ਪਾਕਿਸਤਾਨ ’ਚ ਫਿਜ਼ਿਕਸ ਗੋਲਡ ਮੈਡਲਿਸਟ ਮੁਟਿਆਰ ਨੇ ਕੀਤੀ ਖੁਦਕੁਸ਼ੀ
Tuesday, Oct 13, 2026 - 02:18 AM (IST)
ਇਸਲਾਮਾਬਾਦ - ਪਾਕਿਸਤਾਨ ਵਿਚ ਇਕ 20 ਸਾਲ ਦੀ ਮੁਟਿਆਰ ਨੇ ਪੜ੍ਹਾਈ ਦੇ ਨਾਂ ’ਤੇ ਹੋਈ 93 ਲੱਖ ਰੁਪਏ ਦੀ ਠੱਗੀ ਤੋਂ ਬਾਅਦ ਖੁਦਕੁਸ਼ੀ ਕਰ ਲਈ। ਫਿਜ਼ਿਕਸ ਗੋਲਡ ਮੈਡਲਿਸਟ ਰਹੀ ਮੁਟਿਆਰ ਦਾ ਨਾਂ ਲੈਬਾ ਇਜਾਜ਼ ਹੈ। ਉਹ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਵਿਚ ਪੜ੍ਹਨਾ ਚਾਹੁੰਦੀ ਸੀ। ਪਰਿਵਾਰ ਦਾ ਦੋਸ਼ ਹੈ ਕਿ ਐਡਮਿਸ਼ਨ, ਸਕਾਲਰਸ਼ਿਪ ਅਤੇ ਅਮਰੀਕੀ ਵੀਜ਼ਾ ਦਿਵਾਉਣ ਦਾ ਵਾਅਦਾ ਕਰਨ ਵਾਲੇ ਇਕ ਵਿਅਕਤੀ ਨੇ ਉਨ੍ਹਾਂ ਤੋਂ ਪੈਸੇ ਲਏ ਅਤੇ ਫ਼ਰਜ਼ੀ ਦਸਤਾਵੇਜ਼ ਦੇ ਦਿੱਤੇ। 9 ਅਕਤੂਬਰ ਨੂੰ ਇਸਲਾਮਾਬਾਦ ਦੇ ਜੀ-10 ਸੈਕਟਰ ਦੇ ਇਕ ਬਾਜ਼ਾਰ ਵਿਚ ਲੈਬਾ ਦੀ ਲਾਸ਼ ਮਿਲੀ। ਮਾਮਲੇ ਵਿਚ ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਲੈਬਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਰਗੋਧਾ ਦੀ ਰਹਿਣ ਵਾਲੀ ਸੀ। ਉਸ ਨੇ ਇੰਟਰਨੈਸ਼ਨਲ ਇਸਲਾਮਿਕ ਯੂਨੀਵਰਸਿਟੀ ਇਸਲਾਮਾਬਾਦ ਤੋਂ ਫਿਜ਼ਿਕਸ ਵਿਚ ਗ੍ਰੈਜੂਏਸ਼ਨ ਕੀਤੀ ਸੀ ਅਤੇ ਗੋਲਡ ਮੈਡਲ ਹਾਸਲ ਕੀਤਾ ਸੀ। ਉਸ ਦੇ ਪਿਤਾ 1994 ਤੋਂ ਇਸਲਾਮਾਬਾਦ ਦੀਆਂ ਸੜਕਾਂ ’ਤੇ ਦੁੱਧ ਅਤੇ ਦਹੀ ਵੇਚ ਕੇ ਪਰਿਵਾਰ ਚਲਾਉਂਦੇ ਹਨ। ਧੀ ਦੀ ਪੜ੍ਹਾਈ ਲਈ ਉਨ੍ਹਾਂ ਨੇ ਘਰ ਬਣਾਉਣ ਦੇ ਮਕਸਦ ਨਾਲ ਖ਼ਰੀਦੀ ਜ਼ਮੀਨ ਵੇਚ ਦਿੱਤੀ। ਉਸ ਦੀ ਮਾਂ ਨੇ ਵੀ ਆਪਣੇ ਗਹਿਣਿਆਂ ਨੂੰ ਗਹਿਣੇ ਰੱਖ ਦਿੱਤਾ।
