ਅਫ਼ਗਾਨਿਸਤਾਨ 'ਚ ਬਦ ਤੋਂ ਬਦਤਰ ਹੋਏ ਹਾਲਾਤ, ਪਿਓ ਨੇ ਪੈਸਿਆਂ ਲਈ 10 ਸਾਲਾ ਧੀ ਨੂੰ ਵੇਚਿਆ

Friday, Dec 31, 2021 - 04:11 PM (IST)

ਸ਼ੇਦਾਈ ਕੈਂਪ/ਅਫ਼ਗਾਨਿਸਤਾਨ (ਭਾਸ਼ਾ)- ਪੱਛਮੀ ਅਫ਼ਗਾਨਿਸਤਾਨ ਵਿਚ ਸੋਕੇ ਅਤੇ ਯੁੱਧ ਕਾਰਨ ਬੇਘਰ ਹੋਏ ਲੋਕਾਂ ਦੀ ਇਕ ਵਿਸ਼ਾਲ ਬਸਤੀ ਵਿਚ ਇਕ ਔਰਤ ਆਪਣੀ ਧੀ ਨੂੰ ਬਚਾਉਣ ਲਈ ਲੜ ਰਹੀ ਹੈ। ਅਜ਼ੀਜ਼ ਗੁਲ ਦੇ ਪਤੀ ਨੇ ਆਪਣੀ 10 ਸਾਲਾ ਧੀ ਨੂੰ ਬਿਨਾਂ ਦੱਸੇ ਵਿਆਹ ਲਈ ਵੇਚ ਦਿੱਤਾ ਤਾਂ ਜੋ ਬਦਲੇ 'ਚ ਮਿਲੇ ਪੈਸਿਆਂ ਨਾਲ ਉਹ ਆਪਣੇ 5 ਬੱਚਿਆਂ ਦਾ ਪਾਲਣ-ਪੋਸ਼ਣ ਕਰ ਸਕੇ। ਗੁਲ ਦੇ ਪਤੀ ਨੇ ਕਿਹਾ ਕਿ "ਬਾਕੀ ਦੀ ਜਾਨ ਬਚਾਉਣ ਲਈ ਉਸ ਨੂੰ ਇਕ ਕੁਰਬਾਨੀ ਕਰਨੀ ਪਈ।'' ਅਫ਼ਗਾਨਿਸਤਾਨ ਵਿਚ ਬੇਸਹਾਰਾ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਪੈਸੇ ਦੇ ਮੁਹਤਾਜ ਇਹ ਲੋਕ ਕਈ ਅਜਿਹੇ ਫੈਸਲੇ ਲੈ ਰਹੇ ਹਨ ਜੋ ਦੇਸ਼ ਦੀ ਦੁਰਦਸ਼ਾ ਦਾ ਸੰਕੇਤ ਦੇ ਰਹੇ ਹਨ। ਸਹਾਇਤਾ 'ਤੇ ਨਿਰਭਰ ਅਫ਼ਗਾਨਿਸਤਾਨ ਦੀ ਆਰਥ-ਵਿਵਸਥਾ ਪਹਿਲਾਂ ਹੀ ਢਹਿ-ਢੇਰੀ ਹੋ ਰਹੀ ਸੀ, ਜਦੋਂ ਅਮਰੀਕੀ ਅਤੇ ਨਾਟੋ ਫੌਜਾਂ ਦੀ ਵਾਪਸੀ ਦੇ ਵਿਚਕਾਰ ਅਗਸਤ ਦੇ ਅੱਧ ਵਿਚ ਤਾਲਿਬਾਨ ਨੇ ਸੱਤਾ 'ਤੇ ਕਬਜ਼ਾ ਕਰ ਲਿਆ ਸੀ। ਅੰਤਰਰਾਸ਼ਟਰੀ ਭਾਈਚਾਰੇ ਨੇ ਅਫ਼ਗਾਨਿਸਤਾਨ ਦੀਆਂ ਵਿਦੇਸ਼ਾਂ ਵਿਚ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਅਤੇ ਵਿੱਤੀ ਸਹਾਇਤਾ ਰੋਕ ਦਿੱਤੀ।

ਇਹ ਵੀ ਪੜ੍ਹੋ: ਚੀਨ ਨੇ ਫੁੱਟਬਾਲਰਾਂ ’ਤੇ ਲਾਈ ਇਹ ਪਾਬੰਦੀ, ਕਿਹਾ- ਸਮਾਜ ਲਈ ਪੇਸ਼ ਹੋਵੇਗੀ ਨਵੀਂ ਮਿਸਾਲ

ਯੁੱਧ, ਸੋਕੇ ਅਤੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਪੀੜਤ ਦੇਸ਼ ਲਈ ਨਤੀਜੇ ਵਿਨਾਸ਼ਕਾਰੀ ਰਹੇ ਹਨ। ਮੁਲਾਜ਼ਮਾਂ ਨੂੰ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ ਹਨ। ਕੁਪੋਸ਼ਣ ਸਭ ਤੋਂ ਵੱਧ ਚਿੰਤਾਜਨਕ ਹੈ ਅਤੇ ਸਹਾਇਤਾ ਸੰਸਥਾਵਾਂ ਦਾ ਕਹਿਣਾ ਹੈ ਕਿ ਅੱਧੀ ਤੋਂ ਵੱਧ ਆਬਾਦੀ ਭੋਜਨ ਸੰਕਟ ਦਾ ਸਾਹਮਣਾ ਕਰ ਰਹੀ ਹੈ। ਅਫ਼ਗਾਨਿਸਤਾਨ 'ਚ ਸਹਾਇਤਾ ਸੰਸਥਾ ਵਰਲਡ ਵਿਜ਼ਨ ਦੇ ਰਾਸ਼ਟਰੀ ਨਿਰਦੇਸ਼ਕ ਅਸੁੰਥ ਚਾਰਲਸ ਨੇ ਕਿਹਾ, 'ਇਸ ਦੇਸ਼ 'ਚ ਸਥਿਤੀ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ, ਖ਼ਾਸ ਤੌਰ 'ਤੇ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ।' ਚਾਰਲਸ ਪੱਛਮੀ ਸ਼ਹਿਰ ਹੇਰਾਤ ਨੇੜੇ ਵਿਸਥਾਪਿਤ ਲੋਕਾਂ ਲਈ ਸਿਹਤ ਕਲੀਨਿਕ ਚਲਾਉਂਦੇ ਹਨ। ਉਨ੍ਹਾਂ ਕਿਹਾ, 'ਅੱਜ ਮੈਂ ਇਹ ਦੇਖ ਕੇ ਬਹੁਤ ਦੁਖੀ ਹਾਂ ਕਿ ਬਹੁਤ ਸਾਰੇ ਪਰਿਵਾਰ ਅਨਾਜ ਨੂੰ ਤਰਸ ਰਹੇ ਹਨ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦਾ ਢਿੱਡ ਭਰਨ ਲਈ ਆਪਣੇ ਬੱਚੇ ਵੀ ਵੇਚਣ ਲਈ ਤਿਆਰ ਹਨ।' ਇਸ ਖੇਤਰ ਵਿਚ ਬਹੁਤ ਘੱਟ ਉਮਰ ਦੀਆਂ ਕੁੜੀਆਂ ਦਾ ਵਿਆਹ ਆਮ ਗੱਲ ਹੈ। ਲਾੜੇ ਦਾ ਪਰਿਵਾਰ ਇਸ ਸੌਦੇ ਦੇ ਬਦਲੇ ਕੁੜੀ ਦੇ ਪਰਿਵਾਰ ਨੂੰ ਪੈਸੇ ਦਿੰਦਾ ਹੈ ਅਤੇ 15 ਸਾਲ ਦੀ ਹੋਣ ਬੱਚੀ ਆਮ ਤੌਰ 'ਤੇ ਆਪਣੇ ਮਾਪਿਆਂ ਨਾਲ ਰਹਿੰਦੀ ਹੈ।

ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਫਰੀਦਕੋਟ ਦੇ 26 ਸਾਲਾ ਗੱਭਰੂ ਦੀ ਮੌਤ

