦੇਵੇਗਾ। ਇਹ ਚੀਨੀ ਆਪਣਾ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਫਿਲੀਪੀਨਸ ’ਚ ਰਹਿ ਰਹੇ ਹਨ ਅਤੇ ਢੇਰ ਸਾਰੀਆਂ ਗੈਰ-ਕਾਨੂੰਨੀ ਸਰਗਰਮੀਆਂ ’ਚ ਸ਼ਾਮਲ ਹਨ। ਫਿਲੀਪੀਨਸ ਵਿਖੇ ਚੱਲਣ ਵਾਲੇ ਉਨ੍ਹਾਂ ਜੂਆਘਰਾਂ ਨੂੰ ਸੰਖੇਪ ਸ਼ਬਦਾਂ ’ਚ ਪੋਗੋ ਕਿਹਾ ਜਾਂਦਾ ਹੈ।

ਦੇਸ਼ ਦੇ ਨਿਆਂ ਵਿਭਾਗ ਦੇ ਬੁਲਾਰੇ ਡੋਮਿਨਿਕ ਕਲਾਵਾਨੋ ਨੇ ਦੱਸਿਆ ਕਿ ਉਨ੍ਹਾਂ ’ਚੋਂ ਸਭ ਤੋਂ ਪਹਿਲਾਂ ਉਨ੍ਹਾਂ ਚੀਨੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਜੋ ਕਤਲ, ਅਗਵਾ ਵਰਗੇ ਵੱਡੇ ਅਪਰਾਧਾਂ ’ਚ ਸ਼ਾਮਲ ਹਨ। ਇਸ ਘਟਨਾ ਦੇ ਤੁਰੰਤ ਪਿੱਛੋਂ ਚੀਨ ਦੇ ਦੂਤਘਰ ਤੋਂ ਜਵਾਬ ਆਇਆ ਕਿ ਚੀਨ ਫਿਲੀਪੀਨਸ ਵੱਲੋਂ ਅਜਿਹੀ ਕਾਰਵਾਈ ਦੀ ਹਮਾਇਤ ਕਰਦਾ ਹੈ ਅਤੇ ਜੂਆਘਰਾਂ ਨੂੰ ਬੰਦ ਕਰਨ ਲਈ ਸਖਤ ਕਦਮ ਚੁੱਕਣ ਦਾ ਸਵਾਗਤ ਕਰਦਾ ਹੈ। ਇਕ ਪਾਸੇ ਚੀਨ ਅਜਿਹੀਆਂ ਗੱਲਾਂ ਕਰਦਾ ਹੈ ਤਾਂ ਦੂਜੇ ਪਾਸੇ ਚੀਨ ਦੀ ਸਰਕਾਰ ਆਪਣੇ ਅਧਿਕਾਰੀਆਂ ਨੂੰ ਨਕਲੀ ਦਸਤਾਵੇਜ਼ਾਂ ਨਾਲ ਫਿਲੀਪੀਨਸ ਵਿਖੇ ਜੂਆਘਰ ਚਲਾਉਣ ਲਈ ਭੇਜਦੀ ਹੈ। ਉਨ੍ਹਾਂ ਦੀ ਆਰਥਿਕ ਮਦਦ ਵੀ ਕੀਤੀ ਜਾਂਦੀ ਹੈ ਕਿਉਂਕਿ ਅਖੀਰ ਇਹ ਪੈਸਾ ਮੁਨਾਫੇ ਨਾਲ ਵਾਪਸ ਚੀਨ ਕੋਲ ਜਾਂਦਾ ਹੈ।

ਇਕ ਰਿਪੋਰਟ ਮੁਤਾਬਕ ਨਵੀਂ ਨੀਤੀ ਮੁਤਾਬਕ ਫਿਲੀਪੀਨਸ ਵਿਖੇ ਸਿਰਫ 30 ਲਾਇਸੰਸਧਾਰੀ ਜੂਆਘਰਾਂ ਨੂੰ ਹੀ ਪ੍ਰਵਾਨਗੀ ਮਿਲੇਗੀ। ਇਸ ਸਮੇਂ ਚੀਨ ਦੇ 2 ਲੱਖ 10 ਹਜ਼ਾਰ ਲੋਕ ਇਨ੍ਹਾਂ ਜੂਆਘਰਾਂ ਚ ਕੰਮ ਕਰ ਰਹੇ ਹਨ ਅਤੇ ਚੀਨੀਆਂ ਨੇ ਫਿਲੀਪੀਨਸ ਦੇ ਕਈ ਵੱਡੇ ਸ਼ਹਿਰਾਂ ’ਚ ਵੱਡੀਆਂ ਪ੍ਰਮੁੱਖ ਥਾਵਾਂ ’ਤੇ ਆਪਣੇ ਜੂਆਘਰ ਖੋਲ੍ਹੇ ਹਨ। ਇਨ੍ਹਾਂ ਤੋਂ ਫਿਲੀਪੀਨਸ ਨੂੰ ਚੰਗਾ ਮਾਲੀਆ ਮਿਲਦਾ ਹੈ। ਇਨ੍ਹਾਂ ਜੂਆ ਘਰਾਂ ਨੂੰ ਬੰਦ ਕਰਨ ਨਾਲ ਫਿਲੀਪੀਨਸ ਨੂੰ ਆਰਥਿਕ ਝਟਕਾ ਤਾਂ ਲੱਗੇਗਾ ਖਾਸ ਕਰ ਕੇ ਰੀਅਲ ਅਸਟੇਟ ਬਾਜ਼ਾਰ ’ਤੇ ਇਸ ਦਾ ਮਾੜਾ ਅਸਰ ਪਵੇਗਾ।

