ਟੀਕਾਕਰਣ ਪ੍ਰਕਿਰਿਆ ਲਈ ਲੰਡਨ ਪਹੁੰਚੀ ਫਾਈਜ਼ਰ ਕੋਵਿਡ ਟੀਕਿਆਂ ਦੀ ਖੇਪ

12/07/2020 2:15:28 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਮਹਾਮਾਰੀ 'ਤੇ ਕਾਬੂ ਕਰਨ ਲਈ ਸਰਕਾਰ ਵਲੋਂ ਫਾਈਜ਼ਰ ਕੰਪਨੀ ਦੇ ਕੋਰੋਨਾ ਟੀਕੇ ਨੂੰ ਮਨਜੂਰੀ ਮਿਲਣ ਤੋਂ ਬਾਅਦ, ਟੀਕਾਕਰਣ ਪ੍ਰਕਿਰਿਆ ਨੂੰ ਸ਼ੁਰੂ ਕਰਨ ਦੇ ਮੰਤਵ ਨਾਲ ਟੀਕਿਆਂ ਦੀ ਪਹਿਲੀ ਖੇਪ ਦੱਖਣੀ ਲੰਡਨ ਦੇ ਇਕ ਹਸਪਤਾਲ ਵਿਚ ਪੁਹੰਚ ਗਈ ਹੈ। 

ਕ੍ਰਾਈਡਨ ਯੂਨੀਵਰਸਿਟੀ ਹਸਪਤਾਲ ਦੇ ਫਾਰਮੇਸੀ ਟੈਕਨੀਸ਼ੀਅਨ ਕਾਮਿਆਂ ਵਲੋਂ ਟੀਕਿਆਂ ਨੂੰ -70 ਸੀ 'ਤੇ ਇਸਤੇਮਾਲ ਕਰਨ ਤੋਂ ਪਹਿਲਾਂ ਫ੍ਰੀਜ਼ਰ ਵਿੱਚ ਸਟੋਰ ਕੀਤਾ ਗਿਆ ਹੈ।ਇਸ ਤੋਂ ਬਾਅਦ ਮੰਗਲਵਾਰ ਤੋਂ ਕਈ ਹਸਪਤਾਲਾਂ ਦੇ ਦਰਜਨਾਂ ਕੇਂਦਰਾਂ 'ਤੇ ਟੀਕੇ ਲਗਾਏ ਜਾਣਗੇ।

ਕ੍ਰਾਇਡਨ ਹੈਲਥ ਸਰਵਿਸਿਜ਼ ਐੱਨ. ਐੱਚ. ਐੱਸ. ਟਰੱਸਟ ਦੇ ਮੁੱਖ ਕਾਰਜਕਾਰੀ ਅਤੇ ਸਿਹਤ ਲੀਡਰ ਮੈਥਿਊ ਕੇਰਸ਼ਾਅ ਅਨੁਸਾਰ ਇਹ ਦੇਸ਼ ਅਤੇ ਹਸਪਤਾਲ ਲਈ ਇਕ ਮਹੱਤਵਪੂਰਣ ਪਲ ਹੈ ਅਤੇ ਇਸ ਟੀਕਾਕਰਣ ਵਿਚ ਹੋਰ ਵਧੇਰੇ ਖੁਰਾਕਾਂ ਉਪਲੱਬਧ ਹੋਣ ਤੋਂ ਪਹਿਲਾਂ, 80 ਸਾਲ ਤੋਂ ਵੱਧ ਉਮਰ ਦੇ ਲੋਕ, ਕੇਅਰ ਹੋਮ ਵਰਕਰ ਅਤੇ ਐੱਨ. ਐੱਚ. ਐੱਸ. ਸਟਾਫ਼ ਨੂੰ ਟੀਕਾ ਲਗਾਉਣ ਦੀ ਪਹਿਲ ਵਿਚ ਸ਼ਾਮਲ ਕੀਤਾ ਜਾਵੇਗਾ। ਇਸ ਦੇ ਇਲਾਵਾ ਐੱਨ. ਐੱਚ. ਐੱਸ. ਦੇ ਰਾਸ਼ਟਰੀ ਮੈਡੀਕਲ ਡਾਇਰੈਕਟਰ, ਪ੍ਰੋਫੈਸਰ ਸਟੀਫਨ ਪੋਵਿਸ ਅਨੁਸਾਰ ਬਹੁਤ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ, ਦੇਸ਼ ਦੇ ਹਸਪਤਾਲ ਮੰਗਲਵਾਰ ਤੋਂ ਵੱਡੀ ਪੱਧਰ 'ਤੇ ਟੀਕਾਕਰਣ ਮੁਹਿੰਮ ਦਾ ਪਹਿਲਾ ਪੜਾਅ ਸ਼ੁਰੂ ਕਰਨਗੇ ਜਦਕਿ ਅੱਗੇ ਹਸਪਤਾਲਾਂ ਵਿਚ ਟੀਕੇ ਦੀ ਸਪੁਰਦਗੀ ਦੀ ਪਹਿਲੀ ਤਿਆਰੀ ਸੋਮਵਾਰ ਤੱਕ ਸ਼ੁਰੂ ਹੋਵੇਗੀ।

ਜ਼ਿਕਰਯੋਗ ਹੈ ਕਿ ਐੱਨ. ਐੱਚ. ਐੱਸ. ਕੋਲ ਵੱਡੇ ਪੱਧਰ 'ਤੇ ਟੀਕਾਕਰਣ ਪ੍ਰੋਗਰਾਮਾਂ ਨੂੰ ਲਾਗੂ ਕਰਨ ਦਾ ਮਜ਼ਬੂਤ ਰਿਕਾਰਡ ਹੈ, ਜਿਨ੍ਹਾਂ ਵਿਚ ਫਲੂ, ਐੱਚ. ਪੀ. ਵੀ. ਆਦਿ ਟੀਕਾਕਰਣ ਸ਼ਾਮਲ ਹੈ ਅਤੇ ਇਹ ਮਿਹਨਤੀ ਸਟਾਫ਼ ਇਕ ਵਾਰ ਫਿਰ ਲੋਕਾਂ ਨੂੰ ਇਸ ਭਿਆਨਕ ਬੀਮਾਰੀ ਤੋਂ ਬਚਾਉਣ ਦੀ ਚੁਣੌਤੀ ਵੱਲ ਪੂਰੀ ਤਿਆਰੀ ਨਾਲ ਵਧੇਗਾ।


Lalita Mam

Content Editor

Related News