ਅਮਰੀਕਾ ''ਚ ਪੜ੍ਹਾਈ ਦੇ ਨਾਲ ਨੌਕਰੀ ਕਰਨਾ ਹੋਵੇਗਾ ਮਹਿੰਗਾ! ਦੇਣੀ ਪਵੇਗੀ 67 ਲੱਖ ਰੁਪਏ ਫੀਸ

Thursday, Oct 08, 2026 - 12:17 AM (IST)

ਅਮਰੀਕਾ ''ਚ ਪੜ੍ਹਾਈ ਦੇ ਨਾਲ ਨੌਕਰੀ ਕਰਨਾ ਹੋਵੇਗਾ ਮਹਿੰਗਾ! ਦੇਣੀ ਪਵੇਗੀ 67 ਲੱਖ ਰੁਪਏ ਫੀਸ

ਵਾਸ਼ਿੰਗਟਨ : ਅਮਰੀਕਾ ਵਿੱਚ ਪੜ੍ਹਾਈ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪੜ੍ਹਾਈ ਦੇ ਨਾਲ-ਨਾਲ ਨੌਕਰੀ ਕਰਨਾ ਹੁਣ ਕਾਫ਼ੀ ਮਹਿੰਗਾ ਹੋ ਸਕਦਾ ਹੈ। ਟਰੰਪ ਪ੍ਰਸ਼ਾਸਨ ਦੇ ਹੋਮਲੈਂਡ ਸਕਿਓਰਿਟੀ ਵਿਭਾਗ (DHS) ਨੇ ਵਿਦੇਸ਼ੀ ਵਿਦਿਆਰਥੀਆਂ ਲਈ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ (OPT) ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਵੱਡੀ ਫੀਸ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ।

ਨਵੇਂ ਪ੍ਰਸਤਾਵ ਅਨੁਸਾਰ, OPT ਪ੍ਰੋਗਰਾਮ ਵਿੱਚ ਪਹਿਲੀ ਵਾਰ ਅਰਜ਼ੀ ਦੇਣ ਲਈ 70,000 ਡਾਲਰ (ਲਗਭਗ 67.72 ਲੱਖ ਰੁਪਏ) ਦੀ ਫੀਸ ਪੇਸ਼ਕਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਪ੍ਰੋਗਰਾਮ ਨੂੰ ਅੱਗੇ ਵਧਾਉਣ ਜਾਂ ਨਵੀਨੀਕਰਨ (Renewal) ਕਰਨ ਲਈ 30,000 ਡਾਲਰ ਫੀਸ ਰੱਖਣ ਦਾ ਸੁਝਾਅ ਦਿੱਤਾ ਗਿਆ ਹੈ। ਹਾਲਾਂਕਿ, ਇਹ ਫੀਸ ਸਿੱਧੇ ਤੌਰ 'ਤੇ ਵਿਦਿਆਰਥੀਆਂ ਤੋਂ ਨਹੀਂ, ਸਗੋਂ ਸਬੰਧਤ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਲਈ ਜਾਵੇਗੀ।

ਕੀ ਹੈ OPT ਪ੍ਰੋਗਰਾਮ?
OPT ਪ੍ਰੋਗਰਾਮ ਤਹਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਨਾਲ ਜੁੜੇ ਖੇਤਰ ਵਿੱਚ ਅਮਰੀਕਾ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਹੈ। ਆਮ ਤੌਰ 'ਤੇ ਵਿਦਿਆਰਥੀ ਗ੍ਰੈਜੂਏਸ਼ਨ ਤੋਂ ਬਾਅਦ ਇੱਕ ਸਾਲ ਤੱਕ ਕੰਮ ਕਰ ਸਕਦੇ ਹਨ। ਉੱਥੇ ਹੀ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਮੈਥ (STEM) ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਵਾਧੂ ਦੋ ਸਾਲ ਤੱਕ ਕੰਮ ਕਰਨ ਦੀ ਇਜਾਜ਼ਤ ਮਿਲਦੀ ਹੈ।

ਹੋਮਲੈਂਡ ਸਕਿਓਰਿਟੀ ਵਿਭਾਗ ਅਨੁਸਾਰ ਇਸ ਫੀਸ ਦਾ ਮਕਸਦ ਵੀਜ਼ਾ ਪ੍ਰੋਗਰਾਮ ਵਿੱਚ ਹੁੰਦੀ ਧੋਖਾਧੜੀ ਅਤੇ ਦੁਰਵਰਤੋਂ ਨੂੰ ਰੋਕਣਾ ਹੈ। ਦੂਜੇ ਪਾਸੇ, ਅੰਤਰਰਾਸ਼ਟਰੀ ਸਿੱਖਿਆ ਸੰਸਥਾ NAFSA ਦੀ ਸੀ.ਈ.ਓ. ਫਾਂਟਾ ਅਵ (Fanta Aw) ਨੇ ਇਸ ਪ੍ਰਸਤਾਵ ਦਾ ਵਿਰੋਧ ਕਰਦਿਆਂ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਦੂਰ ਕਰਨ ਨਾਲ ਅਮਰੀਕੀ ਨਵੀਨਤਾ (Innovation) ਅਤੇ ਆਰਥਿਕ ਵਿਕਾਸ 'ਤੇ ਬੁਰਾ ਅਸਰ ਪਵੇਗਾ। ਇਸ ਪ੍ਰਸਤਾਵ 'ਤੇ ਜਨਤਾ ਤੋਂ 60 ਦਿਨਾਂ ਤੱਕ ਸੁਝਾਅ ਅਤੇ ਇਤਰਾਜ਼ ਮੰਗੇ ਜਾਣਗੇ।


author

Inder Prajapati

Content Editor

Related News