ਜੂਆਘਰਾਂ ਦਾ ਅਪਾਰਦਰਸ਼ੀ ਉਦਯੋਗ ਸਾਬਕਾ ਰਾਸ਼ਟਰਪਤੀ ਰਾਡ੍ਰਿਗੋ ਦੁਤੇਰਤੇ ਦੇ ਰਾਜਕਾਲ ’ਚ ਬਹੁਤ ਵਧਿਆ, ਉਨ੍ਹਾਂ ਰਵਾਇਤੀ ਸਹਿਯੋਗੀਆਂ ਦੀ ਕੀਮਤ ’ਤੇ ਚੀਨ ਦੀ ਜ਼ੋਰਦਾਰ ਹਮਾਇਤ ਕੀਤੀ। ਉਨ੍ਹਾਂ ਆਪਣੇ ਰਾਜਕਾਲ ਦੇ ਮੁੱਢਲੇ ਦਿਨਾਂ ’ਚ ਜੂਆਘਰਾਂ ਦੀ ਖੁੱਲ੍ਹ ਕੇ ਵਿਰੋਧਤਾ ਕੀਤੀ ਸੀ। ਸਮੇਂ ਦੇ ਨਾਲ ਉਨ੍ਹਾਂ ਨੇ ਆਨਲਾਈਨ ਕੈਸੀਨੋ ਉਦਯੋਗ ਦੀ ਹਮਾਇਤ ਕੀਤੀ ਜਿਸ ਕਾਰਨ ਦੇਸ਼ ਦੇ ਹਰ ਵੱਡੇ ਸ਼ਹਿਰ ’ਚ ਚੀਨੀ ਜੂਆਘਰਾਂ ਦਾ ਹੜ੍ਹ ਜਿਹਾ ਆ ਗਿਆ। ਇਸ ਦੇ ਨਾਲ ਹੀ ਦੇਸ਼ ’ਚ ਅਪਰਾਧਿਕ ਯੁੱਗ ਵੀ ਆਇਆ ਅਤੇ ਕਤਲ ਅਤੇ ਅਗਵਾ ਵਰਗੀਆਂ ਘਟਨਾਵਾਂ ਆਮ ਹੀ ਵਾਪਰਨ ਲੱਗ ਪਈਆਂ।

ਜੂਆਘਰ ਉਦਯੋਗ ਨੇ ਫਿਲੀਪੀਨਸ ਨੂੰ ਪਹਿਲਾਂ ਦੇ ਮੁਕਾਬਲੇ ਚਾਰ ਗੁਣਾ ਵੱਧ ਮੁਨਾਫਾ ਦੇਣਾ ਸ਼ੁਰੂ ਕੀਤਾ। ਇਹ 4.1 ਅਰਬ ਅਮਰੀਕੀ ਡਾਲਰ ਜਿੰਨਾ ਵੱਡਾ ਸੀ। ਇਹ ਮੁਨਾਫਾ ਫਿਲੀਪੀਨਸ ਨੂੰ ਦੁਤੇਰਤੇ ਰਾਜਕਾਲ ਦੇ ਸਿਰਫ 3 ਸਾਲਾਂ ’ਚ ਹੀ ਮਿਲਿਆ ਸੀ। 2018 ’ਚ ਜੂਆਘਰਾਂ ਵੱਲੋਂ ਲਈ ਜਾਣ ਵਾਲੀ ਲਾਇਸੰਸ ਫੀਸ ਤੋਂ ਹੋਣ ਵਾਲੀ ਕਮਾਈ ਵੀ 1 ਕਰੋੜ 40 ਲੱਖ ਡਾਲਰ ਤੱਕ ਜਾ ਪਹੁੰਚੀ। ਲਾਇਸੰਸ ਫੀਸ ’ਚ 11 ਗੁਣਾ ਦਾ ਵਾਧਾ ਹੋਇਆ। ਉਸ ਤੋਂ ਬਾਅਦ ਇਹ ਮੁਨਾਫਾ ਫਿਲੀਪੀਨਸ ਦੇ ਮਾਲੀਏ ’ਚ ਜਾ ਰਿਹਾ ਸੀ।

