ਪਾਕਿ ''ਚ ਜ਼ੈਨਬ ਦੀ ਹੱਤਿਆ ਮਗਰੋਂ ਦੂਜੇ ਦਿਨ ਵੀ ਪ੍ਰਦਰਸ਼ਨ

01/12/2018 4:16:01 PM

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੇ ਪੰਜਾਬ ਸੂਬੇ ਵਿਚ 8 ਸਾਲਾ ਬੱਚੀ ਜ਼ੈਨਬ ਦੇ ਬਲਾਤਕਾਰ ਮਗਰੋਂ ਹੱਤਿਆ ਮਾਮਲੇ ਵਿਚ ਨਾਰਾਜ਼ ਲੋਕਾਂ ਨੇ ਅੱਜ ਭਾਵ ਸ਼ੁੱਕਰਵਾਰ ਦੂਜੇ ਦਿਨ ਵੀ ਪ੍ਰਦਰਸ਼ਨ ਜਾਰੀ ਰੱਖਿਆ ਹੈ। ਲੋਕਾਂ ਨੇ ਵਿਰੋਧ ਵਿਚ ਕਸੂਰ ਵਿਚ ਇਕ ਸਰਕਾਰੀ ਇਮਾਰਤ ਵਿਚ ਅੱਗ ਲਗਾ ਦਿੱਤੀ। ਬੀਤੇ ਹਫਤੇ ਬੱਚੀ ਨੂੰ ਉਸ ਦੇ ਘਰ ਦੇ ਬਾਹਰੋਂ ਅਗਵਾ ਕਰ ਲਿਆ ਗਿਆ ਸੀ। ਮੰਗਲਵਾਰ ਨੂੰ ਉਸ ਦੀ ਲਾਸ਼ ਕੂੜੇ ਵਿਚੋਂ ਮਿਲੀ ਸੀ। ਪੋਸਟਮਾਰਟਮ ਵਿਚ ਉਸ ਨਾਲ ਬਲਾਤਕਾਰ ਦੇ ਸੰਕੇਤ ਮਿਲੇ ਹਨ। ਬੱਚੀ ਦੇ ਪਿਤਾ ਅਮੀਨ ਅੰਸਾਰੀ ਨੇ ਆਪਣਾ ਦੁੱਖ ਜ਼ਾਹਰ ਕਰਦੇ ਹੋਏ ਕਿਹਾ,''ਮੇਰੀ ਜਿਵੇਂ ਦੁਨੀਆ ਹੀ ਖਤਮ ਹੋ ਗਈ ਹੈ। ਮੇਰੇ ਕੋਲ ਕਹਿਣ ਲਈ ਸ਼ਬਦ ਨਹੀਂ ਹਨ।'' 
ਕਸੂਰ ਪੁਲਸ ਦਾ ਕਹਿਣਾ ਹੈ ਕਿ ਬੀਤੇ 2 ਸਾਲਾਂ ਵਿਚ ਅਜਿਹੇ 12 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ ਪੰਜ ਮਾਮਲੇ ਇਕ ਅਜਿਹੇ ਸ਼ੱਕੀ ਨਾਲ ਸੰਬੰਧਿਤ ਹਨ, ਜਿਸ ਨੂੰ ਸੈਂਕੜੇ ਅਧਿਕਾਰੀ ਲੱਭ ਰਹੇ ਹਨ। 90 ਸ਼ੱਕੀਆਂ ਦੇ ਡੀ. ਐੱਨ. ਏ. ਨਮੂਨੇ ਲਏ ਜਾ ਚੁੱਕੇ ਹਨ। ਪੋਸਟਮਾਰਟਮ ਰਿਪੋਰਟ ਮੁਤਾਬਕ ਜ਼ੈਨਬ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਹੈ। ਰਿਪੋਰਟ ਵਿਚ ਬੱਚੀ ਦੇ ਸਰੀਰ ਅਤੇ ਚਿਹਰੇ 'ਤੇ ਸੱਟ ਦੇ ਨਿਸ਼ਾਨ ਦੱਸੇ ਗਏ ਹਨ ਅਤੇ ਗਰਦਨ ਟੁੱਟੀ ਦੱਸੀ ਗਈ ਹੈ। ਜ਼ੈਨਬ ਦੇ ਪਿਤਾ ਅਮੀਨ ਅੰਸਾਰੀ ਨੇ ਕਿਹਾ ਕਿ ਉਹ ਪ੍ਰਦਰਸ਼ਨਕਾਰੀਆਂ ਦੀ ਹਿੰਸਾ ਦਾ ਸਮਰਥਨ ਨਹੀਂ ਕਰਦੇ ਪਰ ਪੁਲਸ 'ਤੇ ਉਨ੍ਹਾਂ ਦੇ ਗੁੱਸੇ ਨੂੰ ਸਮਝਦੇ ਹਨ। ਉਨ੍ਹਾਂ ਨੇ ਕਿਹਾ,''ਜੇ ਪੁਲਸ ਨੇ ਆਪਣਾ ਕੰਮ ਠੀਕ ਤਰੀਕੇ ਨਾਲ ਕੀਤਾ ਹੁੰਦਾ ਤਾਂ ਉਹ ਸੀ. ਸੀ. ਟੀ. ਵੀ. ਫੁਟੇਜ ਮਿਲਣ ਦੇ ਤੁਰੰਤ ਮਗਰੋਂ ਦੋਸ਼ੀ ਨੂੰ ਲੱਭ ਲੈਂਦੀ।''


Related News