ਨਾਰਵੇ ''ਚ ਫਾਈਜ਼ਰ ਦੀ ਕੋਰੋਨਾ ਵੈਕਸੀਨ ਲਗਵਾਉਣ ਮਗਰੋਂ 13 ਲੋਕਾਂ ਦੀ ਮੌਤ

Friday, Jan 15, 2021 - 06:03 PM (IST)

ਨਾਰਵੇ ''ਚ ਫਾਈਜ਼ਰ ਦੀ ਕੋਰੋਨਾ ਵੈਕਸੀਨ ਲਗਵਾਉਣ ਮਗਰੋਂ 13 ਲੋਕਾਂ ਦੀ ਮੌਤ

ਓਸਲੋ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾ ਲਾਗ ਦੀ ਬੀਮਾਰੀ ਨਾਲ ਨਜਿੱਠਣ ਲਈ ਟੀਕਾਕਰਨ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਇਹਨਾਂ ਟੀਕਿਆਂ ਦੇ ਗੰਭੀਰ ਨਤੀਜੇ ਸਾਹਮਣੇ ਆ ਰਹੇ ਹਨ। ਨਾਰਵੇ ਵਿਚ ਨਵੇਂ ਸਾਲ ਦੇ 4 ਦਿਨ ਬਾਅਦ ਫਾਈਜ਼ਰ ਦੀ ਕੋਰੋਨਾ ਵਾਇਰਸ ਵੈਕਸੀਨ ਨੂੰ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਹੁਣ ਤੱਕ ਦੇਸ਼ ਵਿਚ 33 ਹਜ਼ਾਰ ਲੋਕਾਂ ਨੂੰ ਇਹ ਕੋਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ। ਨਾਰਵੇ ਵਿਚ ਇਸ ਗੱਲ਼ ਦੀ ਪਹਿਲਾਂ ਹੀ ਘੋਸਣਾ ਕੀਤੀ ਜਾ ਚੁੱਕੀ ਸੀ ਕਿ ਕੋਰੋਨਾ ਵੈਕਸੀਨ ਦੇ ਸਾਈਡ ਇਫੈਕਟ ਹੋਣਗੇ। ਹੁਣ ਇੰਨੇ ਲੋਕਾਂ ਨੂੰ ਟੀਕਾ ਲਗਾਏ ਜਾਣ ਦੇ ਬਾਅਦ ਨਾਰਵੇ ਮੈਡੀਸਨ ਏਜੰਸੀ ਨੇ ਕਿਹਾ ਹੈ ਕਿ 29 ਲੋਕਾਂ ਵਿਚ ਸਾਈ਼ਡ ਇਫੈਕਟ ਦੇਖੇ ਗਏ ਹਨ, ਜਿਹਨਾਂ ਵਿਚੋਂ 13 ਲੋਕਾਂ ਦੀ ਮੌਤ ਹੋ ਗਈ ਹੈ।

ਰੂਸੀ ਸਮਾਚਾਰ ਏਜੰਸੀ ਸਪੁਤਨਿਕ ਦੀ ਰਿਪੋਰਟ ਮੁਤਾਬਕ ਨਾਰਵੇ ਦੀ ਮੈਡੀਕਲ ਏਜੰਸੀ ਦੇ ਮੈਡੀਕਲ ਡਾਇਰੈਕਟਰ ਸਟੇਇਨਾਰ ਮੈਡਸੇਨ ਨੇ ਦੇਸ਼ ਦੀ ਰਾਸ਼ਟਰੀ ਪ੍ਰਸਾਰਕ ਐੱਨ.ਆਰ.ਕੇ. ਨਾਲ ਗੱਲਬਾਤ ਵਿਚ ਕਿਹਾ,''ਇਹਨਾਂ 13 ਮੌਤਾਂ ਵਿਚ 9 ਗੰਭੀਰ ਸਾਈਡ ਇਫੈਕਟ ਅਤੇ 7 ਘੱਟ ਗੰਭੀਰ ਸਾਈਟ ਇਫੈਕਟ ਦੇ ਮਾਮਲੇ ਹਨ। ਨਾਰਵੇ ਵਿਚ ਕੁੱਲ 23 ਲੋਕਾਂ ਦੀ ਮੌਤ ਨੂੰ ਵੈਕਸੀਨ ਲਗਵਾਉਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਹਨਾਂ ਵਿਚੋਂ ਹੁਣ ਤੱਕ 13 ਲੋਕਾਂ ਦੀ ਜਾਂਚ ਕੀਤੀ ਗਈ ਹੈ।

