ਪਾਕਿ ਅਦਾਲਤ ਵਲੋਂ ਪੇਸ਼ਾਵਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਵੱਡਾ ਫ਼ੈਸਲਾ

10/10/2020 2:04:02 PM

ਪੇਸ਼ਾਵਰ- ਪਾਕਿਸਤਾਨ ਦੀ ਪੇਸ਼ਾਵਰ ਹਾਈ ਕੋਰਟ ਨੇ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਭਾਈ ਬੀਬਾ ਸਿੰਘ ਜੀ ਦੀ ਜ਼ਮੀਨ ਦੀ ਇਵੈਕਯੂ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਕੀਤੀ ਗਈ ਨੀਲਾਮੀ ਨੂੰ ਰੱਦ ਕਰ ਦਿੱਤਾ ਹੈ।

ਜਸਟਿਸ ਰੂਹੁਲ ਅਮੀਨ ਖ਼ਾਨ ਚਾਮਕਾਨੀ ਅਤੇ ਜਸਟਿਸ ਸਈਦ ਮੁਹੰਮਦ ਅਤੀਕ ਸ਼ਾਹ ਦੀ ਬੈਂਚ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਸਿੰਘ ਅਤੇ ਗੁਰਦੁਆਰਾ ਭਾਈ ਬੀਬਾ ਸਿੰਘ ਦੀ ਕਮੇਟੀ ਦੇ ਪੰਜ ਮੈਂਬਰਾਂ ਵੱਲੋਂ ਸਾਂਝੇ ਤੌਰ ‘ਤੇ ਦਾਇਰ ਕੀਤੀ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਇਸ ਨਿਲਾਮੀ ਨੂੰ ਗੈਰਕਾਨੂੰਨੀ ਕਰਾਰ ਦਿੱਤਾ।

ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਇਵੈਕਯੂ ਟਰੱਸਟ ਪ੍ਰਾਪਰਟੀ ਬੋਰਡ ਨੇ 18 ਜੁਲਾਈ, 2016 ਨੂੰ ਗੁਰਦੁਆਰਾ ਸਾਹਿਬ ਨਾਲ ਸਬੰਧਤ ਜ਼ਮੀਨ ਦੇ ਹਿੱਸੇ ਦੀ ਨਿਲਾਮੀ ਕੀਤੀ ਸੀ ਅਤੇ ਇਸ ਦੇ ਡਿਪਟੀ ਪ੍ਰਬੰਧਕ ਨੇ 20 ਨਵੰਬਰ, 2018 ਨੂੰ ਸਥਾਨਕ ਪੁਲਸ ਨੂੰ ਪੱਤਰ ਜਾਰੀ ਕਰਕੇ ਨਿਲਾਮੀ ਕਰਤਾ ਨੂੰ ਕਬਜ਼ਾ ਦਿਵਾਉਣ ਲਈ ਕਿਹਾ ਸੀ, ਜਦੋਂ ਕਿ ਉਕਤ ਜ਼ਮੀਨ ਗੁਰਦੁਆਰਾ ਸਾਹਿਬ ਦੀ ਕੰਧ ਦੇ ਅੰਦਰ ਹੈ ਅਤੇ ਇਸ ਲਈ ਇਹ ਉਸ ਦਾ ਹਿੱਸਾ ਹੈ। ਦਸੰਬਰ 2018 ਵਿਚ ਇਸ ਨੀਲਾਮੀ 'ਤੇ ਰੋਕ ਲਾਉਣ ਦੀ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ, ਉਦੋਂ ਤੋਂ ਇਹ ਮਾਮਲਾ ਅਦਾਲਤ ਵਿਚ ਹੈ। ਪਟੀਸ਼ਨਕਰਤਾਵਾਂ ਦੇ ਵਕੀਲ ਜ਼ਾਹਿਦੁੱਲਾ ਜ਼ਾਹਿਦ ਅਤੇ ਤੈਮੂਰ ਖ਼ਾਨ ਨੇ ਦਲੀਲ ਦਿੱਤੀ ਕਿ ਸਿੱਖ ਭਾਈਚਾਰੇ ਦੇ ਮੈਂਬਰ ਵੰਡ ਤੋਂ ਪਹਿਲਾਂ ਹੀ ਗੁਰਦੁਆਰਾ ਭਾਈ ਬੀਬਾ ਸਿੰਘ ਵਿਖੇ ਆਪਣੀਆਂ ਧਾਰਮਿਕ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਗੁਰਦੁਆਰਾ ਵਿਸ਼ਵ ਭਰ ਦੇ ਸਿੱਖਾਂ ਲਈ ਇਕ ਇਤਿਹਾਸਕ ਸਥਾਨ ਵੀ ਹੈ।


 


Lalita Mam

Content Editor

Related News