ਵਰਤੋਂ ਤੋਂ ਬਾਅਦ ਲੱਖਾਂ ਟਨ ਕੱਪੜੇ ਸੁੱਟ ਰਹੇ ਲੋਕ, ਸਰਕਾਰ ਨੂੰ ਬਰਾਮਦ ਕਰਨਾ ਪੈ ਰਿਹੈ ਕਚਰਾ

Thursday, Jan 30, 2025 - 04:11 AM (IST)

ਵਰਤੋਂ ਤੋਂ ਬਾਅਦ ਲੱਖਾਂ ਟਨ ਕੱਪੜੇ ਸੁੱਟ ਰਹੇ ਲੋਕ, ਸਰਕਾਰ ਨੂੰ ਬਰਾਮਦ ਕਰਨਾ ਪੈ ਰਿਹੈ ਕਚਰਾ

ਜਲੰਧਰ - ਜਰਮਨੀ ’ਚ ਕੱਪੜਿਆਂ ਨੂੰ ਵਰਤੋਂ ਤੋਂ ਬਾਅਦ ਸੁੱਟਣ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ। ਦੇਸ਼ ਦੇ ਸੰਘੀ ਅੰਕੜਾ ਦਫ਼ਤਰ ਅਨੁਸਾਰ 2023 ’ਚ ਜਰਮਨੀ ਦੇ ਘਰਾਂ ’ਚੋਂ ਲੱਗਭਗ 1,75,000 ਟਨ ਕੱਪੜਿਆਂ ਰਹਿੰਦ-ਖੂੰਹਦ ਇਕੱਠੀ ਹੋਈ। ਇਹ ਅੰਕੜਾ 2013 ਦੇ ਮੁਕਾਬਲੇ 55 ਫੀਸਦੀ ਵੱਧ ਹੈ, ਭਾਵ ਪ੍ਰਤੀ ਵਿਅਕਤੀ ਔਸਤਨ 2 ਕਿਲੋ ਕਚਰਾ ਪੈਦਾ ਹੋਇਆ। ਰਿਪੋਰਟ ਮੁਤਾਬਕ ਹਾਲਾਂਕਿ ਇਹ 2020 ਦੇ ਰਿਕਾਰਡ ਨਾਲੋਂ ਥੋੜ੍ਹਾ ਘੱਟ ਹੈ। ਕੋਰੋਨਾ ਮਹਾਮਾਰੀ ਦੌਰਾਨ ਕੱਪੜਿਆਂ ਦੀ ਰਹਿੰਦ-ਖੂੰਹਦ 1,87,000 ਟਨ ਤੱਕ ਪਹੁੰਚ ਗਈ। ਹਾਲਾਂਕਿ ਇਸ ਕਚਰੇ ਨੂੰ ਜਰਮਨ ਸਰਕਾਰ ਦੂਜੇ ਦੇਸ਼ਾਂ ਨੂੰ ਬਰਾਮਦ ਕਰ ਦਿੰਦੀ ਹੈ ਪਰ ਇਸਦੇ  ਬਾਵਜੂਦ  ਇਹ ਸਮੱਸਿਆ  ਹੱਲ ਹੋਣ ਦਾ ਨਾਂ ਨਹੀਂ ਲੈ ਰਹੀ ਹੈ।  

86 ਫੀਸਦੀ ਲੋਕ ਕਰਦੇ ਹਨ ਪੁਰਾਣੇ ਕੱਪੜੇ ਦਾਨ  
ਜਰਮਨੀ ਵਰਤੇ ਹੋਏ ਕੱਪੜਿਆਂ ਦਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਬਰਾਮਦਕਾਰ ਹੈ। 2022 ’ਚ ਦੇਸ਼ ਨੇ 4,62,500 ਟਨ ਪੁਰਾਣੇ ਕੱਪੜੇ ਬਰਾਮਦ ਕੀਤੇ ਸਨ। ਇਨ੍ਹਾਂ ’ਚੋਂ ਸਭ ਤੋਂ ਵੱਧ ਕੱਪੜੇ ਪੋਲੈਂਡ (16.9 ਫੀਸਦੀ) ਅਤੇ ਨੀਦਰਲੈਂਡ (15.2 ਫੀਸਦੀ) ਨੂੰ ਭੇਜੇ ਗਏ। ਇਨ੍ਹਾਂ ਦੇਸ਼ਾਂ ’ਚ ਇਨ੍ਹਾਂ ਕੱਪੜਿਆਂ ਨੂੰ ਛਾਂਟਿਆ ਜਾਂਦਾ ਹੈ ਅਤੇ ਫਿਰ ਬਰਾਮਦ ਕੀਤਾ ਜਾਂਦਾ ਹੈ। 
ਰਿਪੋਰਟ ਮੁਤਾਬਕ  ਜਰਮਨੀ ਦੇ ਫੋਰਸਾ ਇੰਸਟੀਚਿਊਟ ਨੇ 2022 ’ਚ ਇਕ ਸਰਵੇਖਣ ਕੀਤਾ ਸੀ, ਜਿਸ  ਅਨੁਸਾਰ ਜਰਮਨੀ ’ਚ 86 ਫੀਸਦੀ ਲੋਕ ਪੁਰਾਣੇ ਕੱਪੜੇ ਦਾਨ ਕਰਦੇ ਹਨ। ਇਨ੍ਹਾਂ ’ਚੋਂ 94 ਫੀਸਦੀ ਇਹ ਯਕੀਨੀ ਬਣਾਉਂਦੇ ਹਨ ਕਿ ਉਹ ਸਿਰਫ਼ ਪਹਿਨਣਯੋਗ ਕੱਪੜੇ ਹੀ ਦੇਣ ਪਰ ਸਮੱਸਿਆ ਇਹ ਹੈ ਕਿ ਦਾਨ ਕੀਤੇ ਗਏ ਕੱਪੜਿਆਂ ਦਾ ਇਕ ਵੱਡਾ ਹਿੱਸਾ ਵਰਤੋਂ ਯੋਗ ਨਹੀਂ ਹੁੰਦਾ। ਇਹ ਜਾਂ ਤਾਂ ਵਿਦੇਸ਼ਾਂ ’ਚ ਭੇਜਿਆ ਜਾਂਦਾ ਹੈ ਜਾਂ ਫਿਰ ਕਚਰੇ ’ਚ ਸੁੱਟ ਦਿੱਤਾ ਜਾਂਦਾ ਹੈ।

