ਕੰਪਨੀ ਨੂੰ ਬੱਤੀ ਦੇ ਕੱਟ ਲਾਉਣੇ ਪਏ ਮਹਿੰਗੇ, ਵਕੀਲਾਂ ਨੇ ਮੰਗਿਆ 166 ਮਿਲੀਅਨ ਡਾਲਰ ਦਾ ਜੁਰਮਾਨਾ
Monday, Nov 02, 2020 - 08:35 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਦੇ ਪਬਲਿਕ ਯੂਟੀਲਿਟੀਜ਼ ਦੇ ਸਰਕਾਰੀ ਵਕੀਲਾਂ ਨੇ ਇਕ ਬਿਜਲੀ ਕੰਪਨੀ ਨੂੰ 165.7 ਮਿਲੀਅਨ ਡਾਲਰ ਦਾ ਜੁਰਮਾਨਾ ਦੇਣ ਲਈ ਆਖਿਆ ਹੈ। ਦੋਸ਼ ਹੈ ਕਿ ਪਿਛਲੇ ਮਹੀਨੇ ਜੰਗਲੀ ਅੱਗ ਤੋਂ ਬਚਣ ਲਈ ਲਾਏ ਗਏ ਬਿਜਲੀ ਦੇ ਕੱਟ ਗਲਤ ਤਰੀਕੇ ਨਾਲ ਲਾਏ ਗਏ ਤੇ ਇਸ ਬਾਰੇ ਸਾਰੇ ਲੋਕਾਂ ਨੂੰ ਜਾਣਕਾਰੀ ਵੀ ਨਹੀਂ ਦਿੱਤੀ ਗਈ।
ਕਮਿਸ਼ਨ ਦੇ ਪਬਲਿਕ ਐਡਵੋਕੇਟ ਦਫਤਰ ਨੇ ਕਿਹਾ ਕਿ ਕਮਿਸ਼ਨ ਨੂੰ ਪੀ. ਜੀ. ਐਂਡ ਈ. ਕਾਰਪੋਰੇਸ਼ਨ ਨੂੰ ਸੈਂਕੜੇ ਹਜ਼ਾਰਾਂ ਗਾਹਕਾਂ ਨੂੰ ਢੁੱਕਵੀਂ ਚਿਤਾਵਨੀ ਦੇਣ ਵਿਚ ਅਸਫਲ ਰਹਿਣ ਲਈ ਸਜ਼ਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਹੁਤੇ ਲੋਕਾਂ ਦਾ ਕੰਮ ਬਿਜਲੀ ਉਪਕਰਣਾਂ ‘ਤੇ ਹੀ ਚੱਲਦਾ ਹੈ ਤੇ ਬਿਜਲੀ ਬੰਦ ਹੋਣ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪਿਆ।
ਵਕੀਲਾਂ ਨੇ ਦੋਸ਼ ਲਾਇਆ ਕਿ ਕੰਪਨੀ ਨੇ ਬਹੁਤ ਸਾਰੇ ਗਾਹਕਾਂ ਦੀ ਜਾਨ ਖ਼ਤਰੇ ਵਿਚ ਪਾ ਦਿੱਤੀ। ਅਕਤੂਬਰ ਮਹੀਨੇ ਪੈਸੀਫਿਕ ਗੈਸ ਅਤੇ ਇਲੈਕਟ੍ਰਿਕ ਕੰਪਨੀ ਵਲੋਂ ਇਕ ਹਫਤੇ ਵਿਚ ਤਿੰਨ ਵਾਰ ਬਲੈਕਆਊਟ ਕੀਤਾ ਗਿਆ, ਜੋ ਇੱਕ ਵੱਡੀ ਗਿਰਾਵਟ ਸੀ ਜਦਕਿ ਕੰਪਨੀ ਪਹਿਲਾਂ ਹੀ ਆਰਥਿਕ ਸੰਕਟ ਵਿਚ ਹੈ।
ਚੰਗੀ ਤਰ੍ਹਾਂ ਸੂਚਿਤ ਨਾ ਕਰਨ ਤੇ ਇਸ ਦੇ ਕਾਲ ਸੈਂਟਰਾਂ ਅਤੇ ਵੈਬਸਾਈਟਾਂ ਉੱਪਰ ਜਾਣਕਾਰੀ ਮੰਗਣ ਵਾਲੇ ਗਾਹਕਾਂ ਦੀ ਬਹੁਤਾਤ ਸੀ। ਇਸ ਦੇ ਬਾਵਜੂਦ ਵੀ ਬਲੈਕਆਊਟ ਜੰਗਲੀ ਅੱਗ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਸਫਲ ਨਹੀਂ ਹੋਏ ਸਨ।
ਇਕ ਟ੍ਰਾਂਸਮਿਸ਼ਨ ਲਾਈਨ ਜੋ ਕਿ ਗੇਜ਼ਰਵਿਲੇ ਖੇਤਰ ਵਿੱਚ ਚਲਦੀ ਰਹੀ ਸੀ, ਨੇ ਅੱਗ ਨੂੰ ਭੜਕਾ ਦਿੱਤਾ ਸੀ ਅਤੇ ਉਸ ਅੱਗ ਨੇ ਸੈਂਕੜੇ ਇਮਾਰਤਾਂ ਨੂੰ ਤਬਾਹ ਅਤੇ ਲਗਭਗ 200000 ਸੋਨੋਮਾ ਕਾਉਂਟੀ ਨਿਵਾਸੀਆਂ ਨੂੰ ਘਰ ਛੱਡਣ ਲਈ ਮਜਬੂਰ ਕੀਤਾ ਸੀ। ਕੰਪਨੀ ਨੇ ਉਸ ਸਮੇਂ ਕਿਹਾ ਸੀ ਕਿ ਇਹ ਟ੍ਰਾਂਸਮਿਸ਼ਨ ਲਾਈਨਾਂ ਨੂੰ ਬੰਦ ਨਹੀਂ ਕਰੇਗੀ ਕਿਉਂਕਿ ਇਹ ਜ਼ਮੀਨ ਤੋਂ ਉੱਚੀਆਂ ਅਤੇ ਵੰਡ ਲਾਈਨਾਂ ਨਾਲੋਂ ਘੱਟ ਖਤਰਨਾਕ ਹਨ। ਕੰਪਨੀ ਪਹਿਲਾਂ ਹੀ ਅਕਤੂਬਰ 2019 ਦੇ ਬਲੈਕਆਊਟ ਨਾਲ ਪ੍ਰਭਾਵਿਤ 7,38,000 ਗਾਹਕਾਂ ਨੂੰ ਰਿਫੰਡ ਦੇ ਚੁੱਕੀ ਹੈ। ਜੁਰਮਾਨੇ ਸੰਬੰਧੀ ਜਨਤਕ ਵਕੀਲਾਂ ਦੀ ਮੰਗ ਦਾ ਜਵਾਬ ਦਿੰਦਿਆਂ ਪੀ. ਜੀ. ਐਂਡ ਈ. ਨੇ ਕਿਹਾ ਕਿ ਅਕਤੂਬਰ 2019 ਦੇ ਬਲੈਕਆਊਟ ਨੂੰ ਬਿਹਤਰ ਤਰੀਕੇ ਨਾਲ ਲਾਗੂ ਕੀਤਾ ਜਾ ਸਕਦਾ ਸੀ ਅਤੇ ਕੰਪਨੀ ਨੇ ਆਪਣੀਆਂ ਕਮੀਆਂ ਲਈ ਜ਼ਿੰਮੇਵਾਰੀ ਲਈ ਹੈ।