ਫਿਲਸਤੀਨੀ ਆਗੂਆਂ ਨੂੰ ਚੁਣ-ਚੁਣ ਕੇ ਮਾਰਨਾ ਚਾਹੀਦੈ: ਇਜ਼ਰਾਈਲੀ ਮੰਤਰੀ
Wednesday, Nov 19, 2025 - 02:44 AM (IST)
ਤੇਲ ਅਵੀਵ – ਇਜ਼ਰਾਈਲ ਦੇ ਸੁਰੱਖਿਆ ਮੰਤਰੀ ਇਤਾਮਾਰ ਬੇਨ-ਗਵੀਰ ਨੇ ਕਿਹਾ ਕਿ ਫਿਲਸਤੀਨ ਨੂੰ ਮਾਨਤਾ ਮਿਲਣ ’ਤੇ ਉੱਥੋਂ ਦੇ ਸੀਨੀਅਰ ਅਧਿਕਾਰੀਆਂ ਨੂੰ ਚੁਣ-ਚੁਣ ਕੇ (ਟਾਰਗੈੱਟ ਕਿਲਿੰਗ) ਮਾਰਿਆ ਜਾਣਾ ਚਾਹੀਦਾ ਹੈ। ਸੰਸਦ ਵਿਚ ਬੋਲਦੇ ਹੋਏ ਗਵੀਰ ਨੇ ਕਿਹਾ ਕਿ ਜੇਕਰ ਸੰਯੁਕਤ ਰਾਸ਼ਟਰ ਇਕ ਫਿਲਸਤੀਨੀ ਰਾਜ ਨੂੰ ਮਾਨਤਾ ਦੇਣ ਦੀ ਹਿੰਮਤ ਕਰਦਾ ਹੈ ਤਾਂ ਨੇਤਨਯਾਹੂ ਫਿਲਸਤੀਨੀ ਅਥਾਰਟੀ ਦੇ ਪ੍ਰਧਾਨ ਮਹਿਮੂਦ ਅੱਬਾਸ ਨੂੰ ਗ੍ਰਿਫਤਾਰ ਕਰ ਅਤੇ ਉਸ ਨੂੰ ਕਾਲ-ਕੋਠੜੀ ਵਿਚ ਸੁੱਟ ਦੇਣ। ਉਨ੍ਹਾਂ ਨੇਤਨਯਾਹੂ ਤੋਂ ਮੰਗ ਕੀਤੀ ਕਿ ਉਹ ਐਲਾਨ ਕਰਨ ਕਿ ਮਹਿਮੂਦ ਅੱਬਾਸ ਨੂੰ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਜੇਕਰ ਸੰਯੁਕਤ ਰਾਸ਼ਟਰ ਇਸ ਨੂੰ ਮਾਨਤਾ ਦਿੰਦਾ ਹੈ ਤਾਂ ਤੁਹਾਨੂੰ ਦਿਖਾਉਣਾ ਪਵੇਗਾ ਕਿ ਤੁਸੀਂ ਮਹਿਮੂਦ ਅੱਬਾਸ ਨੂੰ ਗ੍ਰਿਫਤਾਰ ਕਰਨ ਲਈ ਤਿਆਰ ਹੋ।
ਸੰਯੁਕਤ ਰਾਸ਼ਟਰ ਨੇ ਗਾਜ਼ਾ ਲਈ ਟਰੰਪ ਪ੍ਰਸ਼ਾਸਨ ਦੇ ਬਲੂਪ੍ਰਿੰਟ ਨੂੰ ਦਿੱਤੀ ਮਨਜ਼ੂਰੀ
ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਨੂੰ ਗਾਜ਼ਾ ਦੀ ਸੁਰੱਖਿਆ ਅਤੇ ਸ਼ਾਸਨ ਲਈ ਟਰੰਪ ਪ੍ਰਸ਼ਾਸਨ ਦੇ ਬਲੂਪ੍ਰਿੰਟ ਨੂੰ ਸੰਯੁਕਤ ਰਾਸ਼ਟਰ ਦੀ ਪ੍ਰਵਾਨਗੀ ਦੀ ਸ਼ਲਾਘਾ ਕੀਤੀ, ਜਦੋਂ ਕਿ ਹਮਾਸ ਨੇ ਯੋਜਨਾ ਨੂੰ ਰੱਦ ਕਰ ਦਿੱਤਾ ਅਤੇ ਇਸ ਨੂੰ ਵਿਦੇਸ਼ੀ ਕੰਟਰੋਲ ਥੋਪਣ ਦੀ ਕੋਸ਼ਿਸ਼ ਕਿਹਾ।
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਪਾਸ ਕੀਤਾ ਗਿਆ ਮਤਾ ਯੁੱਧ ਪ੍ਰਭਾਵਿਤ ਗਾਜ਼ਾ ਵਿਚ ਸੁਰੱਖਿਆ ਪ੍ਰਦਾਨ ਕਰਨ ਲਈ ਇਕ ਅੰਤਰਰਾਸ਼ਟਰੀ ਫੋਰਸ ਦੀ ਮੌਜੂਦਗੀ ਨੂੰ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿਗਰਾਨੀ ਹੇਠ ਪੀਸ ਬੋਰਡ ਨਾਂ ਦੀ ਇਕ ਅਸਥਾਈ ਅਥਾਰਟੀ ਨੂੰ ਮਨਜ਼ੂਰੀ ਦਿੰਦਾ ਹੈ ਅਤੇ ਇਕ ਸੁਤੰਤਰ ਫਿਲਸਤੀਨ ਲਈ ਇਕ ਸੰਭਾਵੀ ਭਵਿੱਖ ਦੀ ਕਲਪਨਾ ਕਰਦਾ ਹੈ।
