ਪੈਟਰੋਲ ਨਾਲ ਭਰੇ ਟੈਂਕਰ ਨੂੰ ਲੱਗੀ ਅੱਗ; ਡਰਾਈਵਰ ਝੁਲਸਿਆ, ਅਮਰੀਕਾ ''ਚ ਭਿਆਨਕ ਹਾਦਸਾ

Monday, Apr 06, 2026 - 10:33 AM (IST)

ਪੈਟਰੋਲ ਨਾਲ ਭਰੇ ਟੈਂਕਰ ਨੂੰ ਲੱਗੀ ਅੱਗ; ਡਰਾਈਵਰ ਝੁਲਸਿਆ, ਅਮਰੀਕਾ ''ਚ ਭਿਆਨਕ ਹਾਦਸਾ

ਫੋਰਟ ਵਰਥ (ਅਮਰੀਕਾ) (ਭਾਸ਼ਾ): ਅਮਰੀਕਾ ਵਿਖੇ ਟੈਕਸਾਸ ਦੇ ਫੋਰਟ ਵਰਥ ਵਿੱਚ ਐਤਵਾਰ ਨੂੰ ਇੱਕ ਤੇਲ ਦਾ ਟੈਂਕਰ ਇਕ ਹੋਰ ਵਾਹਨ ਨਾਲ ਟਕਰਾ ਗਿਆ। ਇਸ ਟੱਕਰ ਮਗਰੋਂ ਟੈਂਕਰ ਭਿਆਨਕ ਅੱਗ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਟਰੱਕ ਡਰਾਈਵਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਫੋਰਟ ਵਰਥ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਫੋਰਟ ਵਰਥ ਅਗਨੀਸ਼ਮਨ ਵਿਭਾਗ ਦੇ ਬੁਲਾਰੇ ਕ੍ਰੇਗ ਟ੍ਰੋਜਾਸੇਕ ਅਨੁਸਾਰ 18 ਪਹੀਆ ਵਾਲਾ ਟਰੱਕ, ਜਿਸ ਵਿੱਚ 9,000 ਗੈਲਨ ਪੈਟਰੋਲ ਸੀ, ਇੱਕ ਗੈਸ ਸਟੇਸ਼ਨ ਨੇੜੇ ਇੱਕ ਸੜਕ 'ਤੇ ਕੰਟਰੋਲ ਤੋਂ ਬਾਹਰ ਹੋ ਗਿਆ, ਜਿਸ ਕਾਰਨ ਬਾਲਣ ਲੀਕ ਹੋਣਾ ਸ਼ੁਰੂ ਹੋ ਗਿਆ। ਟ੍ਰੋਜਾਸੇਕ ਨੇ ਕਿਹਾ ਕਿ ਟਰੱਕ ਦੇ ਕੰਟਰੋਲ ਤੋਂ ਬਾਹਰ ਹੋਣ ਕਾਰਨ ਬਿਜਲੀ ਦੀਆਂ ਤਾਰਾਂ ਇਸ 'ਤੇ ਡਿੱਗ ਪਈਆਂ, ਜਿਸ ਕਾਰਨ ਅੱਗ ਲੱਗ ਗਈ। ਹਾਦਸਾ ਦੇਰ ਰਾਤ ਕਰੀਬ 1 ਵਜੇ ਵਾਪਰਿਆ।

ਅਧਿਕਾਰੀਆਂ ਨੇ ਦੱਸਿਆ ਕਿ ਡਰਾਈਵਰ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪੂਰੀ ਕੋਸ਼ਿਸ਼ ਕੀਤੀ ਕਿ ਫੈਲ ਰਿਹਾ ਪੈਟਰੋਲ ਨੇੜੇ ਸਥਿਤ ਵਲੇਰੋ (Valero) ਪੈਟਰੋਲ ਪੰਪ ਦੇ ਪਾਰਕਿੰਗ ਖੇਤਰ ਵਿੱਚ ਨਾ ਪਹੁੰਚੇ। ਇਸੇ ਦੌਰਾਨ ਉਹ ਅੱਗ ਦੀ ਲਪੇਟ ਵਿੱਚ ਆ ਕੇ ਗੰਭੀਰ ਰੂਪ ਵਿੱਚ ਝੁਲਸ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕੋਈ ਹੋਰ ਵਿਅਕਤੀ ਜ਼ਖਮੀ ਨਹੀਂ ਹੋਇਆ। ਅੱਗ ਇੰਨੀ ਭਿਆਨਕ ਸੀ ਕਿ ਦਮਕਲ ਕਰਮਚਾਰੀਆਂ ਨੂੰ ਇਸ 'ਤੇ ਕਾਬੂ ਪਾਉਣ ਲਈ ਕਈ ਘੰਟੇ ਲੱਗ ਗਏ। ਅੱਗ ਬੁਝਾਉਣ ਲਈ ਪਾਣੀ ਦੇ ਨਾਲ-ਨਾਲ ਪੈਟਰੋਲ ਨੂੰ ਫੈਲਣ ਤੋਂ ਰੋਕਣ ਲਈ ਰੇਤ ਦੀ ਵਰਤੋਂ ਵੀ ਕੀਤੀ ਗਈ।ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਸਵੇਰੇ ਕਰੀਬ 7 ਵਜੇ ਤੱਕ ਸਥਿਤੀ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News