ਕੋਰੋਨਾ ਮਹਾਮਾਰੀ ਦੇ ਦੌਰ ’ਚ ਦੁਤੇਰਤੇ ਨੇ ਫਿਲੀਪੀਨਸ ’ਚ ਸਭ ਤੋਂ ਲੰਬਾ ਲਾਕਡਾਊਨ ਲਾਇਆ ਪਰ ਇਸ ਦੇ ਬਾਵਜੂਦ ਚੀਨ ਦੇ ਜੂਆਘਰਾਂ ਨੇ ਆਪਣਾ ਕੰਮ ਆਨਲਾਈਨ ਸ਼ੁਰੂ ਕਰ ਿਦੱਤਾ ਜਿਸ ਕਾਰਨ 2020 ’ਚ ਸਰਕਾਰ ਨੇ 12 ਕਰੋੜ 20 ਲੱਖ ਡਾਲਰ ਦਾ ਮਾਲੀਆ ਕਮਾਇਆ। ਉਸ ਤੋਂ ਅਗਲੇ ਸਾਲ ਭਾਵ 2021 ’ਚ ਲਾਇਸੰਸ ਫੀਸ ਤੋਂ ਹੋਣ ਵਾਲੀ ਕਮਾਈ 8 ਕਰੋੜ ਅਮਰੀਕੀ ਡਾਲਰ ਤੱਕ ਪਹੁੰਚ ਗਈ।

ਓਧਰ ਮਾਰਕੋਸ ਪ੍ਰਸ਼ਾਸਨ ਜੂਆਘਰਾਂ ਨੂੰ ਬੰਦ ਕਰ ਕੇ ਚੀਨ ਨਾਲ ਚੰਗੇ ਸਬੰਧਾਂ ਦਾ ਹਮਾਇਤੀ ਨਿਕਲਿਆ। ਮਾਰਕੋਸ ਜੂਨੀਅਰ ਚਾਹੁੰਦੇ ਹਨ ਕਿ ਚੀਨ ਉਨ੍ਹਾਂ ਦੇ ਦੇਸ਼ ’ਚ ਵੱਡੀਆਂ ਯੋਜਨਾਵਾਂ ਨਾਲ ਆਏ ਅਤੇ ਪੈਸਿਆਂ ਦਾ ਨਿਵੇਸ਼ ਕਰੇ ਤਾਂ ਜੋ ਉੱਚ ਦਰਜੇ ਦੇ ਰੋਜ਼ਗਾਰ ਪੈਦਾ ਹੋ ਸਕਣ। ਮਾਰਕੋਸ ਜੂਨੀਅਰ ਇੱਥੇ ਇਹ ਗੱਲ ਭੁੱਲ ਰਹੇ ਹਨ ਕਿ ਚੀਨ ਆਪਣੇ ਕਰਜ਼ੇ ਦੇ ਜਾਲ ’ਚ ਫਸਾਉਣ ਲਈ ਮੰਨਿਆ ਜਾਂਦਾ ਹੈ। ਇਸ ਦੇ ਬਦਲੇ ’ਚ ਦੱਖਣੀ ਚੀਨ ਸਾਗਰ ’ਚ ਫਿਲੀਪੀਨਸ ਤੋਂ ਕਈ ਟਾਪੂ ਪੱਟੇ ’ਤੇ ਖੋਹ ਲਵੇਗਾ। ਫਿਰ ਉੱਥੇ ਆਪਣੀ ਸਮੁੰਦਰੀ ਫੌਜ ਅਤੇ ਹਵਾਈ ਫੌਜ ਦੇ ਅੱਡੇ ਬਣਾਵੇਗਾ।

