PAK ’ਚ ਕੋਰੋਨਾ ਦੀਆਂ ਪਾਬੰਦੀਆਂ ਦੀ ਰਿਪੋਰਟਿੰਗ ਕਰ ਰਹੇ ਪੱਤਰਕਾਰਾਂ ਨੂੰ ਪੁਲਸ ਨੇ ਕੁੱਟਿਆ
Wednesday, May 26, 2021 - 03:45 PM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਸਿੰਧ ਸੂਬੇ ’ਚ ਕੋਰੋਨਾ ਵਾਇਰਸ ’ਤੇ ਰੋਕ ਲਾਉਣ ਲਈ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਦੀ ਰਿਪੋਰਟਿੰਗ ਕਰ ਰਹੇ ਪੱਤਰਕਾਰਾਂ ਨੂੰ ਪੁਲਸ ਵੱਲੋਂ ਜੰਮ ਕੇ ਕੁੱਟਣ ਦਾ ਮਾਮਲਾ ਸਾਹਮਣੇ ਆਉਣ ’ਤੇ ਹੰਗਾਮਾ ਹੋ ਗਿਆ ਹੈ। ਘਟਨਾ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਕਿ ਕੁੱਟਮਾਰ ’ਚ ਸ਼ਾਮਲ 4 ਪੁਲਸ ਕਰਮਚਾਰੀਆਂ ’ਤੇ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਪੱਤਰਕਾਰ ਸੰਗਠਨਾਂ ਨੇ ਪੁਲਸ ਦੀ ਇਸ ਕਥਿਤ ਜ਼ਿਆਦਤੀ ਖ਼ਿਲਾਫ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।
ਸਥਾਨਕ ਮੀਡੀਆ ਰਿਪੋਰਟ ਮੁਤਾਬਕ ਸਿੰਧ ਸਰਕਾਰ ਨੇ ਸੂਬੇ ਦੇ ਕਈ ਸ਼ਹਿਰਾਂ ’ਚ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਹਨ। ਇਨ੍ਹਾਂ ਪਾਬੰਦੀਆਂ ਦੇ ਲਾਗੂ ਹੋਣ ਤੋਂ ਬਾਅਦ ਪੱਤਰਕਾਰ ਰਿਪੋਰਟਿੰਗ ਲਈ ਇਕੱਠੇ ਹੋਏ ਸਨ। ਪੱਤਰਕਾਰਾਂ ਨੂੰ ਜੰਮ ਕੇ ਕੁੱਟਣ ਦੀ ਘਟਨਾ ਕਰਾਚੀ ਦੇ ਪੂਰਬੀ ਤੇ ਪੱਛਮੀ ਜ਼ਿਲ੍ਹੇ ’ਚ ਸਾਹਮਣੇ ਆਈ ਹੈ। ਰਿਪੋਰਟ ਦੇ ਮੁਤਾਬਕ ਇਥੇ ਇਕ ਵਾਇਰ ਏਜੰਸੀ ਦੇ ਸੀਨੀਅਰ ਫੋਟੋ ਜਰਨਲਿਸਟ ਤੇ ਇਕ ਹੋਰ ਪ੍ਰਾਈਵੇਟ ਨਿਊਜ਼ ਚੈਨਲ ਦੇ ਸੀਨੀਅਰ ਰਿਪੋਰਟਰ ਨਾਲ ਪੁਲਸ ਨੇ ਬਦਸਲੂਕੀ ਕੀਤੀ।
ਅੰਤਰਰਾਸ਼ਟਰੀ ਵਾਇਰ ਏਜੰਸੀ ਦੇ ਲਈ ਕੰਮ ਕਰਨ ਵਾਲੇ ਪੱਤਰਕਾਰ ਫਰੀਦ ਖਾਨ ਦਾ ਦੋਸ਼ ਹੈ ਕਿ ਪੁਲਸ ਅਧਿਕਾਰੀਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਹੈ। ਪੱਤਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਾਲ ਇਹ ਘਟਨਾ ਉਦੋਂ ਵਾਪਰੀ, ਜਦੋਂ ਉਨ੍ਹਾਂ ਨੇ ਖੁਦ ਦੇ ਪੱਤਰਕਾਰ ਹੋਣ ਬਾਰੇ ਦੱਸਿਆ ਤੇ ਪੁਲਸ ਅਧਿਕਾਰੀਆਂ ਨੂੰ ਆਪਣਾ ਮੀਡੀਆ ਆਈ ਕਾਰਡ ਤੇ ਕੈਮਰਾ ਦਿਖਾਇਆ। ਰਿਪੋਰਟ ਦੇ ਮੁਤਾਬਕ ਫਰੀਦ ਨੇ ਕਿਹਾ ਕਿ ਪੁਲਸ ਕਰਮਚਾਰੀਆਂ ਨੇ ਮੈਨੂੰ ਵਾਹਨ ’ਚ ਬਿਠਾਇਆ ਤੇ ਫਿਰ ਅੱਧੇ ਘੰਟੇ ਤਕ ਸੜਕ ’ਤੇ ਘੁੰਮਦੇ ਰਹੇ। ਇਸ ਦੌਰਾਨ ਉਨ੍ਹਾਂ ਨੇ ਮੇਰੇ ਨਾਲ ਬਦਸਲੂਕੀ ਕੀਤੀ। ਉਹ ਮੈਨੂੰ ਪੁਲਸ ਸਟੇਸ਼ਨ ਲੈ ਗਏ ਤੇ ਨਾਜਾਇਜ਼ ਹਿਰਾਸਤ ’ਚ ਰੱਖਿਆ। ਖਾਨ ਦਾ ਕਹਿਣਾ ਹੈ ਕਿ ਇਕ ਸੀਨੀਅਰ ਪੁਲਸ ਅਧਿਕਾਰੀ ਦੀ ਮੌਜੂਦਗੀ ’ਚ ਵੀ ਉਨ੍ਹਾਂ ਨੂੰ ਕੁੱਟਿਆ ਗਿਆ। ਜ਼ਿਕਰਯੋਗ ਹੈ ਕਿ ਸਰਕਾਰ ਨੇ ਆਪਣੇ ਨਵੇਂ ਦਿਸ਼ਾ-ਨਿਰਦੇਸ਼ਾਂ ’ਚ ਪੁਲਸ ਨੂੰ ਕੋਈ ਨਿਰਦੇਸ਼ ਜਾਰੀ ਨਹੀਂ ਕੀਤਾ ਹੈ।