ਪਾਸਪੋਰਟ ਤੋਂ ਬਿਨਾਂ ਕਰਤਾਰਪੁਰ ''ਚ ਸ਼ਰਧਾਲੂਆਂ ਦੀ ਐਂਟਰੀ ''ਤੇ ਵਿਚਾਰ ਕਰ ਰਿਹੈ ਪਾਕਿਸਤਾਨ

Saturday, Feb 08, 2020 - 06:51 PM (IST)

ਪਾਸਪੋਰਟ ਤੋਂ ਬਿਨਾਂ ਕਰਤਾਰਪੁਰ ''ਚ ਸ਼ਰਧਾਲੂਆਂ ਦੀ ਐਂਟਰੀ ''ਤੇ ਵਿਚਾਰ ਕਰ ਰਿਹੈ ਪਾਕਿਸਤਾਨ

ਇਸਲਾਮਾਬਾਦ(ਆਈ.ਏ.ਐਨ.ਐਸ.)- ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਕਰਤਾਰਪੁਰ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਸਿੱਖ ਸ਼ਰਧਾਲੂਆਂ ਲਈ ਪਾਸਪੋਰਟ ਮੁਕਤ ਐਂਟਰੀ ਦੇ ਪ੍ਰਸਤਾਵ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਕਿ ਵਧੇਰੇ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਆਕਰਸ਼ਤ ਕੀਤਾ ਜਾ ਸਕੇ।

ਐਕਸਪ੍ਰੈਸ ਟ੍ਰਿਬਿਊਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪ੍ਰਸ਼ਨਕਾਲ ਦੌਰਾਨ ਗ੍ਰਹਿ ਮੰਤਰੀ ਇਜਾਜ਼ ਸ਼ਾਹ ਨੇ ਕਿਹਾ ਕਿ ਇਸ ਸਮੇਂ ਕਰਤਾਰਪੁਰ ਵਿਖੇ ਭਾਰਤੀ ਸ਼ਰਧਾਲੂਆਂ ਦੇ ਪਾਸਪੋਰਟ ਮੁਕਤ ਦਾਖਲੇ ਦੀ ਇਜਾਜ਼ਤ ਦੋਵਾਂ ਗੁਆਂਢੀ ਦੇਸ਼ਾਂ ਦਰਮਿਆਨ ਹੋਏ ਸਮਝੌਤੇ ਦੇ ਮੈਮੋਰੰਡਮ ਅਨੁਸਾਰ ਨਹੀਂ ਹੈ। ਹਾਲਾਂਕਿ, ਉਹਨਾਂ ਅੱਗੇ ਕਿਹਾ ਕਿ ਵਧੇਰੇ ਯਾਤਰੀਆਂ ਨੂੰ ਆਕਰਸ਼ਤ ਕਰਨ ਲਈ ਪਾਸਪੋਰਟ ਤੋਂ ਬਿਨਾਂ ਦਾਖਲੇ ਲਈ ਪ੍ਰਸਤਾਵ ਵਿਚਾਰ ਅਧੀਨ ਹੈ, ਜਿਸ ਲਈ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਤੋਂ ਵਿਸਥਾਰਤ ਜਾਣਕਾਰੀ ਮੰਗੀ ਜਾ ਸਕਦੀ ਹੈ।

ਸ਼ਾਹ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਭਾਰਤੀ ਯਾਤਰੀ ਜਾਂ ਵਿਦੇਸ਼ਾਂ ਤੋਂ ਆਉਂਦੇ ਭਾਰਤੀ ਮੂਲ ਦੇ ਸ਼ਰਧਾਲੂ ਆਪਣੇ ਸਿਟੀਜ਼ਨ ਕਾਰਡ ਦੇ ਨਾਲ ਪਾਸਪੋਰਟ ਦਿਖਾਉਣ ਤੋਂ ਬਾਅਦ ਸਵੇਰ ਤੋਂ ਲੈ ਕੇ ਸ਼ਾਮ ਤੱਕ ਗਲਿਆਰੇ ਦਾ ਦੌਰਾ ਕਰ ਸਕਦੇ ਹਨ। ਉਹਨਾਂ ਕਿਹਾ ਕਿ ਇਸ ਵੇਲੇ ਕਾਨੂੰਨ ਵਿਵਸਥਾ ਦੀਆਂ ਏਜੰਸੀਆਂ ਤੇ ਪਾਕਿਸਤਾਨ ਰੇਂਜਰਾਂ (ਪੰਜਾਬ) ਵਲੋਂ ਸਰੀਰਕ ਤੇ ਇਲੈਕਟ੍ਰਾਨਿਕ ਸੁਰੱਖਿਆ ਪ੍ਰਣਾਲੀਆਂ ਰਾਹੀਂ ਭਾਰਤੀ ਯਾਤਰੀਆਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾਂਦੀ ਹੈ। ਯਾਤਰੀਆਂ ਨੂੰ ਗੁਰਦੁਆਰੇ ਤੋਂ ਪਾਕਿਸਤਾਨ ਵਿਚ ਦਾਖਲ ਹੋਣ ਤੋਂ ਰੋਕਣ ਲਈ ਵਿਸ਼ੇਸ਼ ਦਰਵਾਜ਼ਿਆਂ ਦਾ ਪ੍ਰਬੰਧ ਹੈ ਤੇ ਇਸ ਦੌਰਾਨ ਸਖਤੀ ਵਰਤੀ ਜਾਂਦੀ ਹੈ। ਕੋਰੀਡੋਰ ਤੇ ਨੇੜੇ ਦੀਆਂ ਸਾਰੀਆਂ ਗਤੀਵਿਧੀਆਂ ਦੀ ਨਿਗਰਾਨੀ ਕੈਮਰਿਆਂ ਰਾਹੀ ਕੀਤੀ ਜਾਂਦੀ ਹੈ।

ਕਰਤਾਰਪੁਰ ਲਾਂਘਾ, ਜੋ ਪਿਛਲੇ ਸਾਲ ਨਵੰਬਰ ਵਿਚ ਭਾਰਤੀ ਸਰਹੱਦ ਤੋਂ ਪਾਕਿਸਤਾਨ ਦੇ ਅੰਦਰ 4.7 ਕਿਲੋਮੀਟਰ ਦੀ ਦੂਰੀ 'ਤੇ ਕਰਤਾਰਪੁਰ ਵਿਚ ਸਥਿਤ ਗੁਰਦੁਆਰਾ ਸਾਹਿਬ ਨੂੰ ਭਾਰਤੀ ਦਰਬਾਰ ਸਾਹਿਬ ਨਾਲ ਜੋੜਨ ਲਈ ਖੋਲ੍ਹਿਆ ਗਿਆ ਸੀ, ਸਿੱਖ ਸ਼ਰਧਾਲੂਆਂ ਨੂੰ ਬਿਨਾਂ ਵੀਜ਼ਾ ਦੇ ਯਾਤਰਾ ਕਰਨ ਤੇ ਉਸੇ ਦਿਨ ਵਾਪਸ ਆਉਣ ਦੀ ਆਗਿਆ ਦਿੰਦਾ ਹੈ।


author

Baljit Singh

Content Editor

Related News