ਪੱਤਰਕਾਰ ਰਵੀਸ਼ ਕੁਮਾਰ 'ਰੈਮਨ ਮੈਗਸੇਸੇ ਐਵਾਰਡ' ਨਾਲ ਸਨਮਾਨਿਤ

09/09/2019 5:18:10 PM

ਮਨੀਲਾ (ਭਾਸ਼ਾ)— ਮਸ਼ਹੂਰ ਭਾਰਤੀ ਪੱਤਰਕਾਰ ਰਵੀਸ਼ ਕੁਮਾਰ ਨੂੰ ਸੋਮਵਾਰ ਨੂੰ ਏਸ਼ੀਆ ਦਾ ਨੋਬਲ ਪੁਰਸਕਾਰ ਮੰਨੇ ਜਾਣ ਵਾਲੇ 'ਰੈਮਨ ਮੈਗਸੇਸੇ ਐਵਾਰਡ' (Ramon Magsaysay Award) ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਭਾਰਤੀ ਮੀਡੀਆ ਸੰਕਟ ਦੀ ਅਵਸਥਾ ਵਿਚ ਹੈ ਅਤੇ ਅਜਿਹਾ ਅਚਾਨਕ ਨਹੀਂ ਹੋਇਆ ਸਗੋਂ ਯੋਜਨਾਬੱਧ ਤਰੀਕੇ ਨਾਲ ਇਸ ਨੂੰ ਅੰਜਾਮ ਦਿੱਤਾ ਗਿਆ ਹੈ। ਰੈਮਨ ਮੈਗਸੇਸੇ ਐਵਾਰਡ ਦੇ ਸਾਈਟੇਸ਼ਨ ਵਿਚ ਕਿਹਾ ਗਿਆ ਕਿ ਐੱਨ.ਡੀ.ਟੀ.ਵੀ. ਇੰਡੀਆ ਦੇ ਸੀਨੀਅਰ ਕਾਰਜਕਾਰੀ ਸੰਪਾਦਕ ਅਤੇ ਭਾਰਤ ਦੇ ਪ੍ਰਭਾਵਸ਼ਾਲੀ ਟੀ.ਵੀ. ਪੱਤਰਕਾਰਾਂ ਵਿਚੋਂ ਇਕ ਰਵੀਸ਼ ਕੁਮਾਰ (44) ਆਪਣੀਆਂ ਖਬਰਾਂ ਵਿਚ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦਿੰਦੇ ਹਨ।

ਫਿਲੀਪੀਨ ਦੀ ਰਾਜਧਾਨੀ ਮਨੀਲਾ ਵਿਚ ਪੁਰਸਕਾਰ ਲੈਂਦਿਆਂ ਰਵੀਸ਼ ਨੇ ਕਿਹਾ,''ਭਾਰਤੀ ਮੀਡੀਆ ਸੰਕਟ ਦੀ ਸਥਿਤੀ ਵਿਚ ਹੈ ਅਤੇ ਇਹ ਸੰਕਟ ਅਚਾਨਕ ਨਹੀਂ ਆਇਆ ਸਗੋਂ ਯੋਜਨਾਬੱਧ ਤਰੀਕੇ ਨਾਲ ਇਸ ਨੂੰ ਅੰਜਾਮ ਦਿੱਤਾ ਗਿਆ।'' ਉਨ੍ਹਾਂ ਨੇ ਕਿਹਾ ਕਿ ਮੀਡੀਆ ਦਾ ਮੁਲਾਂਕਣ ਕਰਨਾ ਸਭ ਤੋਂ ਵੱਧ ਮਹੱਤਵਪੂਰਣ ਹੋ ਗਿਆ ਹੈ। ਰਵੀਸ਼ ਸਮੇਤ ਪੰਜ ਲੋਕਾਂ ਨੂੰ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਸੀ। ਸਾਲ 2019 ਦੇ ਰੈਮਨ ਮੈਗਸੇਸੇ ਐਵਾਰਡ ਦੇ ਹੋਰ ਜੇਤੂਆਂ ਵਿਚ ਮਿਆਂਮਾਰ ਤੋਂ ਕੋ ਸਵੇ ਵਿਨ (Ko Swe Win) , ਥਾਈਲੈਂਡ ਤੋਂ ਅੰਗਖਾਨਾ ਨੀਲਾਪਿਜੀਤ (Angkhana Neelapaijit), ਫਿਲੀਪੀਨ ਤੋਂ ਰੇਮੋਂਡੋ ਪੁਜੇਂਟੇ ਕਿਆਬਿਬ (Raymundo Pujante Cayabyab) ਅਤੇ ਦੱਖਣੀ ਕੋਰੀਆ ਤੋਂ ਕਿਮ ਜੋਂਗ ਕੀ (Kim Jong-Ki) ਦਾ ਨਾਮ ਸ਼ਾਮਲ ਹੈ। 

ਗੌਰਤਲਬ ਹੈ ਕਿ ਫਿਲੀਪੀਨ ਦੇ ਸਭ ਤੋਂ ਵੱਕਾਰੀ ਰਾਸ਼ਟਰਪਤੀ ਰਹੇ ਰੇਮਨ ਡੇਲ ਫਿਏਰੋ ਮੈਗਸੇਸੇ ਦੇ ਨਾਮ 'ਤੇ 1957 ਵਿਚ ਇਸ ਪੁਰਸਕਾਰ ਦੀ ਸ਼ੁਰੂਆਤ ਕੀਤੀ ਗਈ ਸੀ। ਦੂਜੇ ਵਿਸ਼ਵ ਯੁੱਧ ਦੇ ਬਾਅਦ ਉਹ ਦੇਸ਼ ਦੇ ਤੀਜੇ ਰਾਸ਼ਟਰਪਤੀ ਸਨ। ਰੈਮਨ ਮੈਗਸੇਸੇ ਐਵਾਰਡ ਏਸ਼ੀਆ ਦਾ ਸਰਵ ਉੱਚ ਸਨਮਾਨ ਹੈ ਅਤੇ ਹਰੇਕ ਸਾਲ ਏਸ਼ੀਆ ਦੇ ਲੋਕਾਂ ਜਾਂ ਸੰਗਠਨਾਂ ਨੂੰ ਦਿੱਤਾ ਜਾਂਦਾ ਹੈ। ਬਿਹਾਰ ਦੇ ਜਿਤਵਾਰਪੁਰ ਪਿੰਡ ਵਿਚ ਜਨਮੇ ਰਵੀਸ਼ 1996 ਵਿਚ ਨਵੀਂ ਦਿੱਲੀ ਟੈਲੀਵਿਜ਼ਨ ਨੈੱਟਵਰਕ (ਐੱਨ.ਡੀ.ਟੀ.ਵੀ.) ਨਾਲ ਜੁੜੇ ਸਨ ਅਤੇ ਰਿਪੋਰਟਰ ਦੇ ਤੌਰ 'ਤੇ ਕੰਮ ਕਰਦਿਆਂ ਅੱਗੇ ਵਧੇ। ਰਵੀਸ਼ ਕੁਮਾਰ ਚੈਨਲ 'ਤੇ 'ਪ੍ਰਾਈਮ ਟਾਈਮ' ਨਾਮ ਦਾ ਸਮਾਚਾਰ ਪ੍ਰੋਗਰਾਮ ਚਲਾਉਂਦੇ ਹਨ।


Vandana

Content Editor

Related News