ਕਈ ਲੋਕ ਆਪਣੇ ਪੁੱਤਰਾਂ ਨੂੰ ਵੀ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮਰਦ ਪ੍ਰਧਾਨ ਸਮਾਜ ਵਿਚ ਗੁਲ ਆਪਣੀ ਧੀ ਨੂੰ ਵੇਚੇ ਜਾਣ ਦਾ ਵਿਰੋਧ ਕਰ ਰਹੀ ਹੈ। ਗੁਲ ਖੁਦ 15 ਸਾਲ ਦੀ ਉਮਰ 'ਚ ਵਿਆਹੀ ਗਈ ਸੀ ਅਤੇ ਹੁਣ ਉਹ ਨਹੀਂ ਚਾਹੁੰਦੀ ਕਿ ਉਸ ਦੀ ਧੀ ਕਾਂਢੀ ਗੁਲ ਨਾਲ ਇਹ ਬੇਇਨਸਾਫੀ ਹੋਵੇ। ਗੁਲ ਦਾ ਕਹਿਣਾ ਹੈ ਕਿ ਜੇਕਰ ਉਸ ਦੀ ਧੀ ਨੂੰ ਉਸ ਤੋਂ ਖੋਹ ਲਿਆ ਗਿਆ ਤਾਂ ਉਹ ਖ਼ੁਦਕੁਸ਼ੀ ਕਰ ਲਵੇਗੀ। ਗੁਲ ਦੇ ਪਤੀ ਨੇ ਦੱਸਿਆ ਕਿ ਉਸ ਨੇ ਕਾਂਢੀ ਨੂੰ ਵੇਚ ਦਿੱਤਾ ਸੀ, ਜਿਸ 'ਤੇ ਉਸ ਨੇ ਆਪਣੇ ਪਤੀ ਨੂੰ ਕਿਹਾ, ''ਇਸ ਤਰ੍ਹਾਂ ਕਰਨ ਨਾਲੋਂ ਮਰ ਜਾਣਾ ਬਹੁਤ ਚੰਗਾ ਸੀ।'' ਗੁਲ ਨੇ ਆਪਣੇ ਭਰਾ ਅਤੇ ਪਿੰਡ ਦੇ ਬਜ਼ੁਰਗਾਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਦੀ ਮਦਦ ਨਾਲ ਕਾਂਢੀ ਲਈ ਇਸ ਸ਼ਰਤ 'ਤੇ ''ਤਲਾਕ'' ਹਾਸਲ ਕੀਤਾ ਕਿ ਉਹ ਆਪਣੇ ਪਤੀ ਨੂੰ ਮਿਲੇ 100,000 ਅਫ਼ਗਾਨੀ (ਲਗਭਗ 1,000 ਡਾਲਰ) ਦਾ ਭੁਗਤਾਨ ਕਰੇਗੀ, ਜੋ ਉਸ ਕੋਲ ਨਹੀਂ ਹਨ। ਘਟਨਾ ਦੇ ਬਾਅਦ ਤੋਂ ਗੁਲ ਦਾ ਪਤੀ ਫਰਾਰ ਹੈ। ਤਾਲਿਬਾਨ ਸਰਕਾਰ ਨੇ ਹਾਲ ਹੀ ਵਿਚ ਜ਼ਬਰੀ ਵਿਆਹਾਂ 'ਤੇ ਪਾਬੰਦੀ ਲਗਾਈ ਹੈ।

ਇਹ ਵੀ ਪੜ੍ਹੋ: ਦੋਸਤ ਦੇ ਜਨਮਦਿਨ ’ਤੇ ਐਨੀ ਉੱਚੀ ਆਵਾਜ਼ ’ਚ ਗਾਇਆ ਗਾਣਾ ਕਿ ਸ਼ਖ਼ਸ ਦੇ ਫਟ ਗਏ ਫੇਫੜੇ

