ਕੋਰੋਨਾ ਕਾਰਨ ਚੀਨ ਤੋਂ ਬਾਹਰ ਪਹਿਲੀ ਮੌਤ, ਜਾਣੋ ਸ਼ਖਸ 'ਚ ਕੀ ਦਿਸੇ ਲੱਛਣ

Sunday, Feb 02, 2020 - 09:17 AM (IST)

ਕੋਰੋਨਾ ਕਾਰਨ ਚੀਨ ਤੋਂ ਬਾਹਰ ਪਹਿਲੀ ਮੌਤ, ਜਾਣੋ ਸ਼ਖਸ 'ਚ ਕੀ ਦਿਸੇ ਲੱਛਣ

ਵਾਸ਼ਿੰਗਟਨ/ਮਨੀਲਾ— ਚੀਨ ਤੋਂ ਬਾਹਰ ਫਿਲੀਪੀਨਜ਼ 'ਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਦੀ ਖ਼ਬਰ ਹੈ। ਵਿਸ਼ਵ ਸਿਹਤ ਸੰਗਠਨ ਨੇ ਇਹ ਜਾਣਕਾਰੀ ਦਿੱਤੀ ਹੈ।

ਫਿਲੀਪੀਨਜ਼ 'ਚ ਡਬਲਿਊ. ਐੱਚ. ਓ. ਦੇ ਪ੍ਰਤੀਨਿਧੀ ਡਾ. ਰਾਬੀ ਅਬੀਸਿੰਘੇ ਨੇ ਕਿਹਾ ਕਿ ਚੀਨ ਤੋਂ ਬਾਹਰ ਇਹ ਪਹਿਲਾ ਮਾਮਲਾ ਹੈ। ਇਹ ਵਿਅਕਤੀ ਚੀਨ ਦੇ ਵੁਹਾਨ ਤੋਂ ਆਇਆ ਸੀ। ਮਨੀਲਾ ਦੇ ਸੈਨ ਲਾਜ਼ਰੋ ਹਸਪਤਾਲ 'ਚ ਦਾਖਲ ਹੋਣ ਤੋਂ ਪਹਿਲਾਂ 44 ਸਾਲਾ ਇਸ ਵਿਅਕਤੀ ਨੂੰ ਬੁਖਾਰ, ਖੰਘ ਤੇ ਗਲੇ ਦੇ ਦਰਦ ਦੀ ਸ਼ਿਕਾਇਤ ਹੋਈ ਸੀ।

 

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਨਾਲ ਖਾਸਕਰ ਚੀਨ ਦਾ ਵੁਹਾਨ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ ਹੈ। ਤੁਸੀਂ ਵੀ ਵਿਦੇਸ਼ ਦੀ ਯਾਤਰਾ 'ਤੇ ਜਾ ਰਹੇ ਹੋ ਤਾਂ ਸਫਰ ਦੌਰਾਨ ਸਿਹਤ ਸੰਬੰਧੀ ਸਾਵਧਾਨੀ ਜ਼ਰੂਰ ਵਰਤੋਂ। ਇਸ ਤੋਂ ਇਲਾਵਾ ਯੂ. ਐੱਸ. 'ਚ ਕੋਰੋਨਵਾਇਰਸ ਦੇ 8ਵੇਂ ਮਾਮਲੇ ਦੀ ਪੁਸ਼ਟੀ ਹੋਈ ਹੈ, ਜੋ ਮੈਸੇਚਿਉਸੇਟਸ ਯੂਨੀਵਰਸਿਟੀ ਦੇ ਬੋਸਟਨ ਕੈਂਪਸ ਦਾ ਵਿਦਿਆਰਥੀ ਹੈ ਤੇ ਹਾਲ ਹੀ 'ਚ ਇਹ ਵੀ ਚੀਨ ਦੇ ਵੁਹਾਨ ਤੋਂ ਵਾਪਸ ਆਇਆ ਸੀ।

ਇਸ ਖਤਰਨਾਕ ਵਾਇਰਸ ਦੇ ਕੇਂਦਰ ਚੀਨ 'ਚ 14,300 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਨੀਵਾਰ ਨੂੰ ਘੱਟੋ-ਘੱਟ 26 ਹੋਰ ਦੇਸ਼ਾਂ 'ਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਦਰਜ ਹੋਏ ਹਨ, ਜਿਨ੍ਹਾਂ 'ਚ ਜਾਪਾਨ 'ਚ ਤਿੰਨ, ਬ੍ਰਿਟੇਨ 'ਚ ਦੋ ਅਤੇ ਆਸਟ੍ਰੇਲੀਆ 'ਚ ਦੋ ਮਾਮਲੇ ਵੀ ਸ਼ਾਮਲ ਹਨ। ਕਈ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਚੀਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਉੱਥੇ ਹੀ, ਦਰਜਨ ਤੋਂ ਵੱਧ ਅਮਰੀਕੀ ਏਅਰਲਾਈਨਾਂ ਚੀਨ ਲਈ ਉਡਾਣਾਂ ਨੂੰ ਮੁਅੱਤਲ ਕਰ ਰਹੀਆਂ ਹਨ। ਇਸ 'ਚ ਅਮਰੀਕਾ ਦੀ ਪ੍ਰਮੁੱਖ ਏਅਰਲਾਈਨ ਅਮੈਰੀਕਨ ਏਅਰਲਾਇੰਸ, ਡੈਲਟਾ ਤੇ ਯੂਨਾਈਟਿਡ ਵੀ ਸ਼ਾਮਲ ਹਨ।


Related News