ਟੈਕਸਟਾਈਲ ਰੀਸਾਈਕਲਿੰਗ ਲਈ ਨਵਾਂ ਕਾਨੂੰਨ
ਯੂਰਪੀਅਨ ਯੂਨੀਅਨ ’ਚ 2025 ਤੋਂ ਇਕ ਨਵਾਂ ਕਾਨੂੰਨ ਲਾਗੂ ਹੋਇਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਪੁਰਾਣੇ ਕੱਪੜੇ ਅਤੇ ਟੈਕਸਟਾਈਲ ਨੂੰ  ਆਮ ਕਚਰੇ ਤੋਂ  ਅਲੱਗ ਸੁੱਟਣਾ ਜ਼ਰੂਰੀ ਹੋਵੇਗਾ। ਇਸ ਨਾਲ ਕੱਪੜਿਆਂ ਦੀ ਬਿਹਤਰ ਰੀਸਾਈਕਲਿੰਗ ਅਤੇ ਵਾਤਾਵਰਣ ’ਤੇ ਪੈਣ ਵਾਲੇ ਪ੍ਰਭਾਵਾਂ ਨੂੰ ਘੱਟ ਕਰਨ ’ਚ ਮਦਦ ਮਿਲੇਗੀ। 
ਮੈਕਿਨਜੀ ਦੀ  ਰਿਪੋਰਟ ਦੱਸਦੀ ਹੈ ਕਿ ਯੂਰਪ ’ਚ ਟੈਕਸਟਾਈਲ ਰੀਸਾਈਕਲਿੰਗ ਨੂੰ ਵਧਾਉਣ ਲਈ 6-7 ਅਰਬ ਯੂਰੋ ਦਾ ਨਿਵੇਸ਼ ਕਰਨਾ ਹੋਵੇਗਾ। ਇਸ ਨਾਲ 2030 ਤੱਕ 18-26 ਫੀਸਦੀ ਟੈਕਸਟਾਈਲ ਰਹਿੰਦ-ਖੂੰਹਦ ਨੂੰ ਰੀਸਾਈਕਲ ਕੀਤਾ ਜਾ ਸਕੇਗਾ ਪਰ ਇਹ ਕਦਮ ਆਸਾਨ ਨਹੀਂ ਹੈ।  
ਰੀਸਾਈਕਲਿੰਗ ਤਕਨੀਕ ਮਹਿੰਗੀ ਹੈ ਅਤੇ ਕੱਪੜਿਆਂ ਦੀ ਘਟਦੀ ਗੁਣਵੱਤਾ ਇਸਨੂੰ ਹੋਰ ਵੀ ਮੁਸ਼ਕਿਲ ਬਣਾ ਰਹੀ ਹੈ।  ਜਰਮਨੀ ਲਈ ਇਹ ਸਮੱਸਿਆ ਸਿਰਫ਼ ਸਥਾਨਕ ਨਹੀਂ ਹੈ। ਇਹ ਇਕ ਵਿਸ਼ਵਵਿਆਪੀ ਮੁੱਦਾ ਹੈ ਅਤੇ ਬਿਹਤਰ ਤਕਨੀਕ, ਸਹਿਯੋਗ ਤੇ ਨਿਰਪੱਖ ਪ੍ਰਣਾਲੀ ਰਾਹੀਂ ਹੀ ਇਸ ਸਮੱਸਿਆ ਦਾ ਹੱਲ ਸੰਭਵ ਹੈ।

