1971 ਦੀ ਜੰਗ ਤੋਂ ਬਾਅਦ ਪਹਿਲੀ ਵਾਰ ਬੰਗਲਾਦੇਸ਼ ਪਹੁੰਚਿਆ ਪਾਕਿਸਤਾਨੀ ਵਾਰਸ਼ਿਪ
Monday, Nov 10, 2025 - 10:15 AM (IST)
ਢਾਕਾ(ਇੰਟ.)- 1971 ਦੀ ਜੰਗ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਦਾ ਇਕ ਜੰਗੀ ਜਹਾਜ਼ ਬੰਗਲਾਦੇਸ਼ ਪਹੁੰਚਿਆ ਹੈ। ਸ਼ਨੀਵਾਰ ਨੂੰ ਪਾਕਿਸਤਾਨੀ ਵਾਰਸ਼ਿਪ ਪੀ. ਐੱਨ. ਐੱਸ. ਸੈਫ਼ ਬੰਗਾਲ ਦੀ ਖਾੜੀ ਤੋਂ ਹੁੰਦੇ ਹੋਏ ਚਟਗਾਂਓ ਦੀ ਬੰਦਰਗਾਹ ਪਹੁੰਚਿਆ। ਇਹ ਜਹਾਜ਼ ਚਾਰ ਦਿਨ ਦੀ ਸਦਭਾਵਨਾ ਯਾਤਰਾ (ਗੁੱਡਵਿਲ ਵਿਜ਼ਿਟ) ’ਤੇ ਹੈ, ਜਿਸਦਾ ਮਕਸਦ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨਾ ਦੱਸਿਆ ਗਿਆ ਹੈ।
ਬੰਗਲਾਦੇਸ਼ ਦੀ ਸਮੁੰਦਰੀ ਫੌਜ ਮੁਤਾਬਕ ਇਸ ਜਹਾਜ਼ ਦੀ ਕਮਾਂਡ ਕੈਪਟਨ ਸ਼ੁਜਾਤ ਅੱਬਾਸ ਰਾਜਾ ਕੋਲ ਹੈ। ਚਟਗਾਂਓ ਪਹੁੰਚਣ ਤੋਂ ਪਹਿਲਾਂ ਬੰਗਲਾਦੇਸ਼ੀ ਸਮੁੰਦਰੀ ਫੌਜ ਦੇ ਜਹਾਜ਼ ਬੀ. ਐੱਸ. ਐੱਸ. ਸ਼ਾਧੀਨੋਤਾ ਨੇ ਸਮੁੰਦਰ ’ਚ ਹੀ ਪਾਕਿਸਤਾਨੀ ਜਹਾਜ਼ ਨੂੰ ਰਸਮੀ ਸਲਾਮੀ ਦਿੱਤੀ ਅਤੇ ਬੰਦਰਗਾਹ ਤੱਕ ਐਸਕਾਰਟ ਕੀਤਾ। ਯਾਤਰਾ ਦੌਰਾਨ ਦੋਵਾਂ ਦੇਸ਼ਾਂ ਦੀਆਂ ਸਮੁੰਦਰੀ ਫੌਜਾਂ ਦੇ ਅਧਿਕਾਰੀ ਆਪਸੀ ਮੁਲਾਕਾਤ ਕਰਨਗੇ ਅਤੇ ਸਹਿਯੋਗ ਦੇ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕਰਨਗੇ। ਇਹ ਯਾਤਰਾ 12 ਨਵੰਬਰ ਨੂੰ ਖਤਮ ਹੋਵੇਗੀ।
2024 ਦੇ ਅਗਸਤ ’ਚ ਸ਼ੇਖ ਹਸੀਨਾ ਸਰਕਾਰ ਦੇ ਪਤਨ ਤੋਂ ਬਾਅਦ ਪਾਕਿਸਤਾਨ ਉਨ੍ਹਾਂ ਸ਼ੁਰੂਆਤੀ ਦੇਸ਼ਾਂ ’ਚੋਂ ਇਕ ਸੀ, ਜਿਸ ਨੇ ਮੁਹੰਮਦ ਯੂਨਸ ਦੀ ਅੰਤਰਿਮ ਸਰਕਾਰ ਦਾ ਸਵਾਗਤ ਕੀਤਾ ਸੀ। ਇਸ ਤੋਂ ਬਾਅਦ ਢਾਕਾ ਅਤੇ ਇਸਲਾਮਾਬਾਦ ਦੇ ਰਿਸ਼ਤੇ ਲਗਾਤਾਰ ਬਿਹਤਰ ਹੋ ਰਹੇ ਹਨ, ਜਦਕਿ ਭਾਰਤ ਅਤੇ ਬੰਗਲਾਦੇਸ਼ ਦੇ ਸਬੰਧਾਂ ’ਚ ਹਾਲ ਦੇ ਮਹੀਨਿਆਂ ’ਚ ਤਣਾਅ ਵਧਿਆ ਹੈ।