ਗੁਲ ਨੇ ਕਿਹਾ, ''ਮੈਂ ਬਹੁਤ ਨਿਰਾਸ਼ ਹਾਂ। ਕਈ ਵਾਰੀ ਇਹ ਖ਼ਿਆਲ ਆਉਂਦਾ ਹੈ ਕਿ ਜੇਕਰ ਮੈਂ ਇਨ੍ਹਾਂ ਲੋਕਾਂ ਨੂੰ ਭੁਗਤਾਨ ਕਰਨ ਲਈ ਪੈਸੇ ਨਹੀਂ ਦੇ ਸਕਦੀ ਅਤੇ ਆਪਣੀ ਧੀ ਨੂੰ ਆਪਣੇ ਕੋਲ ਨਹੀਂ ਰੱਖ ਸਕਦੀ ਤਾਂ ਮੈਂ ਖ਼ੁਦ ਨੂੰ ਮਾਰ ਦਵਾਂ ਪਰ ਫਿਰ ਦੂਜੇ ਬੱਚਿਆਂ ਬਾਰੇ ਸੋਚਦੀ ਹਾਂ ਕਿ ਮੇਰੇ ਜਾਣ ਤੋਂ ਬਾਅਦ ਇਨ੍ਹਾਂ ਦੀ ਕਾ ਹੋਵੇਗਾ? ਉਨ੍ਹਾਂ ਨੂੰ ਕੌਣ ਖੁਆਏਗਾ?" ਉਸ ਦੀ ਵੱਡੀ ਧੀ 12 ਸਾਲ ਦੀ ਹੈ, ਉਸ ਦੀ ਸਭ ਤੋਂ ਛੋਟੀ ਅਤੇ ਛੇਵੀਂ ਧੀ ਸਿਰਫ਼ 2 ਮਹੀਨੇ ਦੀ ਹੈ। ਕੈਂਪ ਦੇ ਇਕ ਹੋਰ ਹਿੱਸੇ ਵਿਚ, 4 ਬੱਚਿਆਂ ਦਾ ਪਿਤਾ ਹਾਮਿਦ ਅਬਦੁੱਲਾ ਵੀ ਆਪਣੀਆਂ ਨਾਬਾਲਗ ਧੀਆਂ ਨੂੰ ਵਿਆਹ ਲਈ ਵੇਚ ਰਿਹਾ ਸੀ, ਕਿਉਂਕਿ ਉਸ ਕੋਲ ਆਪਣੀ ਬੀਮਾਰ ਪਤਨੀ ਦੇ ਇਲਾਜ ਲਈ ਪੈਸੇ ਨਹੀਂ ਸਨ, ਜੋ ਪੰਜਵੇਂ ਬੱਚੇ ਨੂੰ ਜਨਮ ਦੇਣ ਵਾਲੀ ਹੈ।

ਇਹ ਵੀ ਪੜ੍ਹੋ: ਨਹੀਂ ਬਾਜ ਆ ਰਿਹਾ ਚੀਨ! ਅਰੁਣਾਚਲ ਪ੍ਰਦੇਸ਼ ’ਚ 15 ਹੋਰ ਥਾਵਾਂ ਲਈ ਐਲਾਨੇ ਚੀਨੀ ਨਾਂ, ਭਾਰਤ ਨੇ ਦਿੱਤਾ ਇਹ ਜਵਾਬ