ਮ੍ਰਿਤਕਾਂ ਦੀ ਉਮਰ 80 ਸਾਲ ਤੋਂ ਉੱਪਰ
ਮੈਡਸੇਨ ਨੇ ਕਿਹਾ ਕਿ ਜਿਹੜੇ ਲੋਕਾਂ ਦੀ ਮੌਤ ਦੀ ਜਾਂਚ ਕੀਤੀ ਗਈ ਹੈ ਉਹਨਾਂ ਵਿਚੋਂ ਕਮਜ਼ੋਰ, ਬਜ਼ੁਰਗ ਲੋਕ ਸਨ ਜੋ ਨਰਸਿੰਗ ਹੋਮ ਵਿਚ ਰਹਿੰਦੇ ਸਨ। ਜਿਹੜੇ ਲੋਕਾਂ ਦੀ ਮੌਤ ਹੋਈ ਹੈ ਉਹਨਾਂ ਸਾਰਿਆਂ ਦੀ ਉਮਰ 80 ਸਾਲ ਤੋ ਉੱਪਰ ਸੀ। ਉਹਨਾਂ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਇਹਨਾਂ ਮਰੀਜ਼ਾਂ ਨੂੰ ਵੈਕਸੀਨ ਲਗਵਾਉਣ ਦੇ ਬਾਅਦ ਬੁਖਾਰ ਅਤੇ ਬੇਚੈਨੀ ਦੇ ਸਾਈਡ ਇਫੈਕਟ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਹ ਗੰਭੀਰ ਰੂਪ ਨਾਲ ਬੀਮਾਰ ਪੈ ਗਏ ਅਤੇ ਬਾਅਦ ਵਿਚ ਉਹਨਾਂ ਦੀ ਮੌਤ ਹੋ ਗਈ।

ਇਸ ਦੇ ਨਾਲ ਹੀ ਮੈਡੀਕਲ ਡਾਇਰੈਕਟਰ ਸਟੇਇਨਾਰ ਮੈਡਸੇਨ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲੇ ਦੁਰਲੱਭ ਹਨ ਅਤੇ ਹਜ਼ਾਰਾਂ ਅਜਿਹੇ ਮਰੀਜ਼ਾਂ ਨੂੰ ਇਹ ਟੀਕਾ ਲਗਾਇਆ ਗਿਆ ਹੈ ਜਿਹਨਾਂ ਨੂੰ ਦਿਲ ਸੰਬੰਧੀ ਬੀਮਾਰੀ, ਡਿਮੇਂਸ਼ੀਆ ਅਤੇ ਕਈ ਹੋਰ ਗੰਭੀਰ ਬੀਮਾਰੀਆਂ ਸਨ। ਉਹਨਾਂ ਨੇ ਕਿਹਾ ਕਿ ਉਹ ਹਾਲੇ ਸਾਈਡ ਇਫੈਕਟ ਦੇ ਇਹਨਾਂ ਮਾਮਲਿਆਂ ਦੇ ਕਾਰਨ ਬਹੁਤ ਜ਼ਿਆਦਾ ਚਿੰਤਤ ਨਹੀਂ ਹਨ। ਇਹ ਸਪੱਸ਼ਟ ਹੈ ਕਿ ਇਹਨਾਂ ਵੈਕਸੀਨ ਸਬੰਧੀ ਕੁਝ ਬੀਮਾਰ ਲੋਕਾਂ ਨੂੰ ਛੱਡ ਕੇ ਬਹੁਤ ਘੱਟ ਖਤਰਾ ਹੈ।

ਨਾਰਵੇ ਵਿਚ ਜਿਹੜੇ 9 ਮਰੀਜ਼ਾਂ ਵਿਚ ਗੰਭੀਰ ਸਾਈਡ ਇਫੈਕਟ ਦੇਖੇ ਗਏ ਉਹਨਾਂ ਵਿਚ ਐਲਰਜਿਕ ਰੀਏਕਸ਼ਨ, ਬਹੁਤ ਜ਼ਿਆਦਾ ਬੇਚੈਨੀ ਅਤੇ ਤੇਜ਼ ਬੁਖਾਰ ਸ਼ਾਮਲ ਹਨ। ਇਸ ਦੇ ਇਲਾਵਾ ਜਿਹੜੇ 7 ਮਰੀਜ਼ਾਂ ਵਿਚ ਘੱਟ ਸਾਈਡ ਇਫੈਕਟ ਦੇਖੇ ਗਏ ਉਹਨਾਂ ਵਿਚ ਜਿਹੜੀ ਜਗ੍ਹਾ 'ਤੇ ਟੀਕਾ ਲਗਾਇਆ ਗਿਆ ਉੱਥੇ ਬਹੁਤ ਤੇਜ਼ ਦਰਦ ਹੋਇਆ। ਇਸ ਦੇ ਬਾਅਦ ਵੀ ਨਾਰਵੇ ਦੀ ਮੈਡੀਸਨ ਏਜੰਸੀ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਸਾਵਧਾਨੀ ਨਾਲ ਵੈਕਸੀਨ ਲਗਵਾਉਣ ਵਾਲੇ ਲੋਕਾਂ ਦੀ ਪਛਾਣ ਕਰਨ, ਖਾਸ ਕਰਕੇ ਉਹ ਲੋਕ ਜੋ ਗੰਭੀਰ ਰੂਪ ਨਾਲ ਬੀਮਾਰ ਹਨ ਅਤੇ ਜ਼ਿੰਦਗੀ ਦੀ ਆਖਰੀ ਸਟੇਜ 'ਤੇ ਹਨ, ਉਹਨਾਂ ਨੂੰ ਪੂਰੀ ਜਾਂਚ ਮਗਰੋਂ ਹੀ ਟੀਕਾ ਲਗਾਇਆ ਜਾਣਾ ਚਾਹੀਦਾ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News