ਸਜ਼ਾ-ਏ-ਮੌਤ ਦੇ ਫੈਸਲੇ ਮਗਰੋਂ ਪਰਵੇਜ਼ ਮੁਸ਼ੱਰਫ ਦਾ ਪਹਿਲਾ ਬਿਆਨ

12/19/2019 10:29:15 AM

ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੇ ਕਿਹਾ ਕਿ ਦੇਸ਼ਧ੍ਰੋਹ ਮਾਮਲੇ 'ਚ ਇਕ ਅਦਾਲਤ ਵਲੋਂ ਉਨ੍ਹਾਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ 'ਨਿੱਜੀ ਬਦਲੇ' 'ਤੇ ਆਧਾਰਿਤ ਹੈ। ਮੰਗਲਵਾਰ ਨੂੰ ਅਦਾਲਤ ਨੇ ਮੁਸ਼ੱਰਫ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਤੇ ਇਸ ਸਜ਼ਾ 'ਤੇ ਪਹਿਲੀ ਵਾਰ ਮੁਸ਼ੱਰਫ ਨੇ ਪ੍ਰਤੀਕਿਰਿਆ ਦਿੱਤੀ ਹੈ। ਹਾਲਾਂਕਿ ਇਸ ਫੈਸਲੇ ਦਾ ਪਾਕਿਸਤਾਨ ਦੀ ਸ਼ਕਤੀਸ਼ਾਲੀ ਫੌਜ ਨੇ ਵਿਰੋਧ ਕੀਤਾ ਹੈ। ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਦੇ ਬਾਅਦ ਮੁਸ਼ੱਰਫ ਦੇ ਸਮਰਥਕਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਉਨ੍ਹਾਂ ਦੇ ਸਮਰਥਨ 'ਚ ਛੋਟੀਆਂ ਰੈਲੀਆਂ ਕੱਢੀਆਂ।

