ਫਿਲੀਪੀਨਜ਼: ਨੌਕਰੀ ਲਈ ਸਾਈਬਰ ਕ੍ਰਾਈਮ ਗਿਰੋਹ ਦੇ ਜਾਲ ''ਚ ਫਸੇ 2700 ਕਾਮੇ ਕਰਾਏ ਗਏ ਰਿਹਾਅ

Wednesday, Jun 28, 2023 - 05:52 PM (IST)

ਫਿਲੀਪੀਨਜ਼: ਨੌਕਰੀ ਲਈ ਸਾਈਬਰ ਕ੍ਰਾਈਮ ਗਿਰੋਹ ਦੇ ਜਾਲ ''ਚ ਫਸੇ 2700 ਕਾਮੇ ਕਰਾਏ ਗਏ ਰਿਹਾਅ

ਮਨੀਲਾ (ਭਾਸ਼ਾ)- ਫਿਲੀਪੀਨ ਪੁਲਸ ਨੇ ਚੀਨ, ਫਿਲੀਪੀਨਜ਼, ਵੀਅਤਨਾਮ, ਇੰਡੋਨੇਸ਼ੀਆ ਅਤੇ 12 ਤੋਂ ਵੱਧ ਹੋਰ ਦੇਸ਼ਾਂ ਦੇ 2700 ਤੋਂ ਵੱਧ ਕਾਮਿਆਂ ਨੂੰ ਰਿਹਾਅ ਕਰਾਇਆ, ਜਿਨ੍ਹਾਂ ਨਾਲ ਆਨਲਾਈਨ ਗੇਮਿੰਗ ਸਾਈਟਾਂ ਅਤੇ ਹੋਰ ਸਾਈਬਰ ਕ੍ਰਾਈਮ ਗਰੁੱਪਾਂ ਵੱਲੋਂ ਨੌਕਰੀਆਂ ਦੇਣ ਦਾ ਝਾਂਸਾ ਦੇ ਕੇ ਠੱਗੀ ਮਾਰੀ ਗਈ ਸੀ। ਪੁਲਸ ਨੇ ਕਮਾਂਡੋਜ਼ ਨਾਲ ਮਿਲ ਕੇ ਮੈਟਰੋਪੋਲੀਟਨ ਮਨੀਲਾ ਦੇ ਲਾਸ ਪਿਨਸ ਸ਼ਹਿਰ ਦੀਆਂ ਸੱਤ ਇਮਾਰਤਾਂ ਤੋਂ ਪੀੜਤਾਂ ਨੂੰ ਆਜ਼ਾਦ ਕਰਵਾਇਆ। ਪੁਲਸ ਨੇ ਕਿਹਾ ਕਿ ਇਹ ਇਸ ਸਾਲ ਦੀ ਸਭ ਤੋਂ ਵੱਡੀ ਛਾਪੇਮਾਰੀ ਹੈ ਅਤੇ ਇੱਕ ਵਾਰ ਵਿੱਚ ਸਭ ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਹੈ। 

ਫਿਲੀਪੀਨ ਪੁਲਸ ਦੀ ਐਂਟੀ ਸਾਈਬਰ ਕ੍ਰਾਈਮ ਯੂਨਿਟ ਦੇ ਮੁਖੀ ਬ੍ਰਿਗੇਡੀਅਰ ਜਨਰਲ ਸਿਡਨੀ ਹਰਨੀਆ ਨੇ ਕਿਹਾ ਕਿ ਪੁਲਸ ਨੇ ਅੱਧੀ ਰਾਤ ਨੂੰ ਲਾਸ ਪਿਨਾਸ ਵਿੱਚ ਇਮਾਰਤਾਂ ਵਿਚ ਛਾਪੇਮਾਰੀ ਕੀਤੀ ਅਤੇ ਤਲਾਸ਼ੀ ਲਈ। ਉਨ੍ਹਾਂ ਕਿਹਾ ਕਿ 1,534 ਫਿਲੀਪੀਨਜ਼ ਅਤੇ 1,190 ਵਿਦੇਸ਼ੀ ਰਿਹਾਅ ਕਰਾਏ ਗਏ। ਉਨ੍ਹਾਂ ਦੱਸਿਆ ਕਿ 17 ਦੇਸ਼ਾਂ ਦੇ ਨਾਗਰਿਕਾਂ ਵਿੱਚ 604 ਚੀਨੀ, 183 ਵੀਅਤਨਾਮੀ, 137 ਇੰਡੋਨੇਸ਼ੀਆਈ, 134 ਮਲੇਸ਼ੀਅਨ ਅਤੇ 81 ਥਾਈ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮਿਆਂਮਾਰ, ਪਾਕਿਸਤਾਨ, ਯਮਨ, ਸੋਮਾਲੀਆ, ਸੂਡਾਨ, ਨਾਈਜੀਰੀਆ ਅਤੇ ਤਾਈਵਾਨ ਦੇ ਕੁਝ ਲੋਕਾਂ ਨੂੰ ਵੀ ਰਿਹਾਅ ਕਰਾਇਆ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੇ ਬ੍ਰਿਟਿਸ਼ ਨੇ ਗੈਰ-ਕਾਨੂੰਨੀ ਢੰਗ ਨਾਲ ਡਰਾਈਵਿੰਗ ਟੈਸਟ ਦੇਣ ਦੀ ਗੱਲ ਕਬੂਲੀ

