ਬ੍ਰਿਟੇਨ ''ਚ ਅਗਲੇ ਹਫਤੇ ਸੰਸਦ ਦੀ ਕਾਰਵਾਈ ਸ਼ੁਰੂ, ਸੰਸਦ ਮੈਂਬਰਾਂ ਦੀ ਪਹਿਲਾਂ ਹੋਵੇਗੀ ਜਾਂਚ

04/19/2020 6:51:30 PM

ਲੰਡਨ (ਭਾਸ਼ਾ)- ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ ਲਈ ਲਾਗੂ ਲੌਕਡਾਊ ਵਿਚਾਲੇ ਬ੍ਰਿਟੇਨ ਦੀ ਸੰਸਦ ਵਿਚ ਅਗਲੇ ਹਫਤੇ ਕਾਰਵਾਈ ਸ਼ੁਰੂ ਹੋਵੇਗੀ। ਸੰਸਦ ਦੀ ਕਾਰਵਾਈ ਲਈ ਇਸ ਵਾਰ ਕਈ ਤਰ੍ਹਾਂ ਦੀ ਵਿਵਸਥਾ ਕੀਤੀ ਗਈ ਹੈ। ਸੰਸਦ ਮੈਂਬਰ ਵੀਡੀਓ ਕਾਨਫਰਾਂਸਿੰਗ ਐਪ ਰਾਹੀਂ ਸਦਨ ਦੀ ਕਾਰਵਾਈ ਵਿਚ ਹਿੱਸਾ ਲੈ ਸਕਣਗੇ। ਪਰ ਜੋ ਸੰਸਦ ਮੈਂਬਰ ਸੰਸਦ ਵਿਚ ਜਾ ਕੇ ਕਾਰਵਾਈ ਵਿਚ ਹਿੱਸਾ ਲੈਣਾ ਚਾਹੁਣਗੇ ਪਹਿਲਾਂ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਹਾਊਸ ਆਫ ਕਾਮਨਸ (ਹੇਠਲੇ ਸਦਨ) ਦੇ ਸਪੀਕਰ ਲਿੰਡਸੇ ਹੋਇਲੇ ਨੇ ਪਿਛਲੇ ਹਫਤੇ ਸੰਸਦੀ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਾਅਦ ਵੀਡੀਓ ਕਾਨਫਰਾਂਸਿੰਗ ਲਈ ਜ਼ੂਮ ਐਪ ਦੀ ਵਰਤੋਂ ਦੀ ਮਨਜ਼ੂਰੀ ਦੇ ਦਿੱਤੀ। ਹਾਊਸ ਆਫ ਕਾਮਨਸ ਦੇ 700 ਸਾਲ ਦੇ ਇਤਿਹਾਸ ਵਿਚ ਪਹਿਲੀਵਾਰ ਇਸ ਤਰ੍ਹਾਂ ਦੀ ਮੀਟਿੰਗ ਹੋਵੇਗੀ।

ਸੰਸਦ ਮੈਂਬਰ ਮੰਗਲਵਾਰ ਨੂੰ ਮੀਟਿੰਗ ਦੀ ਇਸ ਵਿਵਸਥਾ ਨੂੰ ਮਨਜ਼ੂਰੀ ਦੇਣਗੇ। ਲੌਕਡਾਊਨ ਦੌਰਾਨ ਸਮਾਜਿਕ ਦੂਰੀ ਦਾ ਸਖਤੀ ਨਾਲ ਪਾਲਨ ਕਰਨ ਲਈ ਕੁਝ ਹੀ ਸੰਸਦ ਮੈਂਬਰਾਂ ਦੇ ਆਪਣੇ ਕਮਰੇ ਵਿਚ ਆਉਣ ਦੀ ਸੰਭਾਵਨਾ ਹੈ। ਸੰਸਦੀ ਕੰਮਕਾਜ ਦੇ ਇੰਚਾਰਜ ਹੋਏਲੇ ਨੇ ਕਿਹਾ ਕਿ ਮੀਟਿੰਗ ਲਈ ਮਿਲੀ-ਜੁਲੀ ਵਿਵਸਥਾ ਦੇ ਤਹਿਤ ਇਸ ਤਰ੍ਹਾਂ ਮੈਂਬਰ ਆਪਣੇ ਭਾਈਚਾਰਿਆਂ ਦੇ ਨੇੜੇ ਰਹਿ ਸਕਣਗੇ। ਨਾਲ ਹੀ ਸਰਕਾਰ ਚਲਾਉਣ ਲਈ ਆਪਣਾ ਮਹੱਤਵਪੂਰਨ ਕੰਮ ਵੀ ਕਰਨਗੇ। ਉਨ੍ਹਾਂ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਮੈਂਬਰ ਅਤੇ ਸਦਨ ਦੇ ਮੁਲਾਜ਼ਮ ਆਪਣੀ ਜਾਨ ਨੂੰ ਖਤਰੇ ਵਿਚ ਪਾਉਣ। ਵੀਡੀਓ ਕਾਨਫਰਾਂਸਿੰਗ ਰਾਹੀਂ ਕੰਮ ਕਰਦੇ ਹੋਏ ਅਸੀਂ ਘਰੋਂ ਹੀ ਕੰਮ ਕਰਨ ਲਈ ਹੁਕਮਾਂ ਦੀ ਪਾਲਣਾ ਕਰ ਰਹੇ ਹਾਂ ਅਤੇ ਲੋਕਾਂ ਦੀ ਜ਼ਿੰਦਗੀ ਬਚਾ ਸਕਦੇ ਹਾਂ।

