ਫਲਸਤੀਨੀਆਂ ਨੂੰ ਵਾਪਸੀ ਦਾ ਅਧਿਕਾਰ ਨਹੀਂ ਮਿਲੇਗਾ: ਟਰੰਪ
Tuesday, Feb 11, 2025 - 07:04 PM (IST)
![ਫਲਸਤੀਨੀਆਂ ਨੂੰ ਵਾਪਸੀ ਦਾ ਅਧਿਕਾਰ ਨਹੀਂ ਮਿਲੇਗਾ: ਟਰੰਪ](https://static.jagbani.com/multimedia/2025_2image_12_17_359951251trump.jpg)
ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਿਵਾਦਪੂਰਨ ਬਿਆਨ ਵਿੱਚ ਕਿਹਾ ਹੈ ਕਿ ਫਲਸਤੀਨੀਆਂ ਨੂੰ ਗਾਜ਼ਾ ਪੱਟੀ ਤੋਂ ਵਿਸਥਾਪਿਤ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਪਰਤਣ ਦਾ ਅਧਿਕਾਰ ਨਹੀਂ ਹੋਵੇਗਾ। ਟਰੰਪ ਨੇ ਸੋਮਵਾਰ ਨੂੰ ਫੌਕਸ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਗਾਜ਼ਾ ਪੱਟੀ ਦੇ ਪੁਨਰ ਨਿਰਮਾਣ ਤੋਂ ਬਾਅਦ ਫਲਸਤੀਨੀਆਂ ਨੂੰ ਵਾਪਸ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਟਰੰਪ ਦੇ ਇਸ ਬਿਆਨ ਦਾ ਫਲਸਤੀਨੀ ਆਗੂਆਂ ਅਤੇ ਹੋਰ ਦੇਸ਼ਾਂ ਦੇ ਆਗੂਆਂ ਨੇ ਵਿਰੋਧ ਕੀਤਾ ਹੈ।
ਜਾਰਡਨ ਅਤੇ ਮਿਸਰ ਦੇ ਨੇਤਾਵਾਂ ਨੇ ਟਰੰਪ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਉਹ ਆਪਣੇ ਦੇਸ਼ਾਂ ਵਿੱਚ ਫਲਸਤੀਨੀ ਸ਼ਰਨਾਰਥੀਆਂ ਨੂੰ ਸ਼ਰਣ ਦੇਣ ਲਈ ਤਿਆਰ ਨਹੀਂ ਹਨ। ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਗਾਜ਼ਾ ਵਿੱਚ ਰਹਿਣ ਵਾਲੇ ਫਲਸਤੀਨੀ, ਜਿਨ੍ਹਾਂ ਨੂੰ ਐਨਕਲੇਵ ਦੇ ਮੁੜ ਨਿਰਮਾਣ ਲਈ ਜਗ੍ਹਾ ਬਣਾਉਣ ਦੇ ਉਨ੍ਹਾਂ ਦੇ ਪ੍ਰਸਤਾਵ ਤਹਿਤ ਜ਼ਬਰਦਸਤੀ ਵਿਸਥਾਪਿਤ ਜਾਵੇਗਾ, ਨੂੰ "ਵਾਪਸੀ ਦਾ ਅਧਿਕਾਰ" ਹੋਵੇਗਾ, ਤਾਂ ਉਨ੍ਹਾਂ ਨੇ ਕਿਹਾ: "ਨਹੀਂ, ਉਹ ਅਜਿਹਾ ਨਹੀਂ ਕਰਨਗੇ।"
ਰਾਸ਼ਟਰਪਤੀ ਦੀ ਇਹ ਟਿੱਪਣੀ ਉਨ੍ਹਾਂ ਦੇ ਸਹਾਇਕਾਂ ਦੇ ਬਿਆਨਾਂ ਤੋਂ ਉਲਟ ਹੈ, ਜਿਸ ਵਿਚ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕਰਿਨ ਲੇਵਿਟ ਵੀ ਸ਼ਾਮਲ ਹੈ। ਉਨ੍ਹਾਂ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਗਾਜ਼ਾ ਦੇ ਲੋਕਾਂ ਨੂੰ ਸਿਰਫ਼ "ਅਸਥਾਈ ਤੌਰ 'ਤੇ ਤਬਦੀਲ" ਕੀਤਾ ਜਾਵੇਗਾ। ਅਮਰੀਕੀ ਵਿਦੇਸ਼ ਮੰਤਰੀ ਮਾਰਕੋਸ ਰੂਬੀਓ ਨੇ ਵੀ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ: "ਜਦੋਂ ਗਾਜ਼ਾ ਦਾ ਪੂਨਰ-ਨਿਰਮਾਣ ਹੋ ਰਿਹਾ ਹੈ, ਉਦੋਂ ਤੱਕ ਲੋਕਾਂ ਨੂੰ ਕਿਤੇ ਹੋਰ ਰਹਿਣਾ ਪਵੇਗਾ।" ਇਹ ਪੁੱਛੇ ਜਾਣ 'ਤੇ ਕਿ ਗਾਜ਼ਾ ਦੇ ਲਗਭਗ 20 ਲੱਖ ਲੋਕ ਕਿੱਥੇ ਜਾਣਗੇ, ਟਰੰਪ ਨੇ ਕਿਹਾ: "ਮੈਨੂੰ ਲੱਗਦਾ ਹੈ ਕਿ ਮੈਂ ਜਾਰਡਨ ਅਤੇ ਮਿਸਰ ਨਾਲ ਇੱਕ ਸਮਝੌਤਾ ਕਰ ਸਕਦਾ ਹਾਂ।"
ਜਾਰਡਨ ਅਤੇ ਮਿਸਰ ਫਲਸਤੀਨ ਦੇ ਗੁਆਂਢੀ ਦੇਸ਼ ਹਨ। ਟਰੰਪ ਨੇ ਖੁੱਲ੍ਹ ਕੇ ਦੋਵਾਂ ਦੇਸ਼ਾਂ ਨੂੰ ਗਾਜ਼ਾ ਦੇ ਫਲਸਤੀਨੀਆਂ ਨੂੰ ਪਨਾਹ ਦੇਣ ਦੀ ਅਪੀਲ ਕੀਤੀ ਹੈ। ਰਾਸ਼ਟਰਪਤੀ ਨੇ ਕੱਲ੍ਹ ਆਪਣੇ ਓਵਲ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਜੇਕਰ ਇਹ ਦੇਸ਼ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਨ ਤੋਂ ਇਨਕਾਰ ਕਰਦੇ ਹਨ, ਤਾਂ ਉਹ "ਸੰਭਾਵਤ ਤੌਰ 'ਤੇ ਉਨ੍ਹਾਂ ਨੂੰ ਸਹਾਇਤਾ ਰੋਕ ਸਕਦੇ ਹਨ।" ਹੁਣ ਤੱਕ, ਜਾਰਡਨ ਅਤੇ ਮਿਸਰ ਦੇ ਨੇਤਾ, ਜੋ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਫਲਸਤੀਨੀ ਸ਼ਰਨਾਰਥੀਆਂ ਨੂੰ ਸ਼ਰਣ ਦੇ ਚੁੱਕੇ ਹਨ, ਨੇ ਟਰੰਪ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ।