ਜਿਹੜੇ ਲੋਕ ਸਮਾਜ ''ਚ ਸਰਬ ਸਾਂਝੇ ਹੁੰਦੇ ਹਨ ਉਹ ਸਮੁੱਚੀ ਕਾਇਨਾਤ ਦੇ ਕਦਰਦਾਨ ਹੁੰਦੇ ਹਨ :ਦੇਬੀ ਮਖ਼ਸੂਸਪੁਰੀ
Sunday, Jan 07, 2024 - 01:15 PM (IST)
ਰੋਮ (ਕੈਂਥ): ਕਲਾਕਾਰ, ਖਿਡਾਰੀ ਤੇ ਪੱਤਰਕਾਰ ਇਹਨਾਂ ਸ਼ਖ਼ਸਾਂ ਦਾ ਨਾ ਕੋਈ ਧਰਮ ਹੈ ਅਤੇ ਨਾ ਹੀ ਇਨ੍ਹਾਂ ਦੀ ਕੋਈ ਜਾਤ ਹੁੰਦੀ ਹੈ, ਇਹ ਲੋਕ ਸਮਾਜ ਦੇ ਸਾਂਝੇ ਹੁੰਦੇ ਹਨ ਕਿਉਂਕਿ ਇਹਨਾਂ ਲੋਕਾਂ ਲਈ ਸਾਰੀ ਦੁਨੀਆ ਇੱਕ ਸਮਾਨ ਹੈ। ਸਭ ਧਰਮ ਇੱਕ ਹਨ ਤੇ ਇਹ ਸਭ ਧਰਮਾਂ ਦਾ ਸਤਿਕਾਰ ਕਰਦੇ ਹੋਏ ਸਮਾਜ ਵਿੱਚ ਸਾਂਝੀਵਾਲਤਾ ਦਾ ਸੁਨੇਹਾ ਆਪਣੇ ਵਿਚਰਨ ਵਾਲੇ ਖੇਤਰਾਂ ਵਿੱਚ ਦਿੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਸ਼ਵ ਪ੍ਰਸਿੱਧ ਪੰਜਾਬੀ ਸ਼ਾਇਰ, ਲੇਖਕ, ਗੀਤਕਾਰ ਤੇ ਗਾਇਕ ਜਨਾਬ ਦੇਬੀ ਮਖ਼ਸੂਸਪੁਰੀ ਨੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ।
ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਦੇ ਆਗੂ ਨਾਲ ਗੱਲ ਕਰਦਿਆਂ ਮਖ਼ਸੂਸਪੁਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਸਾਰੀ ਦੁਨੀਆ ਤੇ ਸਮਾਜ ਦਾ ਸਤਿਕਾਰ ਮਿਲਦਾ, ਉਨ੍ਹਾਂ ਲੋਕਾਂ ਦੀ ਵੀ ਸਮਾਜ ਪ੍ਰਤੀ ਜ਼ਿੰਮੇਵਾਰੀ ਦੋਹਰੀ ਹੋ ਜਾਂਦੀ ਹੈ ਕਿ ਸਾਰੇ ਵਰਗਾਂ ਦੇ ਸਤਿਕਾਰ ਹਿੱਤ ਹੀ ਆਪਣਾ ਕਦਮ, ਕਲਮ ਤੇ ਬੋਲ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਕਰਨ। ਜੇਕਰ ਉਹ ਕਿਸੇ ਇੱਕ ਸਮਾਜ ਦੀਆਂ ਭਾਵਨਾਵਾਂ ਨੂੰ ਅਣਗੋਲਿਆ ਕਰ ਕਿਸੇ ਵੀ ਕਾਰਵਾਈ ਨੂੰ ਅੰਜਾਮ ਦਿੰਦੇ ਹਨ ਤਾਂ ਇਹ ਉਹ ਆਪਣੇ ਹੁਨਰ, ਕਲਾ ਤੇ ਸਖ਼ਸੀਅਤ ਨਾਲ ਇਨਸਾਫ਼ ਨਹੀ ਕਰ ਰਹੇ ਹੁੰਦੇ। ਕਲਾਕਾਰ, ਖਿਡਾਰੀ ਤੇ ਪੱਤਰਕਾਰ ਤਾਂ ਲੋਕਾਂ ਦੇ ਮਾਰਗ ਦਰਸ਼ਕ ਹੁੰਦੇ ਹਨ ਆਮ ਲੋਕ ਉਹਨਾਂ 'ਤੇ ਅੱਖਾਂ ਬੰਦ ਕਰ ਯਕੀਨ ਕਰਦੇ ਹਨ। ਅਜਿਹੇ ਵਿੱਚ ਇਹਨਾਂ ਸ਼ਖ਼ਸਾਂ ਵੱਲੋਂ ਜਾਣਬੁੱਝ ਕਿ ਕੀਤੀ ਜਾ ਰਹੀ ਊਣਤਾਣ ਉਹ ਚਾਹੇ ਧਰਮ ਜਾਂ ਸਮਾਜ ਖ਼ਿਲਾਫ਼ ਹੋਵੇ ਜਾਂ ਕਿਸੇ ਦੀ ਆਸਥਾ ਦੇ ਵਿਰੁੱਧ, ਉਸ ਨੂੰ ਸਾਡਾ ਸਮਾਜ ਬਹੁਤ ਘੱਟ ਮਾਫ਼ ਕਰਦਾ ਹੈ ਤੇ ਸਮਾਂ ਆਉਣ ਤੇ ਕੁਤਾਹੀ ਵਰਤਣ ਵਾਲੇ ਸ਼ਖ਼ਸਾਂ ਨੂੰ ਸਮਾਜ ਦੀ ਨਰਾਜ਼ਗੀ ਦਾ ਖਮਿਆਜਾ ਭੁਗਤਣਾ ਜ਼ਰੂਰ ਪੈਂਦਾ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੇ ਸਟੋਰ ਵਰਕਰ ਨੇ ਕੈਨੇਡੀਅਨ ਪੁਲਸ 'ਤੇ ਕੀਤਾ 'ਮੁਕੱਦਮਾ', ਦਿੱਤੀ ਸੀ ਦੇਸ਼ ਨਿਕਾਲੇ ਦੀ ਧਮਕੀ
ਇਸ ਮੌਕੇ ਦੇਬੀ ਮਖ਼ਸੂਸਪੁਰੀ ਨੇ ਇਹ ਵੀ ਕਿਹਾ ਕਿ ਸਮਾਜ ਵੱਲੋਂ ਸਤਿਕਾਰਤ ਸ਼ਖ਼ਸੀਅਤਾਂ ਦਾ ਕੰਮ ਸਮਾਜ ਜੋੜਨਾ ਹੈ ਜਿਸ ਲਈ ਸਭ ਨੂੰ ਸੁਹਿਰਦ ਹੋ ਇਮਾਨਦਾਰੀ ਨਾਲ ਸਮਾਜ ਦੀਆਂ ਉਮੀਦਾਂ ਅਨੁਸਾਰ ਲੱਗੇ ਰਹਿਣਾ ਚਾਹੀਦਾ। ਬਾਕੀ ਅਜੋਕੇ ਸਮੇਂ ਵਿੱਚ ਲੋਕ ਬਹੁਤ ਸਿਆਣੇ ਹਨ ਉਨ੍ਹਾਂ ਨੂੰ ਜ਼ਿਆਦਾ ਗਿਆਨ ਤੇ ਸਬਕਾਂ ਦੀ ਲੋੜ ਘੱਟ ਹੈ।ਜਿਹੜਾ ਇਨਸਾਨ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ ਉਸ ਦਾ ਹਿਸਾਬ ਇੱਥੇ ਹੀ ਹੋ ਜਾਂਦਾ ਹੈ। ਪੰਜਾਬੀ ਗਾਇਕੀ ਖੇਤਰ ਵਿੱਚ ਅਜਿਹੀਆਂ ਸ਼ਖ਼ਸੀਅਤਾਂ ਬਿਰਾਜਮਾਨ ਹਨ, ਜਿਨ੍ਹਾਂ ਨੂੰ ਲੋਕ ਸੁਣਦੇ ਹੀ ਨਹੀਂ ਪੂਜਦੇ ਹਨ। ਅਜਿਹੇ ਬਾਬਾ ਬੋਹੜ ਹੀਰੇਨੁਮਾ ਦਰਵੇਸਾਂ ਤੋਂ ਸਾਨੂੰ ਸਭ ਨੂੰ ਬਹੁਤ ਹੀ ਸਿਖਣ ਦੀ ਲੋੜ ਹੈ ਨਾਂਕਿ ਬਿਨਾਂ ਕਾਰਨ ਵਿਵਾਦ ਖੜ੍ਹੇ ਕਰ ਆਪਣਾ ਤੇ ਲੋਕਾਂ ਦੇ ਕੀਮਤੀ ਸਮੇ ਦਾ ਨੁਕਸਾਨ ਕਰੀਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।