PDM ਦੀ ਰੈਲੀ 27 ਮਾਰਚ ਨੂੰ ਰਾਜਧਾਨੀ ਇਸਲਾਮਾਬਾਦ ''ਚ ਹੋਵੇਗੀ ਦਾਖ਼ਲ
Saturday, Mar 19, 2022 - 05:16 PM (IST)
ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ (ਪੀ.ਡੀ.ਐੱਮ.) ਨੇ ਐਲਾਨ ਕੀਤਾ ਹੈ ਕਿ ਉਸ ਦੀ ਰੈਲੀ ਹੁਣ 25 ਮਾਰਚ ਦੀ ਬਜਾਏ 27 ਮਾਰਚ ਨੂੰ ਰਾਜਧਾਨੀ ਇਸਲਾਮਾਬਾਦ ਵਿਚ ਦਾਖ਼ਲ ਹੋਵੇਗੀ। ਡਾਨ ਨੇ ਸ਼ਨੀਵਾਰ ਨੂੰ ਜਾਰੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਵੱਲੋਂ 27 ਮਾਰਚ ਨੂੰ ਇਸਲਾਮਾਬਾਦ ਦੇ ਡਿਚੌਕ ਵਿਖੇ ਰੈਲੀ ਕਰਨ ਦੀ ਯੋਜਨਾ ਦੇ ਸਾਹਮਣੇ ਆਉਣ ਤੋਂ ਬਾਅਦ ਪੀ.ਡੀ.ਐੱਮ. ਨੇ ਆਪਣੀ ਯੋਜਨਾ ਬਦਲ ਲਈ ਹੈ। ਪੀ.ਐੱਮ.ਐੱਲ.-ਐੱਨ. ਦੇ ਜਨਰਲ ਸਕੱਤਰ ਸਰਦਾਰ ਅਵੈਸੀ ਲਘਾਰੀ ਨੇ ਕਿਹਾ, 'ਇਹ ਯਾਤਰਾ 27 ਮਾਰਚ ਨੂੰ ਇਸਲਾਮਾਬਾਦ 'ਚ ਦਾਖ਼ਲ ਹੋਵੇਗੀ ਅਤੇ ਇੱਥੇ 2 ਜਾਂ ਇਸ ਤੋਂ ਜ਼ਿਆਦਾ ਦਿਨ ਰੁਕੇਗੀ। ਇਹ ਫੈਸਲਾ ਪਾਰਟੀ ਹਾਈ ਕਮਾਂਡ ਨਵਾਜ਼ ਸ਼ਰੀਫ ਅਤੇ ਸ਼ਾਹਬਾਜ਼ ਸ਼ਰੀਫ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲਿਆ ਗਿਆ ਹੈ।'
ਇਹ ਐਲਾਨ ਪਿਛਲੇ ਹਫ਼ਤੇ 23 ਮਾਰਚ ਤੋਂ 25 ਮਾਰਚ ਤੱਕ ਹੋਣ ਵਾਲੀ ਓ.ਆਈ.ਸੀ. ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਗਿਆ ਸੀ। ਪੀ.ਟੀ.ਆਈ. ਦੀ ਅਗਵਾਈ ਵਾਲੀ ਗਠਜੋੜ ਸਰਕਾਰ ਦੀ ਮੁੱਖ ਸਹਿਯੋਗੀ ਪਾਰਟੀ ਪੀ.ਐੱਮ.ਐੱਲ.-ਕਿਊ ਨੇ ਦੋਵਾਂ ਸੱਤਾਧਾਰੀ ਪਾਰਟੀਆਂ ਨੂੰ ਆਪਣੀਆਂ ਰੈਲੀਆਂ ਰੱਦ ਕਰਨ ਲਈ ਕਿਹਾ ਸੀ, ਕਿਉਂਕਿ ਇਨ੍ਹਾਂ ਰੈਲੀਆਂ ਨਾਲ ਹਿੰਸਕ ਝੜਪਾਂ ਅਤੇ ਕਾਨੂੰਨ ਵਿਵਸਥਾ ਵਿਗੜਨ ਦੀ ਸੰਭਾਵਨਾ ਹੈ। ਪੀ.ਐੱਮ.ਐੱਲ.-ਐੱਨ. ਦੀ ਲੀਡਰਸ਼ਿਪ ਨੇ ਪਾਰਟੀ ਅਧਿਕਾਰੀਆਂ ਨੂੰ ਇਸ ਰੈਲੀ ਵਿਚ ਵੱਧ ਤੋਂ ਵੱਧ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਰੈਲੀ ਨੂੰ ਸਫ਼ਲ ਬਣਾਇਆ ਜਾ ਸਕੇ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਵਰਕਰਾਂ ਨੂੰ 27 ਮਾਰਚ ਨੂੰ ਵੱਡੀ ਗਿਣਤੀ ਵਿਚ ਡੀ ਚੌਕ ਪਹੁੰਚਣ ਦਾ ਸੱਦਾ ਦਿੱਤਾ ਹੈ।