ਫਿਲਪੀਨਜ਼ ਨੇ ਕੈਨੇਡਾ ਨੂੰ ਵਾਪਸ ਭੇਜਿਆ 1500 ਟਨ ਕੂੜਾ

05/31/2019 8:48:23 PM

ਓਟਾਵਾ (ਏਜੰਸੀ)- ਫਿਲਪੀਨਜ਼ ਨੇ 69 ਕੰਟੇਨਰਾਂ ਵਿਚ ਭਰ ਕੇ 1500 ਟਨ ਕੂੜਾ ਵਾਪਸ ਕੈਨੇਡਾ ਭੇਜ ਦਿੱਤਾ ਹੈ। ਇਸ ਕੂੜੇ ਨੂੰ ਲੈ ਕੇ ਬੀਤੇ ਇਕ ਹਫਤੇ ਤੋਂ ਦੋਹਾਂ ਦੇਸ਼ਾਂ ਵਿਚਾਲੇ ਜਾਰੀ ਰਣਨੀਤਕ ਵਿਰੋਧ ਦਾ ਸ਼ੁੱਕਰਵਾਰ ਨੂੰ ਅੰਤ ਹੋ ਗਿਆ। ਫਿਲਪੀਨਜ਼ ਦੇ ਵਿਦੇਸ਼ ਮੰਤਰਾਲੇ ਦੇ ਸਕੱਤਰ ਟੇਡੀ ਲਾਕਸਿਨ ਜੂਨੀਅਰ ਨੇ ਕੂੜਾ ਵਾਪਸ ਭੇਜੇ ਜਾਣ ਦੀ ਜਾਣਕਾਰੀ ਸ਼ੁੱਕਰਵਾਰ ਨੂੰ ਟਵੀਟ ਰਾਹੀਂ ਦਿੱਤੀ। ਕੂੜੇ ਨਾਲ ਭਰੇ ਜਹਾਜ਼ ਨੂੰ ਰਾਜਧਾਨੀ ਮਨੀਲਾ ਦੇ ਉੱਤਰ ਵਿਚ ਸਥਿਤ ਸੁਬਿਕ ਖਾੜੀ ਤੋਂ ਰਵਾਨਾ ਕੀਤਾ ਗਿਆ। ਇਹ ਜਹਾਜ਼ ਇਸ ਮਹੀਨੇ ਦੇ ਅਖੀਰ ਤੱਕ ਕੈਨੇਡਾ ਦੇ ਵੈਨਕੂਵਰ ਸ਼ਹਿਰ ਪਹੁੰਚ ਜਾਵੇਗਾ।

ਫਿਲਪੀਨਜ਼ ਦੋਸ਼ ਲਗਾਉਂਦਾ ਰਿਹਾ ਹੈ ਕਿ ਕੈਨੇਡਾ ਨੇ ਪਲਾਸਟਿਕ ਕੂੜੇ ਨੂੰ ਰੀਸਾਈਕਲ ਕਰਨ ਦੇ ਨਾਂ 'ਤੇ ਸਾਲ 2014 ਵਿਚ ਕਈ ਟਨ ਕੂੜਾ ਮਨੀਲਾ ਭੇਜ ਦਿੱਤਾ ਸੀ। ਫਿਲਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤਰਤੇ ਨੇ ਧਮਕੀ ਵੀ ਦਿੱਤੀ ਸੀ ਕਿ ਜੇਕਰ ਕੈਨੇਡਾ ਨੇ ਇਸ ਨੂੰ ਵਾਪਸ ਲੈਣ ਤੋਂ ਮਨਾਂ ਕੀਤਾ ਤਾਂ ਉਸ ਦੇ ਜਲ ਖੇਤਰ ਵਿਚ ਹੀ ਕੂੜਾ ਡੇਗ ਦਿੱਤਾ ਜਾਵੇਗਾ। ਕੈਨੇਡਾ ਦੇ ਵਾਤਾਵਰਣ ਮੰਤਰੀ ਦੇ ਸੰਸਦੀ ਸਕੱਤਰ ਸੀਨ ਫ੍ਰੇਜ਼ਰ ਨੇ ਵੀਰਵਾਰ ਨੂੰ ਕਿਹਾ ਸੀ ਕਿ ਕੈਨੇਡਾ ਇਸ ਕੂੜੇ ਦੇ ਪ੍ਰਬੰਧ ਨੂੰ ਲੈ ਕੇ ਕੌਮਾਂਤਰੀ ਕਾਨੂੰਨ ਦਾ ਪਾਲਨ ਕਰੇਗਾ।


Sunny Mehra

Content Editor

Related News