ਕੈਨੇਡਾ : ਕੰਪਨੀ ਨਾਲ 5.4 ਮਿਲੀਅਨ ਡਾਲਰ ਦੀ ਧੋਖਾਧੜੀ ਕਰਨ ਵਾਲਾ ਕਾਬੂ, ਹੋਵੇਗੀ ਪੇਸ਼ੀ
Tuesday, Dec 01, 2020 - 04:24 PM (IST)
ਓਂਟਾਰੀਓ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਇਕ ਮੁਲਾਜ਼ਮ 'ਤੇ ਆਪਣੀ ਕੰਪਨੀ ਨਾਲ ਧੋਖਾ ਕਰਨ ਦੇ ਦੋਸ਼ ਲੱਗੇ ਹਨ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੀ ਕੰਪਨੀ ਦੇ ਮਾਲਕ ਨੂੰ 5.4 ਮਿਲੀਅਨ ਡਾਲਰ ਦਾ ਚੂਨਾ ਲਾਇਆ ਹੈ।
ਮਾਰਖਮ ਸ਼ਹਿਰ ਵਿਚ ਗੋਹ ਰੋਡ 'ਤੇ ਇਹ ਕੰਪਨੀ ਸਥਿਤ ਹੈ। ਯਾਰਕ ਰੀਜਨਲ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਫਾਈਨੈਂਨਸ਼ੀਅਲ ਕ੍ਰਾਈਮਜ਼ ਯੂਨਿਟ ਵਲੋਂ ਅਗਸਤ ਮਹੀਨੇ ਧੋਖਾਧੜੀ ਸਬੰਧੀ ਰਿਪੋਰਟ ਦਰਜ ਕਰਵਾਈ ਗਈ ਸੀ। ਜਾਂਚ ਵਿਚ ਪਤਾ ਲੱਗਾ ਕਿ ਕੰਪਨੀ ਵਿਚ ਕੰਟਰੋਲਰ ਵਜੋਂ ਕੰਮ ਕਰਨ ਵਾਲੇ ਨੇ ਆਪਣੇ ਨਿੱਜੀ ਖਾਤੇ ਵਿਚ ਵੱਡੀ ਰਾਸ਼ੀ ਟਰਾਂਸਫਰ ਕਰਵਾ ਲਈ ਸੀ। ਪੁਲਸ ਨੇ 43 ਸਾਲਾ ਸਟੀਵ ਰਾਮਚਰਨ ਨਾਂ ਦੇ ਵਿਅਕਤੀ ਨੂੰ 15 ਸਤੰਬਰ ਨੂੰ ਹਿਰਾਸਤ ਵਿਚ ਲਿਆ ਸੀ। ਉਸ ਨੂੰ 8 ਜਨਵਰੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਪੁਲਸ ਵਲੋਂ ਅਜੇ ਵੀ ਜਾਂਚ ਜਾਰੀ ਹੈ ਤੇ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਸਬੰਧੀ ਹੋਰ ਜਾਣਕਾਰੀ ਹੋਵੇ ਤਾਂ ਉਹ ਪੁਲਸ ਨੂੰ ਇਸ ਸਬੰਧੀ ਜ਼ਰੂਰ ਦੱਸਣ ਤਾਂ ਕਿ ਇਸ ਵਿਅਕਤੀ ਬਾਰੇ ਹੋਰ ਜਾਣਕਾਰੀ ਮਿਲ ਸਕੇ ਤੇ ਪਤਾ ਲੱਗੇ ਕਿ ਇਸ ਨੇ ਕਿਸੇ ਹੋਰ ਤਰ੍ਹਾਂ ਦਾ ਵੀ ਅਪਰਾਧ ਕੀਤਾ ਹੈ ਜਾਂ ਨਹੀਂ।