ਆਸਟਰੇਲੀਆ : ਬਾਰਾਸਿੰਙੇ ਦੇ ਹਮਲੇ 'ਚ ਵਿਅਕਤੀ ਦੀ ਮੌਤ, ਔਰਤ ਜ਼ਖਮੀ
Thursday, Apr 18, 2019 - 09:42 AM (IST)

ਮੈਲਬੋਰਨ— ਦੱਖਣੀ ਆਸਟਰੇਲੀਆ 'ਚ ਬੁੱਧਵਾਰ ਸਵੇਰੇ ਇਕ ਪੇਂਡੂ ਇਲਾਕੇ 'ਚ ਬਾਰਾਸਿੰਙੇ ਨੇ ਇਕ ਵਿਅਕਤੀ 'ਤੇ ਹਮਲਾ ਕਰ ਕੇ ਉਸ ਨੂੰ ਜਾਨੋਂ ਮਾਰ ਸੁੱਟਿਆ ਅਤੇ ਇਕ ਹੋਰ ਔਰਤ ਨੂੰ ਜ਼ਖਮੀ ਕਰ ਦਿੱਤਾ। ਖਬਰ ਮੁਤਾਬਕ ਪੁਲਸ ਨੇ ਦੱਸਿਆ ਕਿ ਇਥੋਂ ਲਗਭਗ 250 ਕਿਲੋਮੀਟਰ ਦੂਰ ਵਾਂਗਾਰੱਟਾ 'ਚ ਬਾਰਾਸਿੰਙੇ ਨੇ ਇਕ ਵਿਅਕਤੀ ਤੇ ਇਕ ਔਰਤ 'ਤੇ ਹਮਲਾ ਕਰ ਦਿੱਤਾ।
ਹਮਲੇ 'ਚ ਵਿਅਕਤੀ ਦੀ ਮੌਤ ਤੋਂ ਬਾਅਦ ਜ਼ਖਮੀ ਔਰਤ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਵਿਅਕਤੀ ਦੀ ਪਛਾਣ 46 ਸਾਲਾ ਪਾਉਲ ਮੈਕਡੋਨਲਡ ਵਜੋਂ ਕੀਤੀ ਗਈ ਹੈ। ਜ਼ਖਮੀ ਔਰਤ ਪਾਉਲ ਦੀ ਪਤਨੀ ਮੈਂਡੀ ਮੈਕਡੋਨਲਡ ਹੈ, ਜਿਸ ਦੇ ਸਰੀਰ ਦੇ ਉੱਪਰਲੇ ਹਿੱਸੇ ਅਤੇ ਲੱਤਾਂ 'ਤੇ ਡੂੰਘੇ ਜ਼ਖਮ ਹਨ। ਬਾਰਾਸਿੰਙੇ ਦੇ ਹਮਲੇ ਦੌਰਾਨ ਉਨ੍ਹਾਂ ਦੇ ਮੁੰਡੇ ਨੇ ਲੱਕੜ ਨਾਲ ਉਸ 'ਤੇ ਹਮਲਾ ਵੀ ਕੀਤਾ ਪਰ ਉਹ ਕਾਬੂ ਨਹੀਂ ਆ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਬਾਰਾਸਿੰਙੇ ਕੋਲ ਗਏ ਸਨ ਤੇ ਉਨ੍ਹਾਂ ਦੀ ਚੀਕਾਂ ਸੁਣ ਕੇ ਉਹ ਤੇ ਉਸ ਦੀ ਮਾਂ ਉੱਧਰ ਭੱਜੇ। ਪਿਤਾ ਨੂੰ ਬਚਾਉਣ ਲਈ ਮਾਂ ਵਾੜੇ ਅੰਦਰ ਚਲੀ ਗਈ ਪਰ ਆਪ ਵੀ ਜ਼ਖਮੀ ਹੋ ਗਈ। ਮੁੰਡੇ ਨੇ ਬਾਰਾਸਿੰਙੇ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਮਗਰੋਂ ਨੇੜਲੇ ਘਰਾਂ 'ਚ ਰਹਿੰਦੇ ਲੋਕਾਂ ਨੇ ਪੁਲਸ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ ਤੇ ਪੁਲਸ ਨੇ ਹਿਰਨ ਨੂੰ ਗੋਲੀ ਮਾਰ ਦਿੱਤੀ। ਪਰਿਵਾਰ ਦੇ ਕੋਲ ਰਹਿਣ ਵਾਲੇ ਲੋਕ ਵੀ ਇਸ ਹਾਦਸੇ ਕਾਰਨ ਬਹੁਤ ਦੁਖੀ ਹਨ। ਉਨ੍ਹਾਂ ਕਿਹਾ ਕਿ ਇੱਥੇ ਬਹੁਤ ਸਾਰੇ ਲੋਕ ਬਾਰਾਸਿੰਙੇ ਰੱਖਣ ਦੇ ਸ਼ੌਕੀਨ ਹਨ।