ਪਰਥ ਹਿੱਲਜ਼ ''ਚ ਬੇਕਾਬੂ ਹੋਈ ਬੁਸ਼ਫਾਇਰ, ਚਿਤਾਵਨੀ ਜਾਰੀ (ਤਸਵੀਰਾਂ)
Tuesday, Feb 02, 2021 - 06:01 PM (IST)
ਸਿਡਨੀ (ਬਿਊਰੋ) ਪੱਛਮੀ ਆਸਟ੍ਰੇਲੀਆ ਦੇ ਪਰਥ ਹਿੱਲਜ਼ ਵਿਚ ਫੈਲੀ ਜੰਗਲੀ ਅੱਗ ਬੇਕਾਬੂ ਹੁੰਦੀ ਜਾ ਰਹੀ ਹੈ। ਅੱਗ ਨੇ ਇੱਥੋਂ ਦੇ ਘੱਟੋ ਘੱਟ 30 ਘਰਾਂ ਨੂੰ ਸਾੜ ਕੇ ਤਬਾਹ ਕਰ ਦਿੱਤਾ ਹੈ ਅਤੇ ਹੋਰਾਂ ਨੂੰ ਵੀ ਹੁਣ ਇਸ ਬੇਕਾਬੂ ਹੋ ਰਹੀ ਅੱਗ ਤੋਂ ਖ਼ਤਰਾ ਪੈਦਾ ਹੋ ਗਿਆ ਹੈ। ਇਹ ਖ਼ਤਰਾ ਲਗਾਤਾਰ ਵੱਧਦਾ ਦਿਖਾਈ ਦੇ ਰਿਹਾ ਹੈ। ਸਥਾਨਕ ਲੋਕਾਂ ਨੂੰ ਸਮਾਂ ਰਹਿੰਦਿਆਂ ਇੱਥੋਂ ਨਿਕਲ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਚਿਤਾਵਨੀ ਲਗਾਤਰ ਦਿੱਤੀ ਜਾ ਰਹੀ ਹੈ ਤਾਂ ਜੋ ਸਮਾਂ ਰਹਿੰਦਿਆਂ ਹੀ ਜਾਨ ਬਚਾਈ ਜਾ ਸਕੇ।
ਬੀਤੀ ਰਾਤ ਵੂਰੋਲੂ ਦੇ ਇਸ ਕਸਬੇ ਵਿਚ ਤਕਰੀਬਨ 6000 ਹੈਕਟੇਅਰ ਵਿਚ ਇਹ ਅੱਗ ਅਚਾਨਕ ਲੱਗ ਗਈ ਅਤੇ ਦੇਖਦਿਆਂ ਹੀ ਦੇਖਦਿਆਂ ਮੂੰਡਾਰਿੰਗ ਸ਼ਾਇਰ, ਚਿਟਰਿੰਗ, ਨੋਰਦਾਮ ਅਤੇ ਸਵੈਨ ਸਿਟੀ ਨੂੰ ਆਪਣੇ ਘੇਰੇ ਵਿਚ ਲੈ ਲਿਆ।ਬ੍ਰਿਗਾਡੂਨ, ਐਵੈਲੇ, ਐਨਨਬਰੁਕ ਅਤੇ ਦੀ ਵਾਈਨਜ਼ ਖੇਤਰਾਂ ਵਿਚ ਤਾਂ ਲੋਕਾਂ ਨੂੰ ਤੁਰੰਤ ਇੱਥੋਂ ਆਪਣੀ ਜਾਨ ਬਚਾ ਕੇ ਭੱਜਣ ਲਈ ਕਿਹਾ ਜਾ ਰਿਹਾ ਹੈ।
ਪ੍ਰਸ਼ਾਸਨ ਅਤੇ ਅੱਗ ਬੁਝਾਊ ਕਰਮਚਾਰੀਆਂ ਵੱਲੋਂ ਅਜਿਹੀਆਂ ਚਿਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਮੌਸਮ ਗਰਮ ਹੋਣ ਕਾਰਨ ਇੱਥੇ ਕਾਫੀ ਗਰਮੀ ਹੈ ਅਤੇ ਅੱਗ ਦੇ ਸੇਕ ਨਾਲ ਹੀ ਜ਼ਿੰਦਗੀਆਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੇ ਰਾਜ ਪੰਜਾਬੀ ਅਮਰੀਕਾ ਦੀ ਮਲੇਰੀਆ ਪਹਿਲ ਦੇ ਗਲੋਬਲ ਕੋਆਰਡੀਨੇਟਰ ਨਿਯੁਕਤ
ਬਹੁਤ ਵੱਡੀ ਗਿਣਤੀ ਵਿਚ ਅੱਗ ਬੁਝਾਊ ਕਰਮਚਾਰੀ ਇਸ ਅੱਗ 'ਤੇ ਕਾਬੂ ਪਾਉਣ ਵਿਚ ਲੱਗੇ ਹਨ ਪਰ ਹਾਲ ਦੀ ਘੜੀ ਤਾਂ ਅੱਗ ਵੱਧਦੀ ਹੀ ਜਾ ਰਹੀ ਹੈ। ਸਵੈਨ ਵਿਊ ਵਿਖੇ ਐਮਹਰੈਸਟ ਸੜਕ 'ਤੇ ਬਰਾਊਨ ਪਾਰਕ ਵਿਖੇ ਬਚਾਉ ਦਲ਼ ਸੈਂਟਰ ਖੋਲ੍ਹਿਆ ਗਿਆ ਹੈ ਅਤੇ ਅੱਗ ਤੋਂ ਬਚਾਉ ਲਈ ਆਸਰਾਘਰ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਵੂਰੋਲੂ ਖੇਤਰ ਅਸਲ ਵਿਚ ਪਰਥ ਦੇ ਉਨ੍ਹਾਂ ਇਲਾਕਿਆਂ ਵਿਚ ਪੈਂਦਾ ਹੈ ਜਿੱਥੇ ਕਿ ਕੋਵਿਡ-19 ਕਾਰਨ 5 ਦਿਨਾਂ ਦੀ ਤਾਲਾਬੰਦੀ ਲਗਾਈ ਗਈ ਹੈ।
ਨੋਟ- ਪਰਥ ਹਿੱਲਜ਼ ਵਿਚ ਬੁਸ਼ਫਾਇਰ ਬੇਕਾਬੂ ਹੋਣ 'ਤੇ ਚਿਤਾਵਨੀ ਜਾਰੀ, ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।