ਮੈਲਬੌਰਨ ਦੇ ਗੁਰਦੁਆਰਾ ਸਾਹਿਬ 'ਚ ਚੋਰੀ, ਨਕਾਬਪੋਸ਼ ਗ੍ਰਾਈਂਡਰ ਨਾਲ ਦਰਵਾਜ਼ਾ ਵੱਢ ਚੁੱਕ ਕੇ ਲੈ ਗਏ ਗੋਲਕ (Pics)

Friday, Jan 09, 2026 - 01:39 PM (IST)

ਮੈਲਬੌਰਨ ਦੇ ਗੁਰਦੁਆਰਾ ਸਾਹਿਬ 'ਚ ਚੋਰੀ, ਨਕਾਬਪੋਸ਼ ਗ੍ਰਾਈਂਡਰ ਨਾਲ ਦਰਵਾਜ਼ਾ ਵੱਢ ਚੁੱਕ ਕੇ ਲੈ ਗਏ ਗੋਲਕ (Pics)

ਮੈਲਬੌਰਨ: ਆਸਟ੍ਰੇਲੀਆ ਦੇ ਮੈਲਬੌਰਨ ਦੇ ਉੱਤਰੀ ਹਿੱਸੇ 'ਚ ਸਥਿਤ ਇੱਕ ਸਿੱਖ ਗੁਰਦੁਆਰਾ ਸਾਹਿਬ 'ਚ ਚੋਰੀ ਦੀ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇੱਥੇ ਦੋ ਨਕਾਬਪੋਸ਼ ਚੋਰਾਂ ਨੇ ਇੱਕ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਅਤੇ ਐਂਗਲ ਗ੍ਰਾਈਂਡਰ (Angle Grinder) ਦੀ ਮਦਦ ਨਾਲ ਪਹਿਲਾਂ ਦਰਵਾਜ਼ਾ ਵੱਢਿਆ ਤੇ ਫਿਰ ਗੋਲਕ ਕੱਟ ਕੇ ਨਕਦੀ ਚੋਰੀ ਕਰ ਲਈ।

PunjabKesari

ਵਿਕਟੋਰੀਆ ਪੁਲਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਇਹ ਘਟਨਾ ਕੈਂਪਬੈਲਫੀਲਡ (Campbellfield) ਦੇ ਮੈਲਕਮ ਪਲੇਸ ਸਥਿਤ 'ਸ੍ਰੀ ਗੁਰੂ ਰਵਿਦਾਸ ਸਭਾ ਆਸਟ੍ਰੇਲੀਆ' ਵਿਖੇ ਵਾਪਰੀ। ਸੋਮਵਾਰ, 29 ਦਸੰਬਰ ਨੂੰ ਰਾਤ ਕਰੀਬ 10:30 ਵਜੇ ਦੋ ਵਿਅਕਤੀ ਗੁਰਦੁਆਰਾ ਸਾਹਿਬ ਦੇ ਪਰਿਸਰ 'ਚ ਦਾਖਲ ਹੋਏ। ਜਾਂਚਕਰਤਾਵਾਂ ਨੇ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਇੱਕ ਨੇ ਐਂਗਲ ਗ੍ਰਾਈਂਡਰ ਦੀ ਵਰਤੋਂ ਕਰਕੇ ਤਾਲਾ ਕੱਟਿਆ ਅਤੇ ਅੰਦਰ ਦਾਖਲ ਹੋਇਆ। ਅੰਦਰ ਜਾਣ ਤੋਂ ਬਾਅਦ, ਉਸਨੇ ਇੱਕ ਵੱਡੀ ਗੋਲਕ (Donation box) ਵਿੱਚੋਂ ਲਗਭਗ 1,500 ਡਾਲਰ ਦੀ ਨਕਦੀ ਚੋਰੀ ਕਰ ਲਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਇੱਕ ਵਾਹਨ ਵਿੱਚ ਸਵਾਰ ਹੋ ਕੇ ਮੌਕੇ ਤੋਂ ਫ਼ਰਾਰ ਹੋ ਗਏ।

PunjabKesari

ਪੁਲਸ ਵੱਲੋਂ ਸੀਸੀਟੀਵੀ ਜਾਰੀ
ਹਿਊਮ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ (Hume Crime Investigation Unit) ਦੇ ਜਾਸੂਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਪੁਲਸ ਨੇ ਇੱਕ ਮੁਲਜ਼ਮ ਦੀਆਂ ਸੀਸੀਟੀਵੀ (CCTV) ਤਸਵੀਰਾਂ ਜਾਰੀ ਕੀਤੀਆਂ ਹਨ ਤਾਂ ਜੋ ਉਸਦੀ ਪਛਾਣ ਕੀਤੀ ਜਾ ਸਕੇ। ਸ਼ੱਕੀ ਵਿਅਕਤੀ ਨੇ ਚਿੱਟੇ ਅੱਖਰਾਂ ਵਾਲੀ ਇੱਕ ਕਾਲੀ ਹੁੱਡੀ, ਟ੍ਰੈਕਸੂਟ ਪੈਂਟ, ਚਿੱਟੇ ਜੁੱਤੇ, ਕਾਲੀ ਟੋਪੀ, ਦਸਤਾਨੇ ਤੇ ਸੰਤਰੀ ਰੰਗ ਦਾ ਫੇਸ ਮਾਸਕ ਪਾਇਆ ਹੋਇਆ ਸੀ।

PunjabKesari

ਪੁਲਸ ਦੀ ਅਪੀਲ
ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਇਸ ਵਿਅਕਤੀ ਨੂੰ ਪਛਾਣਦਾ ਹੈ ਜਾਂ ਕਿਸੇ ਕੋਲ ਇਸ ਘਟਨਾ ਨਾਲ ਸਬੰਧਤ ਸੀਸੀਟੀਵੀ ਜਾਂ ਡੈਸ਼ਕੈਮ ਫੁਟੇਜ ਹੈ, ਤਾਂ ਉਹ ਤੁਰੰਤ ਕ੍ਰਾਈਮ ਸਟੌਪਰਸ (Crime Stoppers) ਨੂੰ 1800 333 000 'ਤੇ ਸੰਪਰਕ ਕਰੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News