'ਸੰਡੇ ਟਾਈਮਜ਼' ਮੁਤਾਬਕ ਹੋਇਲੇ ਨੇ ਸੰਸਦ ਮੈਂਬਰਾਂ ਨੂੰ ਬੁਖਾਰ ਦੀ ਜਾਂਚ ਕਰਵਾਉਣ ਦਾ ਸੁਝਾਅ ਦਿੱਤਾ ਹੈ ਕਿਉਂਕਿ ਉਹ ਚਾਹੁੰਦੇ ਹਨ ਕਿ ਪਹਿਲਾਂ ਇਹ ਸਪੱਸ਼ਟ ਹੋ ਜਾਵੇ ਕਿ ਸੰਸਦ ਮੈਂਬਰ ਸਿਹਤਮੰਦ ਹਨ ਜਾਂ ਨਹੀਂ। ਬ੍ਰਿਟੇਨ ਵਿਚ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਕਈ ਸੰਸਦ ਮੈਂਬਰ ਵੀ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਤਰ੍ਹਾਂ ਦੀ ਮੀਟਿੰਗ ਲਈ ਹਾਊਸ ਆਫ ਕਾਮਨਸ ਦੇ ਚੈਂਬਰ ਵਿਚ 8 ਸਕ੍ਰੀਨਾਂ ਲਗਾਈਆਂ ਜਾਣਗੀਆਂ। ਸ਼ੁਰੂਆਤ ਵਿਚ ਕਾਰਵਾਈ ਦੌਰਾਨ ਸਿਰਫ ਜ਼ਰੂਰੀ ਸਵਾਲ ਕੀਤੇ ਜਾਣਗੇ ਅਤੇ ਸਰਕਾਰ ਜਵਾਬ ਦੇਵੇਗੀ। ਇਸੇ ਤਰ੍ਹਾਂ ਵੀਡੀਓ ਕਾਨਫਰਾਂਸਿੰਗ ਰਾਹੀਂ ਹੀ ਵੋਟਿੰਗ ਦੀ ਵੀ ਵਿਵਸਥਾ ਹੋਵੇਗੀ ਤਾਂ ਜੋ ਬਿੱਲਾਂ ਨੂੰ ਪਾਸ ਕੀਤਾ ਜਾ ਸਕੇ। ਹਾਊਸ ਆਫ ਲਾਰਡਸ (ਉੱਚ ਸਦਨ) ਵਿਚ ਵੀ ਅਗਲੇ ਹਫਤੇ ਕਾਰਵਾਈ ਸ਼ੁਰੂ ਹੋਵੇਗੀ। ਪਹਿਲੀ ਵਾਰ ਅਜਿਹਾ ਹੋਵੇਗਾ ਕਿ ਸਦਨ ਵਿਚ ਮੌਜੂਦਗੀ ਤੋਂ ਬਿਨਾਂ ਮੈਂਬਰ ਕਾਰਵਾਈ ਵਿਚ ਹਿੱਸਾ ਲੈ ਸਕਣਗੇ।


Sunny Mehra

Content Editor

Related News