ਚੀਨ ਦੇ ਵਿਰੋਧ ਦੇ ਵਿਚਕਾਰ ਪੇਲੋਸੀ ਤਾਈਵਾਨ ਦਾ ਦੌਰਾ ਪੂਰਾ ਕਰ ਦੱਖਣੀ ਕੋਰੀਆ ਲਈ ਰਵਾਨਾ
Wednesday, Aug 03, 2022 - 05:28 PM (IST)
ਤਾਈਪੇ (ਏਜੰਸੀ) : ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਚੀਨ ਦੇ ਵਿਰੋਧ ਦੇ ਵਿਚਕਾਰ ਤਾਈਵਾਨ ਦੀ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਬੁੱਧਵਾਰ ਨੂੰ ਇੱਥੋਂ ਰਵਾਨਾ ਹੋ ਗਈ। ਪੇਲੋਸੀ ਅਤੇ ਪੰਜ ਹੋਰ ਸੰਸਦ ਮੈਂਬਰ ਇੱਥੋਂ ਦੱਖਣੀ ਕੋਰੀਆ ਲਈ ਰਵਾਨਾ ਹੋਏ। ਪੇਲੋਸੀ ਆਪਣੀ ਏਸ਼ੀਆ ਯਾਤਰਾ ਦੇ ਹਿੱਸੇ ਵਜੋਂ ਸਿੰਗਾਪੁਰ, ਮਲੇਸ਼ੀਆ ਅਤੇ ਜਾਪਾਨ ਵੀ ਜਾਣ ਵਾਲੀ ਹੈ। ਇਸ ਤੋਂ ਪਹਿਲਾਂ, ਤਾਇਵਾਨ ਦਾ ਦੌਰਾ ਕਰਨ ਵਾਲੇ ਅਮਰੀਕੀ ਵਫ਼ਦ ਨੇ ਕਿਹਾ ਸੀ ਕਿ ਅਮਰੀਕਾ ਸਵੈ-ਸ਼ਾਸਨ ਵਾਲੇ ਟਾਪੂ ਨੂੰ ਲੈ ਕੇ ਆਪਣੀਆਂ ਵਚਨਬੱਧਤਾਵਾਂ ਤੋਂ ਪਿੱਛੇ ਨਹੀਂ ਹਟੇਗਾ। ਪੇਲੋਸੀ ਪਿਛਲੇ 25 ਸਾਲਾਂ ਵਿੱਚ ਤਾਈਵਾਨ ਦਾ ਦੌਰਾ ਕਰਨ ਵਾਲੀ ਅਮਰੀਕੀ ਪ੍ਰਤੀਨਿਧੀ ਸਭਾ ਦੀ ਪਹਿਲੀ ਸਪੀਕਰ ਹੈ।
ਇਹ ਵੀ ਪੜ੍ਹੋ: 'ਹਲਕ' ਵਾਂਗ ਦਿਸਣ ਲਈ ਰੋਜ਼ਾਨਾ ਕਰਦਾ ਸੀ ਅਜਿਹਾ ਕੰਮ ਕਿ ਮੌਤ ਦੇ ਮੂੰਹ ਜਾ ਪਿਆ ਬਾਡੀਬਿਲਡਰ
ਤਾਈਵਾਨ ਦੇ ਰਾਸ਼ਟਰਪਤੀ ਸਾਈ ਇੰਗ-ਵੇਨ ਨਾਲ ਮੁਲਾਕਾਤ ਤੋਂ ਬਾਅਦ ਇੱਕ ਸੰਖੇਪ ਬਿਆਨ ਵਿੱਚ, ਉਸਨੇ ਕਿਹਾ ਸੀ, ਅੱਜ ਦੁਨੀਆ ਨੂੰ ਲੋਕਤੰਤਰ ਅਤੇ ਤਾਨਾਸ਼ਾਹੀ ਵਿਚਕਾਰ ਚੋਣ ਕਰਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਈਵਾਨ ਅਤੇ ਦੁਨੀਆ ਭਰ ਵਿੱਚ ਲੋਕਤੰਤਰ ਦੀ ਰੱਖਿਆ ਲਈ ਅਮਰੀਕਾ ਦੀ ਵਚਨਬੱਧਤਾ ਅਟੱਲ ਹੈ। ਤਾਈਵਾਨ ਨੂੰ ਆਪਣਾ ਖੇਤਰ ਦੱਸਣ ਵਾਲੇ ਅਤੇ ਤਾਈਵਾਨ ਦੇ ਅਧਿਕਾਰੀਆਂ ਦੀ ਵਿਦੇਸ਼ੀ ਸਰਕਾਰਾਂ ਨਾਲ ਗੱਲਬਾਤ ਦਾ ਵਿਰੋਧ ਕਰਨ ਵਾਲੇ ਚੀਨ ਨੇ ਅਮਰੀਕੀ ਵਫ਼ਦ ਦੇ ਮੰਗਲਵਾਰ ਰਾਤ ਨੂੰ ਤਾਈਵਾਨ ਦੀ ਰਾਜਧਾਨੀ ਤਾਈਪੇ ਵਿੱਚ ਪਹੁੰਚਣ ਤੋਂ ਬਾਅਦ ਇਸ ਟਾਪੂ ਦੇ ਆਲੇ-ਦੁਆਲੇ ਕਈ ਫੌਜੀ ਅਭਿਆਸਾਂ ਦਾ ਐਲਾਨ ਕੀਤਾ ਅਤੇ ਕਈ ਸਖ਼ਤ ਬਿਆਨ ਜਾਰੀ ਕੀਤੇ।
ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ, ਸੁਨਹਿਰੀ ਭਵਿੱਖ ਲਈ ਕੈਨੇਡਾ ਗਏ 2 ਪੰਜਾਬੀ ਵਿਦਿਆਰਥੀਆਂ ਦੀ ਮੌਤ
ਉਥੇ ਹੀ ਚੀਨ ਦੇ ਉਪ ਵਿਦੇਸ਼ ਮੰਤਰੀ ਸ਼ੀ ਫੇਂਗ ਨੇ ਮੰਗਲਵਾਰ ਦੇਰ ਰਾਤ ਚੀਨ 'ਚ ਅਮਰੀਕੀ ਰਾਜਦੂਤ ਨਿਕੋਲਸ ਬਰਨਸ ਨੂੰ ਤਲਬ ਕੀਤਾ ਅਤੇ ਪੇਲੋਸੀ ਦੇ ਦੌਰੇ 'ਤੇ ਸਖ਼ਤ ਵਿਰੋਧ ਜਤਾਇਆ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ 'ਸ਼ਿਨਹੂਆ' ਦੀ ਖ਼ਬਰ ਮੁਤਾਬਕ ਸ਼ੀ ਫੇਂਗ ਨੇ ਕਿਹਾ ਕਿ ਚੀਨ ਦੇ ਵਿਰੋਧ ਦੇ ਬਾਵਜੂਦ ਯਾਤਰਾ ਜਾਰੀ ਰੱਖਣ ਕਾਰਨ ਅਮਰੀਕਾ ਨੂੰ ਉਸ ਦੀਆਂ 'ਗਲਤੀਆਂ' ਦੀ 'ਕੀਮਤ' ਚੁਕਾਉਣੀ ਪਵੇਗੀ। ਖ਼ਬਰਾਂ ਮੁਤਾਬਕ ਸ਼ੀ ਫੇਂਗ ਨੇ ਅਮਰੀਕਾ ਨੂੰ ਤੁਰੰਤ ਇਸ ਮੁੱਦੇ 'ਤੇ ਸਪੱਸ਼ਟੀਕਰਨ ਦੇਣ ਅਤੇ ਪੇਲੋਸੀ ਦੇ ਤਾਈਵਾਨ ਦੌਰੇ ਕਾਰਨ ਪੈਦਾ ਹੋਣ ਵਾਲੇ ਮਾੜੇ ਪ੍ਰਭਾਵਾਂ ਨੂੰ ਉਲਟਾਉਣ ਲਈ ਵਿਵਹਾਰਕ ਕਦਮ ਚੁੱਕਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਹੋਰ ਗ਼ਲਤ ਰਸਤੇ 'ਤੇ ਨਹੀਂ ਵਧਣਾ ਚਾਹੀਦਾ, ਜਿਸ ਨਾਲ ਤਾਈਵਾਨ ਜਲਡਮਰੂਮੱਧ 'ਚ ਤਣਾਅ ਵਧੇ ਅਤੇ ਚੀਨ-ਅਮਰੀਕਾ ਦੇ ਸਬੰਧ ਇੰਨੇ ਵਿਗੜ ਜਾਣ ਕਿ ਉਹ ਮੁੜ ਲੀਹ 'ਤੇ ਨਾ ਆ ਸਕਣ।
ਇਹ ਵੀ ਪੜ੍ਹੋ: ਪਾਕਿ ਔਰਤਾਂ ਦੇ ਅੰਗ ਕੱਟ ਕੇ ਕਈ ਤਰ੍ਹਾਂ ਦੇ ਪ੍ਰਯੋਗ ਕਰ ਰਹੇ ਹਨ ਚੀਨੀ ਵਿਗਿਆਨੀ