ਕੁਝ ਵਰਕਰਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਜਦੋਂ ਉਨ੍ਹਾਂ ਨੇ ਨੌਕਰੀ ਛੱਡਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਅਸਪਸ਼ਟ ਕਾਰਨਾਂ ਕਰਕੇ ਭਾਰੀ ਰਕਮਾਂ ਅਦਾ ਕਰਨ ਲਈ ਮਜਬੂਰ ਕੀਤਾ ਗਿਆ ਜਾਂ ਉਹਨਾਂ ਨੂੰ ਡਰ ਸੀ ਕਿ ਉਨ੍ਹਾਂ ਨੂੰ ਹੋਰ ਸਿੰਡੀਕੇਟਾਂ ਨੂੰ ਵੇਚ ਦਿੱਤਾ ਜਾਵੇਗਾ। ਪੁਲਸ ਅਧਿਕਾਰੀਆਂ ਅਨੁਸਾਰ ਨਿਯਮਾਂ ਦੀ ਕਥਿਤ ਉਲੰਘਣਾ ਕਰਕੇ ਮਜ਼ਦੂਰਾਂ ਨੂੰ ਜੁਰਮਾਨਾ ਭਰਨ ਲਈ ਵੀ ਮਜਬੂਰ ਕੀਤਾ ਗਿਆ। ਅਜਿਹੇ ਮਾਮਲਿਆਂ ਦੇ ਲਗਾਤਾਰ ਵਾਪਰਨ ਤੋਂ ਇਹ ਸੰਕੇਤ ਮਿਲਦਾ ਹੈ ਕਿ ਫਿਲੀਪੀਨਜ਼ ਸਾਈਬਰ ਕ੍ਰਾਈਮ ਗਰੋਹਾਂ ਲਈ ਕਾਰਵਾਈਆਂ ਦਾ ਇੱਕ ਵੱਡਾ ਅਧਾਰ ਬਣ ਗਿਆ ਹੈ। ਸਾਈਬਰ ਕ੍ਰਾਈਮ ਦੇ ਮਾਮਲੇ ਏਸ਼ੀਆ ਵਿੱਚ ਇੱਕ ਵੱਡਾ ਮੁੱਦਾ ਬਣ ਗਏ ਹਨ ਅਤੇ ਇਸ ਖੇਤਰ ਅਤੇ ਹੋਰ ਥਾਵਾਂ ਤੋਂ ਲੋਕਾਂ ਨੂੰ ਮਿਆਂਮਾਰ ਅਤੇ ਕੰਬੋਡੀਆ ਵਰਗੇ ਵਿਵਾਦਗ੍ਰਸਤ ਦੇਸ਼ਾਂ ਵਿੱਚ ਨੌਕਰੀਆਂ ਦਾ ਲਾਲਚ ਦੇਣ ਦੀਆਂ ਰਿਪੋਰਟਾਂ ਹਨ।

ਨੋਟ- ਇਸ ਖ਼ਬਰ ਬਾਰੇ ਕੁੁਮੈਂਟ ਕਰ ਦਿਓ ਰਾਏ।


author

Vandana

Content Editor

Related News