''ਮੈਨੂੰ ਕਾਫਿਰ ਕਿਹਾ ਜਾਂਦਾ ਹੈ...'', ਪਾਕਿ ਸੰਸਦ 'ਚ ਹਿੰਦੂ ਸੈਨੇਟਰ ਦਿਨੇਸ਼ ਕੁਮਾਰ ਦਾ ਛਲਕਿਆ ਦਰਦ
Tuesday, Nov 11, 2025 - 11:48 AM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਪਾਕਿਸਤਾਨ ’ਚ ਹਿੰਦੂਆਂ ਦੀ ਦੁਰਦਸ਼ਾ ਕਿਸੇ ਤੋਂ ਲੁਕੀ ਨਹੀਂ ਹੈ। ਪਾਕਿਸਤਾਨ ’ਚ ਹਿੰਦੂਆਂ ਨੂੰ ਦੂਜੇ ਦਰਜੇ ਦਾ ਨਾਗਰਿਕ ਮੰਨਿਆ ਜਾਂਦਾ ਹੈ। ਹਿੰਦੂਆਂ ਨੂੰ ਸੰਵਿਧਾਨ ਨੇ ਨਾ ਤਾਂ ਪ੍ਰਧਾਨ ਮੰਤਰੀ ਤੇ ਨਾ ਹੀ ਰਾਸ਼ਟਰਪਤੀ ਬਣਨ ਦਾ ਅਧਿਕਾਰ ਦਿੱਤਾ ਹੋਇਆ ਹੈ। ਉਥੇ ਹੀ, ਪਾਕਿਸਤਾਨ ’ਚ ਹੁਣ 2 ਫੀਸਦੀ ਤੋਂ ਵੀ ਘੱਟ ਹਿੰਦੂ ਬਚੇ ਹਨ। ਜ਼ਿਆਦਾਤਰ ਹਿੰਦੂਆਂ ਨੂੰ ਜ਼ਬਰਦਸਤੀ ਧਰਮ ਤਬਦੀਲੀ ਕਰਵਾ ਕੇ ਮੁਸਲਮਾਨ ਬਣਾ ਦਿੱਤਾ ਗਿਆ ਹੈ ਅਤੇ ਹਰ ਕਦਮ ’ਤੇ ਉਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ।
ਇਨ੍ਹਾਂ ਗੱਲਾਂ ਨੂੰ ਲੈ ਕੇ ਪਾਕਿਸਤਾਨ ਦੇ ਸੈਨੇਟਰ ਦਿਨੇਸ਼ ਕੁਮਾਰ ਦਾ ਪਾਕਿਸਤਾਨ ਦੀ ਸੰਸਦ ’ਚ ਦਰਦ ਛਲਕਿਆ ਹੈ। ਦਿਨੇਸ਼ ਕੁਮਾਰ ਬਲੋਚਿਸਤਾਨ ਤੋਂ ਸੰਸਦ ਮੈਂਬਰ ਹਨ ਅਤੇ ਉਹ ਬਲੋਚਿਸਤਾਨ ਆਵਾਮੀ ਪਾਰਟੀ ਤੋਂ ਸੈਨੇਟਰ ਹਨ। ਉਨ੍ਹਾਂ ਨੇ ਪਾਕਿਸਤਾਨੀ ਸੰਸਦ ’ਚ ਕਾਫਿਰ ਕਹੇ ਜਾਣ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਤੁਸੀਂ ਲੋਕ ਧਰਮਾਂ ਤੋਂ ਕਿਉਂ ਤੋਲਦੇ ਹੋ? ਮੈਂ ਹਿੰਦੂ ਹਾਂ, ਮੈਨੂੰ ਕਾਫਿਰ ਕਿਉਂ ਕਿਹਾ ਜਾਂਦਾ ਹੈ, ਇਸ ਗੱਲ ਨੂੰ ਪਾਕਿਸਤਾਨ ਦੇ ਸੰਵਿਧਾਨ ’ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
