ਪਾਕਿਸਤਾਨੀ ਜਲ ਸੈਨਾ ਨੇ ਐਂਟੀ-ਸ਼ਿਪ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਪ੍ਰੀਖਣ
Wednesday, Nov 26, 2025 - 05:21 PM (IST)
ਕਰਾਚੀ- ਪਾਕਿਸਤਾਨੀ ਜਲ ਸੈਨਾ ਨੇ ਇਕ ਸਵਦੇਸ਼ੀ ਵਿਕਸਿਤ ਐਂਟੀ-ਸ਼ਿਪ ਬੈਲਿਸਟਿਕ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਹੈ। ਇਹ ਮਿਜ਼ਾਈਲ ਸਮੁੰਦਰ ਅਤੇ ਧਰਤੀ, ਦੋਵੇਂ ਥਾਵਾਂ 'ਤੇ ਟੀਚਿਆਂ ਨੂੰ ਨਿਸ਼ਾਨਾ ਬਣਾਉਣ 'ਚ ਸਮਰੱਥ ਹੈ। ਫ਼ੌਜ ਨੇ ਇਹ ਜਾਣਕਾਰੀ ਦਿੱਤੀ। 'ਇੰਟਰ-ਸਰਵਿਸੇਜ਼ ਪਬਲਿਕ ਰਿਲੇਸ਼ਨਜ਼' (ਆਈਐੱਸਪੀਆਰ) ਵਲੋਂ ਜਾਰੀ ਇਕ ਬਿਆਨ ਅਨੁਸਾਰ, ਇਹ ਪ੍ਰੀਖਣ ਮੰਗਲਵਾਰ ਨੂੰ 'ਸਥਾਨਕ ਪੱਧਰ 'ਤੇ ਨਿਰਮਿਤ ਜਲ ਸੈਨਾ ਪਲੇਟਫਾਰਮ ਤੋਂ ਕੀਤਾ ਗਿਆ, ਜਿਸ ਨਾਲ ਦੇਸ਼ ਦੀ ਰੱਖਿਆ ਸਮਰੱਥਾਵਾਂ ਵਧੀਆਂ ਹਨ।'' ਆਈਐੱਸਪੀਆਰ ਨੇ ਕਿਹਾ ਕਿ ਇਹ ਮਿਜ਼ਾਈਲ ਸਮੁੰਦਰ ਅਤੇ ਜ਼ਮੀਨ, ਦੋਵੇਂ ਥਾਵਾਂ 'ਤੇ ਕਾਫ਼ੀ ਸਟੀਕਤਾ ਨਾਲ ਹਮਲਾ ਕਰਨ 'ਚ ਸਮਰੱਥ ਹੈ। ਨਾਲ ਹੀ, ਇਹ ਉੱਨਤ ਤਕਨੀਕ ਨਾਲ ਲੈੱਸ ਹੈ।
ਪਾਕਿਸਤਾਨੀ ਜਲ ਸੈਨਾ ਦੇ ਇਕ ਬੁਲਾਰੇ ਨੇ ਕਿਹਾ ਕਿ ਇਹ ਸਫ਼ਲ ਪ੍ਰੀਖਣ ਦੇਸ਼ ਦੀ ਵਧਦੀ ਤਕਨਾਲੋਜੀ ਮਾਹਿਰਤਾ ਨੂੰ ਦਰਸਾਉਂਦਾ ਹੈ ਅਤੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਜਲ ਸੈਨਾ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ, ਪ੍ਰਧਆ ਣਂਥੜਈ ਸ਼ਹਿਬਾਜ਼ ਸ਼ਰੀਫ 'ਜੁਆਇੰਟ ਚੀਫ਼ਜ਼ ਆਫ਼ ਸਟਾਫ਼ ਕਮੇਟੀ' ਦੇ ਚੇਅਰਮੈਨ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਅਤੇ ਫ਼ੌਜ ਦੇ ਤਿੰਨਾਂ ਅੰਗਾਂ ਦੇ ਮੁਖੀਆਂ ਨੇ ਇਸ ਉਪਲੱਬਧੀ 'ਚ ਸ਼ਾਮਲ ਸਾਰੀਆਂ ਇਕਾਈਆਂ, ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਵਧਾਈ ਦਿੱਤੀ। ਭਾਰਤ ਨਾਲ ਮਈ 'ਚ ਹੋਈ ਫ਼ੌਜ ਸੰਘਰਸ਼ ਦੇ ਬਾਅਦ ਤੋਂ ਪਾਕਿਸਤਾਨ ਆਪਣੀ ਰੱਖਿਆ ਸਮਰੱਥਾਵਾਂ ਨੂੰ ਵਧਾਉਣ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਅਤੇ ਸਤੰਬਰ 'ਚ ਪਾਕਿਸਤਾਨੀ ਫ਼ੌਜ ਨੇ ਆਪਣੀ ਨਵੀਂ ਵਿਕਸਿਤ ਫਤਿਹ-4 ਦਾ ਸਿਖਲਾਈ ਪ੍ਰੀਖਣ ਕੀਤਾ, ਜੋ ਜ਼ਮੀਨ ਤੋਂ ਜ਼ਮੀਨ 'ਤੇ 750 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰਨ ਵਾਲੀ ਕਰੂਜ਼ ਮਿਜ਼ਾਈਲ ਹੈ।