ਮੁਸ਼ੱਰਫ 'ਤੇ ਸੰਵਿਧਾਨ ਨੂੰ ਬੇਅਸਰ ਬਣਾਉਣ ਅਤੇ ਪਾਕਿਸਤਾਨ 'ਚ ਨਵੰਬਰ 2007 'ਚ ਸੰਵਿਧਾਨਕ ਐਮਰਜੈਂਸੀ ਲਗਾਉਣ ਦਾ ਦੋਸ਼ ਸੀ। ਇਹ ਮਾਮਲਾ 2013 ਤੋਂ ਪੈਂਡਿੰਗ ਸੀ। ਉਨ੍ਹਾਂ ਦੀ ਪਾਰਟੀ ਵਲੋਂ ਜਾਰੀ ਇਕ ਵੀਡੀਓ 'ਚ ਮੁਸ਼ੱਰਫ ਨੇ ਕਿਹਾ,'ਇਸ ਤਰ੍ਹਾਂ ਦੇ ਫੈਸਲੇ ਦਾ ਕੋਈ ਹੋਰ ਉਦਾਹਰਣ ਨਹੀਂ ਹੈ ਜਦ ਨਾ ਤਾਂ ਬਚਾਅ ਪੱਖ ਤੇ ਨਾ ਹੀ ਉਸ ਦੇ ਵਕੀਲ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਗਿਆ ਹੋਵੇ।'' ਉਨ੍ਹਾਂ ਕਿਹਾ ਕਿ ਅਦਾਲਤ ਨੇ 2014 ਤੋਂ 2019 ਵਿਚਕਾਰ ਉਨ੍ਹਾਂ 'ਤੇ ਮੁਕੱਦਮਾ ਚਲਾਇਆ ਅਤੇ ਦੁਬਈ 'ਚ ਬਿਆਨ ਦਰਜ ਕਰਨ ਦੀ ਉਨ੍ਹਾਂ ਦੀ ਅਪੀਲ ਨੂੰ ਵੀ ਠੁਕਰਾ ਦਿੱਤਾ ਸੀ। ਮੁਸ਼ੱਰਫ ਇਲਾਜ ਲਈ ਦੇਸ਼ ਤੋਂ ਬਾਹਰ ਗਏ ਸਨ ਤੇ ਉਹ 2016 ਤੋਂ ਹੀ ਦੁਬਈ 'ਚ ਰਹਿ ਰਹੇ ਹਨ। ਮੁਸ਼ੱਰਫ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਸਵਾਲੀਆ ਨਿਸ਼ਾਨ 'ਤੇ ਹਨ ਅਤੇ ਇਸ 'ਚ ਕਾਨੂੰਨ ਦਾ ਪਾਲਣ ਨਹੀਂ ਕੀਤਾ ਗਿਆ। ਮੈਂ ਇਹ ਕਹਾਂਗਾ ਕਿ ਇਸ ਮਾਮਲੇ ਦੀ ਸੰਵਿਧਾਨ ਤਹਿਤ ਸੁਣਵਾਈ ਦੀ ਕੋਈ ਜ਼ਰੂਰਤ ਨਹੀਂ ਸੀ ਪਰ ਫਿਰ ਵੀ ਸੁਣਵਾਈ ਹੋਈ ਕਿਉਂਕਿ ਕੁਝ ਲੋਕਾਂ ਦੇ ਮਨ 'ਚ ਮੇਰੇ ਪ੍ਰਤੀ ਨਿੱਜੀ ਵਿਰੋਧ ਦੀ ਭਾਵਨਾ ਹੈ ਅਤੇ ਇਕ ਵਿਅਕਤੀ ਨੂੰ ਇਸ ਮਾਮਲੇ 'ਚ ਨਿਸ਼ਾਨਾ ਬਣਾਇਆ ਗਿਆ ਹੈ। ਬਿਨਾਂ ਕਿਸੇ ਦੇ ਨਾਂ ਲਏ ਹੋਏ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਖਿਲਾਫ ਕੰਮ ਕੀਤਾ, ਉਹ ਅੱਜ ਵੱਡੇ-ਵੱਡੇ ਅਹੁਦਿਆਂ 'ਤੇ ਹਨ ਅਤੇ ਇਸ ਦੀ ਦੁਰਵਰਤੋਂ ਕਰ ਰਹੇ ਹਨ।

ਉਨ੍ਹਾਂ ਅਦਾਲਤ ਦੇ ਫੈਸਲੇ ਦੇ ਬਾਅਦ ਲੋਕਾਂ ਅਤੇ ਹਥਿਆਰਬੰਦ ਬਲਾਂ ਨੂੰ ਉਨ੍ਹਾਂ ਦਾ ਸਾਥ ਦੇਣ ਲਈ ਧੰਨਵਾਦ ਪ੍ਰਗਟਾਇਆ। ਸਾਬਕਾ ਤਾਨਾਸ਼ਾਹ ਨੇ ਕਿਹਾ ਕਿ ਉਹ ਆਪਣੇ ਭਵਿੱਖ ਦਾ ਫੈਸਲਾ ਆਪਣੇ ਵਕੀਲਾਂ ਨਾਲ ਗੱਲਬਾਤ ਕਰਨ ਦੇ ਬਾਅਦ ਕਰਨਗੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਨਿਆਂ ਹੋਵੇਗਾ। ਉਨ੍ਹਾਂ ਦੇ ਵਕੀਲ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਮੌਤ ਦੀ ਸਜ਼ਾ ਨੂੰ ਚੁਣੌਤੀ ਦੇਣਗੇ। ਓਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਸਥਿਤੀ ਨਾਲ ਨਜਿੱਠਣ ਲਈ ਆਪਣੇ ਸਲਾਹਕਾਰਾਂ ਨਾਲ ਗੱਲ ਕੀਤੀ ਹੈ।


Related News