ਤੇਜ਼ੀ ਨਾਲ ਵਧਦਾ ਕੈਸੀਨੋ ਉਦਯੋਗ ਫਿਲੀਪੀਨਸ ਲਈ ਖਤਰੇ ਦੀ ਘੰਟੀ ਬਣ ਗਿਆ ਹੈ। ਸਰਕਾਰ ਦੇ ਕਈ ਚੋਟੀ ਦੇ ਅਧਿਕਾਰੀਆਂ ਨੇ ਇਸ ’ਤੇ ਆਪਣੀ ਚਿੰਤਾ ਪ੍ਰਗਟਾਈ ਹੈ। ਅਧਿਕਾਰੀਆਂ ਮੁਤਾਬਕ ਇਹ ਜੂਆਘਰਾਂ ਦਾ ਉਦਯੋਗ ਦੇਸ਼ ਦੀ ਕੌਮੀ ਸੁਰੱਖਿਆ ਲਈ ਵੱਡਾ ਖਤਰਾ ਹੈ ਕਿਉਂਕਿ ਇਨ੍ਹਾਂ ਜੂਆਘਰਾਂ ਨੇ ਸ਼ਹਿਰ ਦੀਆਂ ਅਹਿਮ ਥਾਵਾਂ ’ਤੇ ਆਪਣੇ ਕਾਰੋਬਾਰ ਖੋਲ੍ਹੇ ਹਨ। ਇਨ੍ਹਾਂ ’ਚ ਦੇਸ਼ ਦਾ ਰਾਸ਼ਟਰੀ ਪੁਲਸ ਹੈੱਡਕੁਆਰਟਰ, ਰਾਸ਼ਟਰੀ ਸੁਰੱਖਿਆ ਵਿਭਾਗ, ਫਿਲੀਪੀਨਸ ਫੌਜ ਦਾ ਹੈੱਡਕੁਆਰਟਰ, ਹਵਾਈ ਫੌਜ ਅਤੇ ਸਮੁੰਦਰੀ ਫੌਜ ਦਾ ਹੈੱਡਕੁਆਰਟਰ ਸ਼ਾਮਲ ਹਨ।

ਸਮਾਂ ਬਦਲਣ ਦੇ ਨਾਲ ਹੀ ਚੀਨ ਨੇ ਮਨੀਲਾ ਦੇ ਸੁਰ ਨਾਲ ਸੁਰ ਮਿਲਾਉਂਦੇ ਹੋਏ ਕਿਹਾ ਕਿ ਚੀਨ ਵੀ ਆਪਣੇ ਦੇਸ਼ ’ਚ ਕਿਸੇ ਜੂਆਘਰ ਨੂੰ ਨਹੀਂ ਚੱਲਣ ਦਿੰਦਾ। ਦੇਸ਼ ਦੇ ਇਸ ਕਦਮ ਦਾ ਉਹ ਸਵਾਗਤ ਕਰਦਾ ਹੈ। ਅਸਲ ’ਚ ਸੱਚਾਈ ਇਹ ਹੈ ਕਿ ਚੀਨ ਸਰਕਾਰ ਦੀ ਹਮਾਇਤ ਤੋਂ ਬਿਨਾਂ ਚੀਨ ਫਿਲੀਪੀਨਸ ਵਿਖੇ ਆਪਣਾ ਕੋਈ ਵੀ ਜੂਆਘਰ ਨਹੀਂ ਖੋਲ੍ਹ ਸਕਦਾ ਕਿਉਂਕਿ ਇਸ ਨੂੰ ਖੋਲ੍ਹਣ ਲਈ ਸਾਰਾ ਪੈਸਾ ਚੀਨ ਸਰਕਾਰ ਨੇ ਖੁਦ ਆਪਣੇ ਨਾਗਰਿਕਾਂ ਨੂੰ ਦਿੱਤਾ ਹੈ। ਫਿਲੀਪੀਨਸ ਨੂੰ ਚੀਨ ਨਾਲ ਦੋਸਤੀ ਵਧਾਉਣ ਤੋਂ ਪਹਿਲਾਂ ਸੰਭਲ ਕੇ ਕਦਮ ਚੁੱਕਣੇ ਹੋਣਗੇ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਚੀਨ ਫਿਲੀਪੀਨਸ ਦੇ ਟਾਪੂਆਂ ਨੂੰ ਲੈ ਕੇ ਹਮਾਲਵਰ ਹੋਇਆ ਹੈ। ਇਨ੍ਹਾਂ ’ਚ ਸਕਾਰਬੋਰੋ ਸ਼ਾਲ ਟਾਪੂ ਪ੍ਰਮੁੱਖ ਹੈ। ਜੇ ਸਮੇਂ ਨਾਲ ਫਿਲੀਪੀਨਸ ਨੇ ਸਬਕ ਨਾ ਸਿੱਖਿਆ ਤਾਂ ਉਸ ਦਾ ਹਸ਼ਰ ਵੀ ਪਾਕਿਸਤਾਨ, ਕਿਰਗਿਸਤਾਨ, ਸ਼੍ਰੀਲੰਕਾ ਅਤੇ ਜ਼ਿਬੂਤੀ ਵਰਗਾ ਹੋ ਸਕਦਾ ਹੈ।


author

Harinder Kaur

Content Editor

Related News