ਪਾਨੀਪਤ ’ਚ ਵੀ ਹੁੰਦੀ ਹੈ ਇਸ ਕਚਰੇ ਦੀ ਬਰਾਮਦ  
ਭਾਰਤ ਦੇ ਪਾਨੀਪਤ  ਨੂੰ ਇਸ ਕਚਰੇ ਦਾ  ਵੱਡਾ ਹਿੱਸਾ  ਬਰਾਮਦ ਹੁੰਦਾ ਹੈ। ਪਾਨੀਪਤ ’ਚ ਪੱਛਮੀ ਦੇਸ਼ਾਂ ਤੋਂ ਆਉਣ ਵਾਲੇ ਕੱਪੜਿਆਂ ਨੂੰ ਰੀਸਾਈਕਲ ਕੀਤਾ ਜਾਂਦਾ ਹੈ, ਨਵੇਂ ਯਾਰਨ ਬਣਾਏ ਜਾਂਦੇ ਹਨ ਅਤੇ ਕੱਪੜੇ ਮੁੜ ਬੁਣੇ ਜਾਂਦੇ ਹਨ। ਇਹ  ਸਥਾਨਕ ਰੋਜ਼ਗਾਰ  ਅਤੇ ਸ੍ਰੋਤਾਂ ਦੀ ਬੱਚਤ  ਕਰਦਾ ਹੈ  ਪਰ ਇਸ  ’ਚ  ‘ਰੀਸਾਈਕਲਿੰਗ ਉਪਨਿਵੇਸ਼ਬਾਦ’ ਦਾ ਖਤਰਾ ਹੁੰਦਾ ਹੈ। 
ਵਾਤਾਵਰਣ ਲਈ ਕੰਮ ਕਰਨ ਵਾਲੀ ਇਕ ਸੰਸਥਾ ਕੋਸ਼ (ਸੀ. ਓ. ਐੱਸ. ਐੱਚ.) ਦੀ ਇਕ ਰਿਪੋਰਟ  ਅਨੁਸਾਰ ਗਲੋਬਲ ਨਾਰਥ (ਵਿਕਸਿਤ ਦੇਸ਼) ਆਪਣਾ ਕਚਰਾ  ਸਸਤੀ ਕਿਰਤ ਵਾਲੇ ਗਲੋਬਲ ਸਾਊਥ ’ਚ ਭੇਜਦੇ ਹਨ  ਹੈ। ਇਸ ਨਾਲ ਵਾਤਾਵਰਣ ਅਤੇ ਸਮਾਜ ’ਤੇ ਨਾਂ-ਪੱਖੀ  ਪ੍ਰਭਾਵ ਪੈਂਦਾ ਹੈ।

ਫਾਸਟ ਫੈਸ਼ਨ ਹੈ ਕੱਪੜਿਆਂ ਦੀ ਰਹਿੰਦ-ਖੂੰਹਦ ਦਾ ਕਾਰਨ
ਮਾਹਿਰਾਂ ਅਨੁਸਾਰ ਕੱਪੜਿਆਂ ਦੀ ਰਹਿੰਦ-ਖੂੰਹਦ ਦੀ ਵਧਦੀ ਸਮੱਸਿਆ ਮੁੱਖ ਕਾਰਨ ਫਾਸਟ ਫੈਸ਼ਨ ਹੈ। ਇਸ ’ਚ ਸਸਤੇ ਅਤੇ ਘੱਟ-ਗੁਣਵੱਤਾ ਵਾਲੇ ਕੱਪੜੇ ਬਣਾਏ ਜਾਂਦੇ ਹਨ ਜੋ ਜਲਦੀ ਖਰਾਬ ਹੋ ਜਾਂਦੇ ਹਨ ਅਤੇ ਰੀਸਾਈਕਲ ’ਚ ਮੁਸ਼ਕਿਲ ਪੈਦਾ ਕਰਦੇ ਹੈ। ਜਰਮਨੀ ’ਚ ਐੱਚ. ਐਂਡ ਐੱਮ. ਵਰਗੇ ਬ੍ਰਾਂਡਾਂ ਦੀ ਲੋਕਪ੍ਰਿਯਤਾ ਇਸਦੀ ਇਕ ਉਦਾਹਰਣ ਹੈ। ਐੱਚ. ਐਂਡ ਐੱਮ. ਨੇ 2022 ’ਚ ਜਰਮਨੀ ’ਚ 3.2 ਬਿਲੀਅਨ ਯੂਰੋ ਦੀ ਵਿਕਰੀ ਕੀਤੀ ਸੀ । ਇਸੇ ਤਰ੍ਹਾਂ ਜਾਲਾਂਡੋ ਵਰਗੇ ਈ-ਕਾਮਰਸ ਬ੍ਰਾਂਡ ਵੀ ਤੇਜ਼ ਫੈਸ਼ਨ ਨੂੰ ਉਤਸ਼ਾਹਿਤ ਕਰ ਰਹੇ ਹਨ।


author

Inder Prajapati

Content Editor

Related News