ਸਕਾਟਲੈਂਡ ਦੀ ਪਹਿਲੀ ਸਿੱਖ MSP ਪੈਮ ਗੋਸਲ ਨੇ ਘਰੇਲੂ ਹਿੰਸਾ ਖ਼ਿਲਾਫ਼ ਕੀਤੀ ਇਹ ਪਹਿਲ

Tuesday, Aug 30, 2022 - 11:00 AM (IST)

ਸਕਾਟਲੈਂਡ ਦੀ ਪਹਿਲੀ ਸਿੱਖ MSP ਪੈਮ ਗੋਸਲ ਨੇ ਘਰੇਲੂ ਹਿੰਸਾ ਖ਼ਿਲਾਫ਼ ਕੀਤੀ ਇਹ ਪਹਿਲ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਪੈਮ ਗੋਸਲ ਨੂੰ ਮਈ 2021 ਵਿੱਚ ਸਕਾਟਲੈਂਡ ਦੀ ਧਰਤੀ 'ਤੇ ਪਹਿਲੀ ਸਿੱਖ ਐੱਮ.ਐੱਸ.ਪੀ. ਹੋਣ ਦਾ ਮਾਣ ਹਾਸਲ ਹੋਇਆ ਸੀ। ਇਸ ਮਾਣਮੱਤੀ ਪ੍ਰਾਪਤੀ ਤੋਂ ਬਾਅਦ ਪੈਮ ਗੋਸਲ ਨੇ ਜਿਸ ਸਰਗਰਮੀ ਨਾਲ ਆਪਣੇ ਕਾਰਜ ਅਰੰਭੇ ਹੋਏ ਹਨ, ਉਹ ਕਾਬਿਲ-ਏ-ਗੌਰ ਹਨ। ਹਾਲ ਹੀ ਵਿੱਚ ਉਨ੍ਹਾਂ ਵੱਲੋਂ ਸਕਾਟਿਸ਼ ਪਾਰਲੀਮੈਂਟ ਵਿੱਚ ਘਰੇਲੂ ਹਿੰਸਾ ਖ਼ਿਲਾਫ਼ ਬਿੱਲ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਜੇਕਰ ਇਸ ਬਿੱਲ ਨੂੰ ਕਰਾਸ ਪਾਰਟੀ ਦੀ ਸਹਿਮਤੀ ਪ੍ਰਾਪਤ ਹੁੰਦੀ ਹੈ ਤਾਂ ਜਿਣਸੀ ਸੋਸ਼ਣ ਕਰਨ ਵਾਲਿਆਂ ਖ਼ਿਲਾਫ਼ ਹੁੰਦੀ ਕਾਨੂੰਨੀ ਕਾਰਵਾਈ ਵਾਂਗ ਘਰੇਲੂ ਹਿੰਸਾ ਕਰਨ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਹੋ ਸਕਦੀ ਹੈ। ਪੈਮ ਗੋਸਲ ਵੱਲੋਂ ਪ੍ਰਸਤਾਵਿਤ "ਘਰੇਲੂ ਹਿੰਸਾ ਰੋਕੂ ਬਿੱਲ" ਦੇ ਹੋਂਦ ਵਿੱਚ ਆਉਣ ਨਾਲ ਇਹ ਸਕੂਲੀ ਸਿੱਖਿਆ ਵਿੱਚ ਵੀ ਆਪਣੀ ਬਣਦੀ ਜਗ੍ਹਾ ਬਣਾ ਲਵੇਗਾ। ਇਸ ਸੁਝਾਏ ਗਏ ਬਿੱਲ 'ਤੇ ਹੋਲੀਰੂਡ ਵਿੱਚ ਸਲਾਹ ਮਸ਼ਵਰਿਆਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ।

ਜ਼ਿਕਰਯੋਗ ਹੈ ਕਿ ਪੈਮ ਗੋਸਲ, ਪੱਛਮੀ ਸਕਾਟਲੈਂਡ ਲਈ ਸਕੌਟਿਸ਼ ਕੰਜ਼ਰਵੇਟਿਵ ਐੱਮ.ਐੱਸ.ਪੀ. ਹੈ ਤੇ ਉਹਨਾਂ ਵੱਲੋਂ ਘਰੇਲੂ ਬਦਸਲੂਕੀ ਨੂੰ "ਭਿਆਨਕ ਅਪਰਾਧ" ਵਜੋਂ ਪ੍ਰਭਾਸ਼ਿਤ ਕੀਤਾ ਗਿਆ ਹੈ। ਪੈਮ ਗੋਸਲ ਦਾ ਕਹਿਣਾ ਹੈ ਕਿ ਪੁਲਸ ਸਕਾਟਲੈਂਡ ਦੇ ਅੰਕੜਿਆਂ ਮੁਤਾਬਕ 2020-21 ਵਿੱਚ ਘਰੇਲੂ ਹਿੰਸਾ ਦੇ 65251 ਮਾਮਲੇ ਸਾਹਮਣੇ ਆਏ ਸਨ, ਜਿਹੜੇ ਕਿ ਪਿਛਲੇ ਸਾਲ ਦੇ ਅੰਕੜਿਆਂ ਨਾਲੋਂ 4% ਵੱਧ ਸਨ। ਇੱਥੇ ਹੀ ਬੱਸ ਨਹੀਂ ਸਗੋਂ ਘਰੇਲੂ ਹਿੰਸਾ ਦੀਆਂ ਘਟਨਾਵਾਂ 'ਚ ਪਿਛਲੇ 5 ਸਾਲ ਤੋਂ ਨਿਰੰਤਰ ਵਾਧਾ ਵੀ ਜਾਰੀ ਹੈ। ਇਸ ਭਿਆਨਕ ਅਪਰਾਧ ਵਿੱਚ ਵਾਧਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸਦੀ ਰੋਕਥਾਮ ਲਈ ਇਸ ਕਾਨੂੰਨ ਦਾ ਹੋਂਦ ਵਿੱਚ ਆਉਣਾ ਬੇਹੱਦ ਲਾਜ਼ਮੀ ਹੈ। ਜੇਕਰ ਪੈਮ ਗੋਸਲ ਵੱਲੋਂ ਪ੍ਰਸਤਾਵਿਤ ਬਿੱਲ 'ਤੇ ਸਹਿਮਤੀ ਦਾ ਠੱਪਾ ਲੱਗ ਜਾਂਦਾ ਹੈ ਤਾਂ ਇਹ ਵੀ ਆਪਣੇ-ਆਪ ਵਿੱਚ ਇੱਕ ਇਤਿਹਾਸਕ ਉਪਰਾਲਾ ਹੋਵੇਗਾ, ਜਿਸਦਾ ਸਿਹਰਾ ਰਹਿੰਦੀ ਦੁਨੀਆ ਤੱਕ ਪੈਮ ਗੋਸਲ ਦੇ ਸਿਰ ਰਹੇਗਾ।


author

cherry

Content Editor

Related News