ਪਾਦਰੀ ਨੇ ਟਰੰਪ ਨੂੰ ਕਿਹਾ- 'ਤੁਸੀਂ ਪਰਮਾਤਮਾ ਦੀਆਂ ਅੱਖਾਂ ਦੇ ਤਾਰੇ, ਫਿਰ ਬਣੋਗੇ ਰਾਸ਼ਟਰਪਤੀ'
Monday, Oct 19, 2020 - 10:33 AM (IST)
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਚੋਣ ਪ੍ਰਚਾਰ ਵਿਚ ਪੂਰੀ ਤਰ੍ਹਾਂ ਰੁੱਝ ਗਏ ਹਨ ਤੇ ਲੋਕਾਂ ਵਿਚ 3 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਟੱਕਰ ਦੇਣ ਲਈ ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਾਈਡੇਨ ਚੋਣ ਮੈਦਾਨ ਵਿਚ ਹਨ।
ਐਤਵਾਰ ਨੂੰ ਟਰੰਪ ਨੇ ਆਪਣੇ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਨੇਵਾਦਾ ਤੋਂ ਕੀਤੀ। ਇਸ ਦੌਰਾਨ ਉਹ ਇਕ ਚਰਚ ਵਿਚ ਗਏ। ਨੇਵਾਦਾ ਵਿਚ ਰੀਪਬਲਿਕਨ ਕਦੇ ਡੈਮੋਕ੍ਰੇਟ ਨੂੰ ਸਖ਼ਤ ਟੱਕਰ ਦਿੰਦੇ ਸਨ ਪਰ 2008 ਤੋਂ ਬਾਅਦ ਇੱਥੇ ਡੈਮੋਕ੍ਰੇਟਿਕ ਪਾਰਟੀ ਦਾ ਕੋਈ ਉਮੀਦਵਾਰ ਜਿੱਤ ਹਾਸਲ ਨਹੀਂ ਕਰ ਸਕਿਆ। ਨੇਵਾਦਾ ਦੇ ਲਾਸ ਵੇਗਾਸ ਦੇ ਚਰਚ ਵਿਚ ਟਰੰਪ ਬਹੁਤ ਗਰਮਜੋਸ਼ੀ ਨਾਲ ਪਾਦਰੀਆਂ ਨੂੰ ਮਿਲੇ। ਪਾਸਟਰ ਡੈਨੀਸ ਗੌਲੇਟ ਨੇ ਚਰਚ ਵਿਚ ਮੌਜੂਦ ਲੋਕਾਂ ਨੂੰ ਕਿਹਾ ਕਿ ਪ੍ਰਭੂ ਨੇ ਉਨ੍ਹਾਂ ਨੂੰ ਦੱਸਿਆ ਕਿ ਟਰੰਪ ਉਨ੍ਹਾਂ ਦੀਆਂ ਅੱਖਾਂ ਦੇ ਤਾਰੇ ਹਨ ਤੇ ਉਹ ਦੂਜੀ ਵਾਰ ਰਾਸ਼ਟਰਪਤੀ ਚੋਣ ਜਿੱਤਣਗੇ। ਪਾਦਰੀ ਨੇ ਕਿਹਾ,"ਸਵੇਰੇ 4.30 ਵਜੇ ਪ੍ਰਭੂ ਨੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਰਾਸ਼ਟਰਪਤੀ ਨੂੰ ਦੂਜੀ ਵਾਰ ਜਿੱਤ ਦੇਣ ਜਾ ਰਿਹਾ ਹਾਂ।" ਉਨ੍ਹਾਂ ਟਰੰਪ ਨੂੰ ਕਿਹਾ ਕਿ ਤੁਸੀਂ ਫਿਰ ਤੋਂ ਰਾਸ਼ਟਰਪਤੀ ਬਣੋਗੇ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਚਰਚ ਜਾਣਾ ਪਸੰਦ ਹੈ ਤੇ ਇੱਥੇ ਆ ਕੇ ਬਹੁਤ ਵਧੀਆ ਲੱਗਾ। ਆਪਣੇ ਵਿਰੋਧੀ ਉਮੀਦਵਾਰ ਜੋਅ ਬਾਈਡੇਨ 'ਤੇ ਹਮਲਾ ਕਰਦਿਆਂ ਕਿਹਾ ਕਿ ਟਰੰਪ ਨੇ ਕਿਹਾ ਕਿ ਸਾਡੇ ਸਾਹਮਣੇ ਕੁਝ ਲੋਕ ਹਨ ਜੋ ਸਾਡੇ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ ਲੋਕ 3 ਨਵੰਬਰ ਨੂੰ ਬਾਹਰ ਨਿਕਲਣ ਤੇ ਆਪਣੀ ਤਾਕਤ ਨੂੰ ਦਿਖਾਉਣ।
ਚਰਚ ਛੱਡਣ ਤੋ ਪਹਿਲਾਂ ਟਰੰਪ ਨੇ 20 ਡਾਲਰ ਦਾ ਇਕ ਨੋਟ ਕੱਢਿਆ ਤੇ ਦਾਨ ਪਾਤਰ ਵਿਚ ਪਾਇਆ। ਓਧਰ, ਜੋਅ ਬਾਈਡੇਨ ਉੱਤਰੀ ਕੈਰੋਲੀਨਾ ਵਿਚ ਇਕ ਚਰਚ ਸਭਾ ਵਿਚ ਸ਼ਾਮਲ ਹੋਏ। ਉੱਤਰੀ ਕੈਰੋਲੀਨਾ ਵਿਚ 2008 ਤੋਂ ਬਾਅਦ ਕੋਈ ਵੀ ਡੈਮੋਕ੍ਰੇਟਿਕ ਉਮੀਦਵਾਰ ਜਿੱਤਿਆ ਨਹੀਂ। ਇਸ ਸੂਬੇ ਲਈ ਬਾਈਡੇਨ ਸਖ਼ਤ ਮਿਹਨਤ ਕਰ ਰਹੇ ਹਨ। ਬਾਈਡੇਨ ਨੇ ਟਵੀਟ ਕਰਕੇ ਕਿਹਾ ਕਿ ਮਾਸਕ ਪਾਓ, ਹੱਥ ਧੋਵੋ ਤੇ ਟਰੰਪ ਨੂੰ ਸੱਤਾ ਵਿਚੋਂ ਬਾਹਰ ਕੱਢੋ।