ਅਬਦੁੱਲਾ ਨੇ ਕਿਹਾ ਕਿ ਉਹ ਆਪਣੀ ਪਤਨੀ ਦੇ ਇਲਾਜ ਲਈ ਕਰਜ਼ੇ ਦੇ ਪੈਸੇ ਨਹੀਂ ਮੋੜ ਸਕਦਾ। 3 ਸਾਲ ਪਹਿਲਾਂ ਉਸ ਨੇ ਆਪਣੀ ਵੱਡੀ ਧੀ ਹੋਸ਼ਰਾਨ ਜੋ ਹੁਣ 7 ਸਾਲ ਦੀ ਹੈ, ਦੇ ਵਿਆਹ ਲਈ ਪੈਸੇ ਲਏ ਸਨ। ਜਿਸ ਪਰਿਵਾਰ ਨੇ ਹੋਸ਼ਰਾਨ ਨੂੰ ਖਰੀਦਿਆਂ ਹੈ, ਉਹ ਪੂਰੀ ਰਕਮ ਅਦਾ ਕਰਨ ਅਤੇ ਉਸ ਨੂੰ ਲੈਣ ਤੋਂ ਪਹਿਲਾਂ ਉਸ ਦੇ ਵੱਡੇ ਹੋਣ ਦੀ ਉਡੀਕ ਕਰ ਰਿਹਾ ਹੈ। ਪਰ ਅਬਦੁੱਲਾ ਨੂੰ ਹੁਣ ਪੈਸਿਆਂ ਦੀ ਲੋੜ ਹੈ, ਇਸ ਲਈ ਉਹ ਆਪਣੀ ਦੂਜੀ ਧੀ, 6 ਸਾਲ ਦੀ ਨਾਜ਼ੀਆ ਦਾ ਵਿਆਹ ਲਗਭਗ 20,000-30,000 ਅਫ਼ਗਾਨੀ (200-300 ਡਾਲਰ) ਵਿਚ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਬਦੁੱਲਾ ਦੀ ਪਤਨੀ ਬੀਬੀ ਜਾਨ ਨੇ ਕਿਹਾ ਕਿ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਸੀ ਪਰ ਇਹ ਇਕ ਮੁਸ਼ਕਲ ਫੈਸਲਾ ਸੀ। “ਜਦੋਂ ਅਸੀਂ ਇਹ ਫੈਸਲਾ ਲਿਆ, ਤਾਂ ਅਜਿਹਾ ਲੱਗਿਆ ਜਿਵੇਂ ਕਿਸੇ ਨੇ ਮੇਰੇ ਤੋਂ ਮੇਰੇ ਸਰੀਰ ਦਾ ਇਕ ਹਿੱਸਾ ਲੈ ਲਿਆ ਹੋਵੇ।” ਗੁਆਂਢੀ ਬਡਘਿਸ ਸੂਬੇ ਵਿਚ ਇਕ ਹੋਰ ਵਿਸਥਾਪਿਤ ਪਰਿਵਾਰ ਆਪਣੇ 8 ਸਾਲਾ ਪੁੱਤਰ ਸਲਾਹੁਦੀਨ ਨੂੰ ਵੇਚਣ ਬਾਰੇ ਵਿਚਾਰ ਕਰ ਰਿਹਾ ਹੈ। ਉਸ ਦੀ ਮਾਂ ਗੁਲਦਸਤਾ (35) ਨੇ ਕਿਹਾ, "ਮੈਂ ਆਪਣੇ ਪੁੱਤਰ ਨੂੰ ਨਹੀਂ ਵੇਚਣਾ ਚਾਹੁੰਦੀ, ਪਰ ਮੈਨੂੰ ਅਜਿਹਾ ਕਰਨਾ ਪਵੇਗਾ।

ਇਹ ਵੀ ਪੜ੍ਹੋ: Year Ender 2021: 'ਭੀੜਤੰਤਰ', 'ਦੌਲਤ' ਸਮੇਤ 10 ਵੱਡੇ ਸਬਕ ਜੋ ਦੁਨੀਆ ਨੂੰ ਮਿਲੇ

ਕੋਈ ਵੀ ਮਾਂ ਆਪਣੇ ਬੱਚੇ ਨਾਲ ਅਜਿਹਾ ਨਹੀਂ ਕਰ ਸਕਦੀ, ਪਰ ਜਦੋਂ ਤੁਹਾਡੇ ਕੋਲ ਕੋਈ ਹੋਰ ਵਿਕਲਪ ਨਹੀਂ ਹੁੰਦਾ, ਤਾਂ ਤੁਹਾਨੂੰ ਆਪਣੀ ਮਰਜ਼ੀ ਦੇ ਵਿਰੁੱਧ ਫ਼ੈਸਲਾ ਲੈਣਾ ਪੈਂਦਾ ਹੈ।” ਸੰਯੁਕਤ ਰਾਸ਼ਟਰ ਦੇ ਅਨੁਸਾਰ, ਅਫ਼ਗਾਨਿਸਤਾਨ ਵਿਚ ਲੱਖਾਂ ਲੋਕ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ। 5 ਸਾਲ ਤੋਂ ਘੱਟ ਉਮਰ ਦੇ 32 ਲੱਖ ਬੱਚੇ ਗੰਭੀਰ ਕੁਪੋਸ਼ਣ ਦਾ ਸਾਹਮਣਾ ਕਰ ਰਹੇ ਹਨ। ਅਫ਼ਗਾਨਿਸਤਾਨ ਲਈ ਵਰਲਡ ਵਿਜ਼ਨ ਦੇ ਰਾਸ਼ਟਰੀ ਨਿਰਦੇਸ਼ਕ, ਚਾਰਲਸ ਨੇ ਕਿਹਾ ਕਿ ਮਨੁੱਖੀ ਸਹਾਇਤਾ ਫੰਡ ਦੀ ਸਖ਼ਤ ਲੋੜ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News